ਨਵੀਂ ਦਿੱਲੀ— ਜਨਵਰੀ ਤੋਂ ਤੁਹਾਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਕੰਪਿਊਟਰ, ਟੀ. ਵੀ., ਪਾਵਰ ਬੈਂਕ, ਡਿਜੀਟਲ ਕੈਮਰੇ, ਵੀਡੀਓ ਰਿਕਾਡਰ ਅਤੇ ਕੁਝ ਆਟੋ ਪਾਰਟਸ ਜਿਵੇਂ ਕਿ ਪੁਲੀ, ਟਰਾਂਸਮਿਸ਼ਨ ਸ਼ਾਫਟ, ਗਿਅਰ ਬਾਕਸ ਸਸਤੇ ਹੋ ਜਾਣਗੇ। ਇੰਨਾ ਹੀ ਨਹੀਂ ਸਰਕਾਰ ਨੇ ਕੁਝ ਸੇਵਾਵਾਂ 'ਤੇ ਵੀ ਜੀ. ਐੱਸ. ਟੀ. ਦਰ ਘਟਾ ਦਿੱਤੀ ਹੈ, ਜੋ ਪਹਿਲੀ ਜਨਵਰੀ 2019 ਤੋਂ ਲਾਗੂ ਹੋ ਜਾਵੇਗੀ। ਹਾਲਾਂਕਿ ਸ਼ਨੀਵਾਰ ਨੂੰ ਹੋਈ ਜੀ. ਐੱਸ. ਟੀ. ਪ੍ਰੀਸ਼ਦ ਦੀ 31ਵੀਂ ਮੀਟਿੰਗ 'ਚ ਏ. ਸੀ. ਅਤੇ ਸੀਮੈਂਟ 'ਤੇ ਰਾਹਤ ਨਹੀਂ ਦਿੱਤੀ ਗਈ ਪਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਸੰਕੇਤ ਦਿੱਤਾ ਹੈ ਕਿ ਜਲਦ ਹੀ ਸੀਮੈਂਟ ਨੂੰ ਵੀ 28 ਫੀਸਦੀ ਸਲੈਬ 'ਚੋਂ ਬਾਹਰ ਕੀਤਾ ਜਾਵੇਗਾ।
ਹੁਣ 28 ਫੀਸਦੀ ਸਲੈਬ 'ਚ ਸਿਰਫ 28 ਪ੍ਰਾਡਕਟ/ਸਰਵਿਸਿਜ਼ ਹੀ ਬਚੇ ਹਨ। 1 ਜੁਲਾਈ 2017 ਨੂੰ ਜਦੋਂ ਜੀ. ਐੱਸ. ਟੀ. ਲਾਗੂ ਹੋਇਆ ਸੀ ਉਦੋਂ ਇਸ ਸਲੈਬ 'ਚ 226 ਸਮਾਨ/ਸੇਵਾਵਾਂ ਸਨ। ਸਰਕਾਰ ਦਾ ਕਹਿਣਾ ਹੈ ਕਿ 28 ਫੀਸਦੀ ਸਲੈਬ 'ਚ ਹੁਣ ਸਿਰਫ ਲਗਜ਼ਰੀ ਸਮਾਨ ਤੇ ਤੰਬਾਕੂ ਪਦਾਰਥ ਹੀ ਰਹਿਣਗੇ।
ਇਹ ਪ੍ਰਾਡਕਟਸ ਹੋ ਸਕਦੇ ਹਨ 10 ਫੀਸਦੀ ਤਕ ਸਸਤੇ-

- 32 ਇੰਚ ਤਕ ਦੇ ਸਾਰੇ ਤਰ੍ਹਾਂ ਦੇ ਕੰਪਿਊਟਰ ਮਾਨੀਟਰ ਅਤੇ ਟੀ. ਵੀ.।
- ਵਾਹਨਾਂ ਦੀ ਪੁਲੀ, ਟਰਾਂਸਮਿਸ਼ਨ ਸ਼ਾਫਟਸ, ਕ੍ਰੈਂਕਸ ਤੇ ਗਿਅਰ ਬਾਕਸ।
- ਲਿਥੀਅਮ ਆਇਨ ਬੈਟਰੀ ਵਾਲੇ ਪਾਵਰ ਬੈਂਕ।
- ਡਿਜੀਟਲ ਕੈਮਰੇ ਅਤੇ ਵੀਡੀਓ ਰਿਕਾਰਡਰ।
- ਵੀਡੀਓ ਗੇਮ
(ਸਰਕਾਰ ਨੇ ਇਨ੍ਹਾਂ ਸਾਰੇ ਪ੍ਰਾਡਕਟਸ 'ਤੇ ਜੀ. ਐੱਸ. ਟੀ. 28 ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਹੈ)
ਮਾਰਬਲ ਦੇ ਟੁੱਕੜੇ ਤੇ ਰਾਖ ਦੇ ਬਲਾਕ ਹੋਣਗੇ ਸਸਤੇ-

ਮਾਰਬਲ ਦੇ ਟੁੱਕੜੇ ਹੁਣ ਸਸਤੇ ਮਿਲਣਗੇ। ਸਰਕਾਰ ਨੇ ਇਸ 'ਤੇ ਜੀ. ਐੱਸ. ਟੀ. ਦਰ 5 ਫੀਸਦੀ ਕਰ ਦਿੱਤੀ ਹੈ, ਜੋ ਪਹਿਲਾਂ 18 ਫੀਸਦੀ ਸੀ। ਇਸ ਦੇ ਇਲਾਵਾ ਰਾਖ ਤੋਂ ਬਣੀਆਂ ਇੱਟਾਂ (ਬਲਾਕ) 'ਤੇ ਜੀ. ਐੱਸ. ਟੀ. ਦਰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ ਗਈ ਹੈ।
ਮੂਵੀ ਟਿਕਟ ਤੇ ਥਰਡ ਪਾਰਟੀ ਬੀਮਾ ਹੋਵੇਗਾ ਸਸਤਾ-

- ਹੁਣ 100 ਰੁਪਏ ਤੋਂ ਉੱਪਰ ਦੀ ਸਿਨੇਮਾ ਟਿਕਟ 'ਤੇ 28 ਫੀਸਦੀ ਦੀ ਜਗ੍ਹਾ 18 ਫੀਸਦੀ ਜੀ. ਐੱਸ. ਟੀ. ਲੱਗੇਗਾ। 100 ਰੁਪਏ ਤੋਂ ਘੱਟ ਦੀ ਟਿਕਟ 'ਤੇ 12 ਫੀਸਦੀ ਜੀ. ਐੱਸ. ਟੀ. ਲੱਗੇਗਾ।
- ਵਪਾਰਕ ਵਾਹਨਾਂ ਦੇ ਥਰਡ ਪਾਰਟੀ ਬੀਮਾ 'ਤੇ ਹੁਣ ਸਿਰਫ 12 ਫੀਸਦੀ ਜੀ. ਐੱਸ. ਟੀ. ਹੋਵੇਗਾ, ਜਦੋਂ ਕਿ ਪਹਿਲਾਂ ਇਸ 'ਤੇ ਇਹ ਦਰ 18 ਫੀਸਦੀ ਸੀ।
- ਬੈਂਕਾਂ ਵੱਲੋਂ ਪ੍ਰਧਾਨ ਮੰਤਰੀ ਜਨਧਨ ਯੋਜਨਾ ਅਧੀਨ ਬੇਸਿਕ ਬਚਤ ਖਾਤੇ 'ਤੇ ਦਿੱਤੀ ਜਾਣ ਵਾਲੀ ਹਰ ਸਰਵਿਸ ਜੀ. ਐੱਸ. ਟੀ. ਮੁਕਤ ਕਰ ਦਿੱਤੀ ਗਈ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਦਾ ਕਹਿਣਾ ਹੈ ਕਿ ਨਵੀਆਂ ਦਰਾਂ 1 ਜਨਵਰੀ ਤੋਂ ਲਾਗੂ ਹੋਣਗੀਆਂ ਅਤੇ ਦਰਾਂ ਘਟਾਉਣ ਨਾਲ ਸਰਕਾਰ ਨੂੰ ਤਕਰੀਬਨ 5,500 ਕਰੋੜ ਰੁਪਏ ਦਾ ਰੈਵੇਨਿਊ ਘੱਟ ਆਵੇਗਾ। ਉਨ੍ਹਾਂ ਨੇ ਕਿਹਾ ਕਿ ਜੀ. ਐੱਸ. ਟੀ. ਪ੍ਰੀਸ਼ਦ ਦੀ ਅਗਲੀ ਬੈਠਕ ਜਨਵਰੀ 'ਚ ਹੋਵੇਗੀ। ਇਸ ਬੈਠਕ 'ਚ ਕੇਰਲ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਸੈੱਸ ਲਾਉਣ 'ਤੇ ਚਰਚਾ ਹੋ ਸਕਦੀ ਹੈ।
ਜਾਣੋ ਕਿਵੇਂ ਲੈ ਸਕਦੇ ਹੋ ਟੈਕਸ 'ਤੇ ਬੈਨੀਫਿਟ
NEXT STORY