ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਲੱਖਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਲੇਬਰ ਬਿਊਰੋ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਜੁਲਾਈ 2026 ਤੋਂ ਲਾਗੂ ਹੋਣ ਵਾਲੇ ਮਹਿੰਗਾਈ ਭੱਤੇ (DA) ਵਿੱਚ 3 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ।
ਮਹਿੰਗਾਈ ਭੱਤੇ ਦੀ ਗਣਨਾ ਲਈ ਅਹਿਮ ਮੰਨੇ ਜਾਣ ਵਾਲੇ 'ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ' (AICPI-IW) ਦੇ ਅਪ੍ਰੈਲ 2026 ਦੇ ਅੰਕੜਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਅਪ੍ਰੈਲ ਵਿੱਚ ਇਹ ਸੂਚਕਾਂਕ ਵਧ ਕੇ 149.9 ਅੰਕਾਂ 'ਤੇ ਪਹੁੰਚ ਗਿਆ ਹੈ, ਜਦਕਿ ਮਾਰਚ 2026 ਵਿੱਚ ਇਹ 149.1 ਅੰਕ ਸੀ। ਇਸ ਵਾਧੇ ਕਾਰਨ ਮੌਜੂਦਾ ਮਹਿੰਗਾਈ ਭੱਤਾ 60 ਫੀਸਦੀ ਤੋਂ ਵਧ ਕੇ 63 ਫੀਸਦੀ ਹੋਣ ਦੀ ਉਮੀਦ ਹੈ।
ਜੇਕਰ ਇਹ ਵਾਧਾ ਲਾਗੂ ਹੁੰਦਾ ਹੈ, ਤਾਂ ਕਰਮਚਾਰੀਆਂ ਦੀ ਮਹੀਨਾਵਾਰ ਆਮਦਨ ਵਿੱਚ ਚੰਗਾ ਇਜ਼ਾਫਾ ਹੋਵੇਗਾ। ਉਦਾਹਰਨ ਵਜੋਂ ਜੇਕਰ ਕਿਸੇ ਮੁਲਾਜ਼ਮ ਦੀ ਬੇਸਿਕ ਸੈਲਰੀ 29,200 ਰੁਪਏ ਹੈ, ਤਾਂ 60 ਫੀਸਦੀ ਦੀ ਦਰ ਨਾਲ ਉਸ ਨੂੰ 17,520 ਰੁਪਏ ਡੀ.ਏ. ਮਿਲਦਾ ਹੈ। 63 ਫੀਸਦੀ ਡੀ.ਏ. ਹੋਣ 'ਤੇ ਇਹ ਰਾਸ਼ੀ ਵਧ ਕੇ 18,396 ਰੁਪਏ ਹੋ ਜਾਵੇਗੀ, ਜਿਸ ਨਾਲ ਤਨਖਾਹ ਵਿੱਚ ਸਿੱਧਾ 876 ਰੁਪਏ ਪ੍ਰਤੀ ਮਹੀਨਾ ਦਾ ਵਾਧਾ ਹੋਵੇਗਾ।
ਹਾਲਾਂਕਿ ਮੌਜੂਦਾ ਰੁਝਾਨ 3 ਫੀਸਦੀ ਵਾਧੇ ਵੱਲ ਇਸ਼ਾਰਾ ਕਰ ਰਹੇ ਹਨ, ਪਰ ਅੰਤਿਮ ਤਸਵੀਰ ਮਈ ਅਤੇ ਜੂਨ 2026 ਦੇ ਅੰਕੜੇ ਜਾਰੀ ਹੋਣ ਤੋਂ ਬਾਅਦ ਹੀ ਸਾਫ਼ ਹੋਵੇਗੀ। ਇਨ੍ਹਾਂ ਅੰਕੜਿਆਂ ਦੇ ਆਧਾਰ 'ਤੇ ਹੀ ਕੇਂਦਰ ਸਰਕਾਰ ਅਧਿਕਾਰਤ ਤੌਰ 'ਤੇ ਮਹਿੰਗਾਈ ਭੱਤੇ ਵਿੱਚ ਸੋਧ ਦਾ ਐਲਾਨ ਕਰੇਗੀ, ਜਿਸ ਨਾਲ ਦੇਸ਼ ਦੇ ਲੱਖਾਂ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਸਿੱਧਾ ਲਾਭ ਮਿਲੇਗਾ।
ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਬਦਲੀ ਤਸਵੀਰ, ਇਲੈਕਟ੍ਰਿਕ ਕਾਰਾਂ ਦੀ ਵਿਕਰੀ ਨੇ ਤੋੜਿਆ ਰਿਕਾਰਡ
NEXT STORY