ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਦਾ ਰੋਜ਼ਗਾਰ 'ਤੇ ਪੈਣ ਵਾਲਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸ ਸਾਲ 16 ਮਈ ਨੂੰ ਖ਼ਤਮ ਹੋਏ ਹਫ਼ਤੇ ਵਿਚ ਬੇਰੋਜ਼ਗਾਰੀ ਦੀ ਦਰ ਵੱਧ ਕੇ 14.5 ਫ਼ੀਸਦੀ 'ਤੇ ਪਹੁੰਚ ਗਈ ਹੈ। ਇਹ ਅਪ੍ਰੈਲ ਵਿਚ 8 ਫ਼ੀਸਦੀ ਸੀ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਨੋਮੀ (ਸੀ. ਐੱਮ. ਆਈ. ਈ.) ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਨੂੰ ਰੋਜ਼ਗਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਸਾਲ ਅਪ੍ਰੈਲ ਅਤੇ ਮਈ ਵਿਚ, ਬੇਰੋਜ਼ਗਾਰੀ ਦੀ ਦਰ 23 ਫ਼ੀਸਦੀ ਤੋਂ ਉਪਰ ਸੀ। ਪਿਛਲੇ ਸਾਲ ਮਾਰਚ ਵਿਚ ਸਰਕਾਰ ਨੇ ਕੋਰੋਨਾ ਸੰਕਰਮਣ ਦੇ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਲਾ ਦਿੱਤੀ ਸੀ। ਇਸ ਨਾਲ ਆਰਥਿਕ ਸਰਗਰਮੀਆਂ ਠੱਪ ਹੋ ਗਈਆਂ ਸਨ। ਇਸ ਤੋਂ ਬਾਅਦ ਸਰਕਾਰ ਨੇ ਹੌਲੀ-ਹੌਲੀ ਆਰਥਿਕ ਸਰਗਰਮੀਆਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ ਪਰ ਕੋਵਿਡ ਦੀ ਦੂਜੀ ਲਹਿਰ ਕਾਰਨ ਕਈ ਜਗ੍ਹਾ ਕੰਮ ਰੁਕ-ਰੁਕ ਚੱਲ ਰਹੇ ਹਨ।
ਸੀ. ਐੱਮ. ਆਈ. ਈ. ਆਪਣੇ ਹਫ਼ਤਾਵਾਰੀ ਵਿਸ਼ਲੇਸ਼ਣ ਵਿਚ ਕਿਹਾ, "ਇਸ ਸਾਲ ਅਪ੍ਰੈਲ ਵਿਚ ਬੇਰੋਜ਼ਗਾਰੀ ਵਿਚ ਵਾਧਾ ਹੋਇਆ ਹੈ। ਖਪਤਕਾਰਾਂ ਦੀ ਭਾਵਨਾ ਵਿਚ ਵੀ ਗਿਰਾਵਟ ਆਈ ਹੈ। ਮਈ ਵਿਚ ਬੇਰੋਜ਼ਗਾਰੀ ਦੀ ਦਰ 10 ਫ਼ੀਸਦ ਤੋਂ ਵੱਧ ਹੋਣ ਦਾ ਅਨੁਮਾਨ ਹੈ।" ਵਿੱਤੀ ਸਾਲ 2020-21 ਵਿਚ ਬੇਰੋਜ਼ਗਾਰੀ ਦਰ ਔਸਤ 8.8 ਫ਼ੀਸਦੀ ਸੀ। ਸੀ. ਐੱਮ. ਆਈ. ਈ. ਦੇ ਅੰਕੜੇ ਦਰਸਾਉਂਦੇ ਹਨ ਕਿ ਕੰਜ਼ਿਊਮਰ ਸੈਂਟੀਮੈਂਟ ਇੰਡੈਕਸ ਵਿਚ ਲਗਾਤਾਰ ਪੰਜਵੇਂ ਹਫ਼ਤੇ 1.5 ਫ਼ੀਸਦ ਦੀ ਗਿਰਾਵਟ ਆਈ ਹੈ। ਸੀ. ਐੱਮ. ਆਈ. ਈ. ਅਨੁਸਾਰ, ਖਪਤਕਾਰ ਭਾਵਨਾ ਵਿਚ ਗਿਰਾਵਟ ਦਾ ਮੁੱਖ ਕਾਰਨ ਪਰਿਵਾਰਕ ਆਮਦਨੀ ਵਿਚ ਗਿਰਾਵਟ ਅਤੇ ਭਵਿੱਖ ਬਾਰੇ ਨਿਰਾਸ਼ਾ ਦੀ ਸਥਿਤੀ ਹੈ।
LPG ਉਪਭੋਗਤਾਵਾਂ ਲਈ ਖੁਸ਼ਖਬਰੀ, IOCL ਨੇ ਦਿੱਤੀਆਂ ਇਹ ਸਹੂਲਤਾਂ
NEXT STORY