ਨਵੀਂ ਦਿੱਲੀ— ਜਲਦ ਹੀ ਖੰਡ ਮਹਿੰਗੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਕਿ ਖੰਡ ਮਿੱਲਾਂ 'ਤੇ ਗੰਨਾ ਕਿਸਾਨਾਂ ਦਾ 2019-20 ਸੀਜ਼ਨ ਦਾ ਤਕਰੀਬਨ 22 ਹਜ਼ਾਰ ਕਰੋੜ ਰੁਪਏ ਬਕਾਇਆ ਹੈ। ਸਰਕਾਰ ਮਿੱਲਾਂ ਨੂੰ ਬਕਾਏ ਚੁਕਾਉਣ ਦੇ ਕਾਬਲ ਬਣਾਉਣ ਲਈ ਇਕ ਅਹਿਮ ਕਦਮ ਚੁੱਕਣ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਕਾਰ ਜਲਦ ਹੀ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) ਵਧਾ ਸਕਦੀ ਹੈ।
ਰਿਪੋਰਟਾਂ ਦਾ ਕਹਿਣਾ ਹੈ ਕਿ ਸਰਕਾਰ ਖੰਡ ਕੀਮਤਾਂ 'ਚ ਤਕਰੀਬਨ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਇਸ ਫੈਸਲੇ ਨਾਲ ਖੰਡ ਮਿੱਲਾਂ ਦਾ ਨਕਦੀ ਸੰਕਟ ਦੂਰ ਹੋਵੇਗਾ ਅਤੇ ਕਿਸਾਨਾਂ ਨੂੰ ਬਕਾਇਆਂ ਦਾ ਭੁਗਤਾਨ ਕਰਨ 'ਚ ਆਸਾਨੀ ਹੋਵੇਗੀ।
ਮੌਜੂਦਾ ਸਮੇਂ ਸਰਕਾਰ ਵੱਲੋਂ ਨਿਰਧਾਰਤ ਖੰਡ ਦਾ ਐੱਮ. ਐੱਸ. ਪੀ. 31 ਰੁਪਏ ਪ੍ਰਤੀ ਕਿਲੋ ਹੈ। ਜੇਕਰ ਇਸ 'ਚ 2ਰੁਪਏ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਖੰਡ ਦਾ ਐੱਮ. ਐੱਸ. ਪੀ. 33 ਰੁਪਏ ਪ੍ਰਤੀ ਕਿਲੋ ਹੋ ਜਾਵੇਗਾ। ਮਤਲਬ, ਇਸ ਮੁੱਲ ਤੋਂ ਹੇਠਾਂ ਕੋਈ ਮਿੱਲ ਖੰਡ ਨਹੀਂ ਵੇਚੇਗੀ, ਲਿਹਾਜਾ ਪ੍ਰਚੂਨ 'ਚ ਖੰਡ ਮਹਿੰਗੀ ਹੋ ਸਕਦੀ ਹੈ।
ਪਿਛਲੇ ਹਫਤੇ ਹੀ ਸਕੱਤਰਾਂ ਦੇ ਇਕ ਗਰੁੱਪ ਨੇ ਖੰਡ ਕੀਮਤ 'ਚ ਵਾਧੇ ਨੂੰ ਲੈ ਕੇ ਆਪਣੀ ਸਹਿਮਤੀ ਦਿੱਤੀ ਹੈ। ਇਹ ਸਿਫਾਰਸ਼ ਦੇਸ਼ ਦੇ ਵੱਡੇ ਖੰਡ ਉਤਪਾਦਕ ਸੂਬਿਆਂ ਵੱਲੋਂ ਵੀ ਆਇਆ ਸੀ। ਹੁਣ ਇਸ 'ਤੇ ਆਖਰੀ ਫੈਸਲੇ ਦਾ ਇੰਤਜ਼ਾਰ ਹੈ। ਹਾਲਾਂਕਿ, ਨੀਤੀ ਆਯੋਗ ਨੇ ਇਸ ਫੈਸਲੇ 'ਤੇ ਅਸਹਿਮਤੀ ਜਤਾਈ ਹੈ। ਜ਼ਿਕਰਯੋਗ ਹੈ ਕਿ ਖੰਡ ਉਤਪਾਦਨ ਸਾਲ ਦੀ ਗਣਨਾ ਹਰ ਸਾਲ 1 ਅਕਤੂਬਰ ਤੋਂ ਅਗਲੇ ਸਾਲ ਦੇ 30 ਸਤੰਬਰ ਤੱਕ ਕੀਤੀ ਜਾਂਦੀ ਹੈ। ਸਰਕਾਰੀ ਅਧਿਕਾਰੀਆਂ ਦੀ ਮੰਨੀਏ ਤਾਂ ਇਸ ਫੈਸਲੇ ਨਾਲ ਕਿਸਾਨਾਂ ਨੂੰ ਮਦਦ ਮਿਲੇ, ਅਜਿਹੇ ਫੈਸਲੇ ਲਏ ਜਾਣਗੇ।
ਸਟੇਟ ਐਡਵਾਇਜ਼ਡ ਪ੍ਰਾਈਸ ਅਨੁਸਾਰ, ਮੌਜੂਦਾ ਸਮੇਂ ਖੰਡ ਮਿੱਲਾਂ 'ਤੇ ਕਿਸਾਨਾਂ ਦਾ ਤਕਰੀਬਨ 22 ਹਜ਼ਾਰ 79 ਕਰੋੜ ਰੁਪਏ ਬਕਾਇਆ ਹੈ। ਉੱਥੇ ਹੀ, ਕੇਂਦਰ ਦੇ ਨਿਰਪੱਖ ਅਤੇ ਮਿਹਨਤਾਨਾ ਕੀਮਤ (ਐੱਫ. ਆਰ. ਪੀ.) ਮੁਤਾਬਕ ਬਕਾਇਆ 17 ਹਜ਼ਾਰ 683 ਕਰੋੜ ਰੁਪਏ ਹੈ।
ਕੋਰੋਨਾ ਆਫ਼ਤ: US 'ਚ ਫਸੇ ਸਨ 'ਇਨਫੋਸਿਸ' ਦੇ 200 ਤੋਂ ਵਧੇਰੇ ਕਾਮੇ, ਕੰਪਨੀ ਨੇ ਕਰਵਾਈ ਵਤਨ ਵਾਪਸੀ
NEXT STORY