ਨਵੀਂ ਦਿੱਲੀ-ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਊਰਜਾ ਕੰਪਨੀ ਬਣ ਗਈ ਹੈ। ਰਿਲਾਇੰਸ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਮਾਮਲੇ 'ਚ 5 ਸਥਾਨਾਂ ਦੀ ਛਲਾਂਗ ਲਾਈ ਹੈ। ਉਸ ਤੋਂ ਅੱਗੇ ਰੂਸ ਦੀ ਗੈਸ ਫਰਮ ਗੇਜ਼ਪ੍ਰਾਮ ਅਤੇ ਜਰਮਨੀ ਦੀ ਈ. ਆਨ ਹਨ। ਪਲੈਟਸ ਦੀ ਟਾਪ-250 ਗਲੋਬਲ ਐਨਰਜੀ ਕੰਪਨੀ ਰੈਂਕਿਗ ਮੁਤਾਬਕ ਸਰਕਾਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਸੂਚੀ 'ਚ ਟਾਪ-10 'ਚ ਸਥਾਨ ਬਣਾਉਣ 'ਚ ਕਾਮਯਾਬ ਰਹੀ। ਇੰਡੀਅਨ ਆਇਲ ਨੂੰ 7ਵਾਂ ਸਥਾਨ ਮਿਲਿਆ ਹੈ। 2016 'ਚ ਉਹ 14ਵੇਂ ਅਤੇ 2015 'ਚ 66ਵੇਂ ਸਥਾਨ 'ਤੇ ਸੀ। ਆਇਲ ਐਂਡ ਨੈਚੁਰਲ ਗੈਸ ਕਾਰਪ. (ਓ. ਐੱਨ. ਜੀ. ਸੀ.) ਨੂੰ 2017 ਦੀ ਸੂਚੀ 'ਚ 11ਵਾਂ ਸਥਾਨ ਮਿਲਿਆ ਹੈ ਜਦੋਂ ਕਿ 2016 'ਚ ਇਹ 20ਵੇਂ ਸਥਾਨ 'ਤੇ ਸੀ। ਪਲੈਟਸ ਨੇ ਆਪਣੇ ਬਿਆਨ 'ਚ ਕਿਹਾ ਕਿ ਊਰਜਾ ਖੇਤਰ ਨਾਲ ਜੁੜੀਆਂ 14 ਭਾਰਤੀ ਕੰਪਨੀਆਂ ਐੱਸ. ਐਂਡ ਪੀ. ਗਲੋਬਲ ਪਲੈਟਸ ਟਾਪ-250 ਐਨਰਜੀ ਕੰਪਨੀ ਰੈਂਕਿੰਗ 'ਚ ਸਥਾਨ ਪਾਉਣ 'ਚ ਕਾਮਯਾਬ ਰਹੀਆਂ ਹਨ, ਜੋ ਪਿਛਲੀ ਵਾਰ ਦੇ ਮੁਕਾਬਲੇ ਇਕ ਘੱਟ ਹੈ।
ਦੁਨੀਆ ਦੀ ਸਭ ਤੋਂ ਵੱਡੀ ਤੇਲ ਰਿਫਾਈਨਰੀ ਦਾ ਮਾਲਿਕਾਨਾ ਹੱਕ ਰੱਖਣ ਵਾਲੀ ਰਿਲਾਇੰਸ ਨੂੰ ਪਿਛਲੇ ਸਾਲ ਇਸ ਸੂਚੀ 'ਚ 8ਵਾਂ ਸਥਾਨ ਪ੍ਰਾਪਤ ਹੋਇਆ ਸੀ। ਕੋਲ ਇੰਡੀਆ ਲਿਮਟਿਡ ਇਕ-ਮਾਤਰ ਅਜਿਹੀ ਭਾਰਤੀ ਕੰਪਨੀ ਹੈ, ਜਿਸ ਦੀ ਰੈਂਕਿੰਗ 'ਚ ਗਿਰਾਵਟ ਆਈ ਹੈ। ਸਾਲ 2017 'ਚ ਕੋਲ ਇੰਡੀਆ ਨੂੰ 45ਵਾਂ ਸਥਾਨ ਮਿਲਿਆ ਹੈ ਜਦੋਂ ਕਿ 2016 'ਚ ਉਹ 38ਵੇਂ ਸਥਾਨ 'ਤੇ ਕਾਬਿਜ਼ ਸੀ। ਰੈਂਕਿੰਗ 'ਚ ਸ਼ਾਮਲ ਹੋਰ ਕੰਪਨੀਆਂ 'ਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (39), ਹਿੰਦੁਸਤਾਨ ਪੈਟਰੋਲੀਅਮ (48), ਪਾਵਰ ਗਰਿੱਡ ਕਾਰਪ. (81) ਅਤੇ ਗੇਲ ਇੰਡੀਆ (106) ਹਨ।
ਖ਼ਰਾਬ ਮੀਟਰ 'ਤੇ ਭੇਜਿਆ ਜ਼ਿਆਦਾ ਬਿੱਲ, ਬਿਜਲੀ ਨਿਗਮ ਨੂੰ 25,000 ਰੁਪਏ ਜੁਰਮਾਨਾ
NEXT STORY