ਨਵੀਂ ਦਿੱਲੀ (ਭਾਸ਼ਾ) – ਇਨਕਮ ਟੈਕਸ ਵਿਭਾਗ ਨੇ ਉੱਚ ਮੁੱਲ ਦੇ ਵਿੱਤੀ ਲੈਣ-ਦੇਣ ਦੀ ਸੂਚੀ ਦਾ ਵਿਸਤਾਰ ਕੀਤਾ ਹੈ। ਇਸ ’ਚ ਮਿਊਚੁਅਲ ਫੰਡ ਦੀ ਖਰੀਦ, ਵਿਦੇਸ਼ਾਂ ’ਚ ਪੈਸਾ ਭੇਜਣ ਦੇ ਨਾਲ-ਨਾਲ ਹੋਰ ਟੈਕਸਦਾਤਿਆਂ ਦੇ ਇਨਕਮ ਟੈਕਸ ਦਾ ਵੇਰਵਾ ਸ਼ਾਮਲ ਹੈ। ਇਹ ਟੈਕਸਦਾਤਿਆਂ ਲਈ ਉਨ੍ਹਾਂ ਦੇ ਫਾਰਮ 26ਏ.ਐੱਸ. ’ਚ ਮੁਹੱਈਆ ਹੋਵੇਗਾ। ਫਾਰਮ 26ਏ.ਐੱਸ. ਇਕ ਸਾਲਾਨਾ ਏਕੀਕ੍ਰਿਤ ਟੈਕਸ ਵੇਰਵਾ ਹੈ, ਜਿਸ ਨੂੰ ਟੈਕਸਦਾਤਾ ਆਪਣੇ ਸਥਾਈ ਖਾਤਾ ਨੰਬਰ (ਪੈਨ) ਦੀ ਵਰਤੋਂ ਕਰ ਕੇ ਇਨਕਮ ਟੈਕਸ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ। ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ 26 ਅਕਤੂਬਰ ਨੂੰ ਇਨਕਮ ਟੈਕਸ ਕਾਨੂੰਨ ਦੀ ਧਾਰਾ 285 ਬੀ. ਬੀ. ਦੇ ਤਹਿਤ ਨਵੇਂ ਫਾਰਮ 26ਏ.ਐੱਸ. ’ਚ ਰਿਪੋਰਟ ਕੀਤੀ ਗਈ ਜਾਣਕਾਰੀ ਦੇ ਘੇਰੇ ਦਾ ਵਿਸਤਾਰ ਕਰਦੇ ਹੋਏ ਹੁਕਮ ਜਾਰੀ ਕੀਤਾ।
ਨਿਰਧਾਰਤ ਵਾਧੂ ਜਾਣਕਾਰੀ ’ਚ ਕਿਸੇ ਵੀ ਵਿਅਕਤੀ ਦੇ ਅਧਿਕਾਰਤ ਡੀਲਰ ਦੇ ਮਾਧਿਅਮ ਰਾਹੀਂ ਵਿਦੇਸ਼ਾਂ ’ਚ ਭੇਜਿਆ ਗਿਆ ਪੈਸਾ, ਕਰਮਚਾਰੀ ਵਲੋਂ ਦਾਅਵਾ ਕੀਤੀ ਗਈ ਕਟੌਤੀ ਨਾਲ ਤਨਖਾਹ ਦਾ ਵੇਰਵਾ, ਹੋਰ ਟੈਕਸਦਾਤਿਆਂ ਦੇ ਆਈ. ਟੀ. ਆਰ. ’ਚ ਜਾਣਕਾਰੀ, ਇਨਕਮ ਟੈਕਸ ਰਿਫੰਡ ’ਤੇ ਵਿਆਜ, ਵਿੱਤੀ ਲੈਣ-ਦੇਣ ਦੇ ਵੇਰਵੇ ’ਚ ਪ੍ਰਕਾਸ਼ਿਤ ਜਾਣਕਾਰੀ ਸ਼ਾਮਲ ਹੈ। ਇਸ ਤੋਂ ਇਲਾਵਾ ਡਿਪਾਜ਼ਿਟਰੀ/ਰਜਿਸਟਰਾਰ ਅਤੇ ‘ਟ੍ਰਾਂਸਫਰ ਏਜੰਟ’ ਵਲੋਂ ਰਿਪੋਰਟ ਕੀਤੇ ਗਏ ਕਲੀਅਰਿੰਗ ਕਾਰਪੋਰੇਸ਼ਨ ਰਾਹੀਂ ਨਿਪਟਾਰੇ ਨਹੀਂ ਹੋਏ (ਆਫ ਦਿ ਮਾਰਕੀਟ) ਲੈਣ-ਦੇਣ, ਆਰ. ਟੀ. ਏ. ਤੋਂ ਰਿਪੋਰਟ ਕੀਤੇ ਗਏ ਮਿਊਚੁਅਲ ਫੰਡ ਲਾਭ ਅੰਸ਼ ਅਤੇ ਮਿਊਚੁਅਲ ਫੰਡ ਦੀ ਖਰੀਬ ਬਾਰੇ ਜਾਣਕਾਰੀ ਵੀ ਫਾਰਮ 26ਏ. ਐੱਸ ’ਚ ਸ਼ਾਮਲ ਕੀਤੀ ਜਾਵੇਗੀ।
ਏ. ਐੱਮ. ਆਰ. ਜੀ. ਐਂਡ ਐਸੋਸੀਏਟਸ ਦੇ ਡਾਇਰੈਕਟਰ (ਸਿੱਧੇ ਅਤੇ ਕੌਮਾਂਤਰੀ ਟੈਕਸ) ਓਮ ਰਾਜਪੁਰੋਹਿਤ ਨੇ ਕਿਹਾ ਕਿ ਫਾਰਮ 26ਏ. ਐੱਸ. ’ਚ ਸਾਲਾਨਾ ਸੂਚਨਾ ਵੇਰਵੇ ’ਚ ਵਾਧੂ ਜਾਣਕਾਰੀ ਨਾਲ ‘ਫੇਸਲੈੱਸ ਡਿਜੀਟਲ’ ਯਾਨੀ ਅਧਿਕਾਰੀਆਂ ਨਾਲ ਆਹਮਣਾ-ਸਾਹਮਣਾ ਕੀਤੇ ਬਿਨਾਂ ਮੁਲਾਂਕਣ ਸੌਖਾਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਟੈਕਸਦਾਤਾਵਾਂ ਤੋਂ ਵਾਧੂ ਟੈਕਸ ਯੋਗਦਾਨ ਨਾਂਹ ਦੇ ਬਰਾਬਰ ਹੋਵੇਗਾ ਪਰ ਇਸ ਦਾ ਕੁੱਲ ਪ੍ਰਭਾਵ ਜ਼ਿਕਰਯੋਗ ਹੈ। ਇਹ ਬਦਲਾਅ ਸਾਰੇ ਟੈਕਸਦਾਤਿਆਂ ਲਈ ਕਮਾਈ ਆਮਦਨ ਬਾਰੇ ਸਹੀ ਜਣਕਾਰੀ ਅਤੇ ਸਵੈ-ਐਲਾਨ ਦੀ ਵਿਵਸਥਾ ਸਥਾਪਿਤ ਕਰੇਗਾ।
ਇਨਕਮ ਟੈਕਸ ਵਿਭਾਗ ਨੇ ਆਪਣੇ ਪੋਰਟਲ ’ਤੇ ਟੈਕਸ ਆਡਿਟ ਉਪਯੋਗਤਾ ਫਾਰਮ ਨੂੰ ਸਮਰੱਥ ਕੀਤਾ
ਇਨਕਮ ਟੈਕਸ ਵਿਭਾਗ ਨੇ ਆਪਣੇ ਪੋਰਟਲ ’ਤੇ ਵਿੱਤੀ ਸਾਲ 2019-20 ਅਤੇ 2020-21 ਲਈ ਟੈਕਸ ਆਡਿਟ ਉਪਯੋਗਤਾ ਫਾਰਮ ਨੂੰ ਸਮਰੱਥ ਕੀਤਾ ਹੈ। ਜੇ ਵਿੱਤੀ ਸਾਲ 2020-21 (ਮੁਲਾਂਕਣ ਸਾਲ 2021-22) ਵਿਚ ਵਪਾਰ ਦੀ ਵਿਕਰੀ, ਟਰਨਓਵਰ ਜਾਂ ਕੁੱਲ ਪ੍ਰਾਪਤੀਆਂ 10 ਕਰੋੜ ਰੁਪਏ ਤੋਂ ਵੱਧ ਹਨ ਤਾਂ ਇਨਕਮ ਟੈਕਸ ਕਾਨੂੰਨ ਦੇ ਤਹਿਤ ਟੈਕਸਦਾਤਿਆਂ ਨੂੰ ਆਪਣੇ ਖਾਤਿਆਂ ਦਾ ਆਡਿਟ ਕਰਵਾਉਣਾ ਜ਼ਰੂਰੀ ਹੈ। ਪੇਸ਼ੇਵਰਾਂ ਦੇ ਮਾਮਲੇ ’ਚ ਇਹ ਲਿਮਿਟ 50 ਲੱਖ ਰੁਪਏ ਹੈ। ਵਿੱਤੀ ਸਾਲ 2019-20 ਲਈ ਇਹ ਲਿਮਿਟ ਕ੍ਰਮਵਾਰ 5 ਕਰੋੜ ਰੁਪਏ ਅਤੇ 50 ਲੱਖ ਰੁਪਏ ਹਨ। ਵਿੱਤੀ ਸਾਲ 2020-21 ਲਈ ਟੈਕਸ ਆਡਿਟ ਰਿਪੋਰਟ ਦਾਖਲ ਕਰਨ ਦੀ ਆਖਰੀ ਮਿਤੀ 15 ਜਨਵਰੀ 2022 ਹੈ। ਵਿੱਤੀ ਸਾਲ 2019-20 ਲਈ ਇਸ ਨੂੰ 15 ਜਨਵਰੀ 2021 ਤੱਕ ਦਾਖਲ ਕਰਨਾ ਸੀ, ਹਾਲਾਂਕਿ ਕੰਪਨੀਆਂ ਹਾਲੇ ਵੀ ਸੋਧ ਕਰ ਕੇ ਆਡਿਟ ਰਿਪੋਰਟ ਦਾਖਲ ਕਰ ਸਕਦੀਆਂ ਹਨ।
‘ਦੀਵਾਲੀ ’ਤੇ ਵਿਗੜੇਗਾ ਰਸੋਈ ਦਾ ਬਜਟ’, ਵਧ ਸਕਦੇ ਹਨ LPG ਦੇ ਰੇਟ’
NEXT STORY