ਜੈਤੋ— ਭਾਰਤ ਦੇ ਵੱਖ-ਵੱਖ ਕਪਾਹ ਪੈਦਾਵਾਰ ਸੂਬਿਆਂ ਦੀਆਂ ਘਰੇਲੂ ਮੰਡੀਆਂ ’ਚ ਹੁਣ ਤਕ ਲਗਭਗ 2 ਕਰੋੜ 85 ਲੱਖ ਗੰਢ ਵ੍ਹਾਈਟ ਗੋਲਡ ਪਹੁੰਚਿਆ ਹੈ, ਜਿਸ ’ਚ ਲਗਭਗ 60 ਲੱਖ ਗੰਢ ਉੱਤਰੀ ਖੇਤਰੀ ਸੂਬਿਆਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਵੀ ਸ਼ਾਮਲ ਹੈ। ਇਨ੍ਹਾਂ ਸੂਬਿਆਂ ’ਚ ਚਾਲੂ ਕਪਾਹ ਸੀਜ਼ਨ ਸਾਲ 2018-19 ਦੌਰਾਨ ਵ੍ਹਾਈਟ ਗੋਲਡ ਦੀ ਲਗਭਗ 3 ਲੱਖ ਗੰਢ ਹੋਰ ਆਉਣ ਦੀ ਉਮੀਦ ਹੈ ਜਦੋਂਕਿ ਇਸ ਵਾਰ ਪੂਰੇ ਭਾਰਤ ’ਚ ਵ੍ਹਾਈਟ ਗੋਲਡ 3.20 ਕਰੋੜ ਗੰਢ ਦਾ ਹੀ ਉਤਪਾਦਨ ਰਹਿ ਸਕਦਾ ਹੈ।
ਪਿਛਲੇ ਫਸਲੀ ਸਾਲ 2017-18 ’ਚ ਇਹ ਉਤਪਾਦਨ 3.65 ਕਰੋੜ ਗੰਢ ਰਿਹਾ ਸੀ। ਇਹ ਜਾਣਕਾਰੀ ਦਿੰਦਿਆਂ ਬਸੰਤ ਲਾਲ ਬਨਾਰਸੀ ਦਾਸ ਪ੍ਰਾਈਵੇਟ ਲਿਮਟਿਡ ਮੁੰਬਈ ਦੇ ਡਾਇਰੈਕਟਰ ਵਿਜੇ ਬਾਂਸਲ ਬਠਿੰਡਾ ਵਾਲਿਆਂ ਨੇ ਦੱਸਿਆ ਕਿ ਦੇਸ਼ ’ਚ ਚਾਲੂ ਕਪਾਹ ਸੀਜ਼ਨ ਦੌਰਾਨ ਵ੍ਹਾਈਟ ਗੋਲਡ ਉਤਪਾਦਨ ਲਗਭਗ 45 ਲੱਖ ਗੰਢ ਘੱਟ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਪਰ ਫਿਰ ਵੀ ਭਾਰਤ ਦੀਆਂ ਸਪੀਨਿੰਗ ਮਿੱਲਾਂ ਤੇ ਹੋਰ ਯੂਨਿਟਾਂ ਦੀ ਖਪਤ ਨਾਲੋਂ ਉਤਪਾਦਨ ਘੱਟ ਨਹੀਂ ਹੈ। ਵਿਜੇ ਬਾਂਸਲ, ਜੋ ਡਾਇਰੈਕਟਰ ਇੰਡੀਅਨ ਕਾਟਨ ਐਸੋਸੀਏਸ਼ਨ ਲਿਮ. (ਆਈ. ਸੀ. ਏ. ਐੱਲ.) ਵੀ ਹੈ, ਦਾ ਕਹਿਣਾ ਹੈ ਕਿ ਭਾਰਤ ਤੋਂ ਵੱਖ-ਵੱਖ ਦੇਸ਼ਾਂ ਨੂੰ ਲਗਭਗ 38 ਲੱਖ ਗੰਢ ਵ੍ਹਾਈਟ ਗੋਲਡ (ਕਪਾਹ) ਬਰਾਮਦ ਹੋ ਚੁੱਕੀ ਹੈ। ਇਸ ਵਾਰ ਕੁੱਲ ਰੂੰ ਬਰਾਮਦ ਘਟ ਕੇ 45 ਤੋਂ 46 ਲੱਖ ਗੰਢ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਪਿਛਲੇ ਸਾਲ ਇਹ ਬਰਾਮਦ 69 ਲੱਖ ਗੰਢ ਸੀ। ਬਾਂਸਲ ਅਨੁਸਾਰ ਚਾਲੂ ਕਪਾਹ ਸੀਜ਼ਨ ਦੌਰਾਨ ਜਿਥੇ ਰੂੰ ਬਰਾਮਦ ਘਟੇਗੀ ਉਥੇ ਰੂੰ ਦਰਾਮਦ ’ਚ ਕਾਫੀ ਵਾਧਾ ਹੋਵੇਗਾ। ਇਸ ਸਾਲ ਲਗਭਗ 27-28 ਲੱਖ ਗੰਢ ਰੂੰ ਦਰਾਮਦ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਤੇਜੜੀਆਂ ਦੇ ਸੁਪਨੇ ਹੋਣ ਲੱਗੇ ਸਾਕਾਰ :
ਦੇਸ਼ ’ਚ ਕਪਾਹ ਜਿਨਰਾਂ, ਮਲਟੀਨੈਸ਼ਨਲ ਕੰਪਨੀਆਂ (ਐੱਮ. ਐੱਨ. ਸੀ.), ਸੀ. ਸੀ. ਆਈ., ਮਹਾਰਾਸ਼ਟਰ ਕਾਟਨ ਫੈੱਡਰੇਸ਼ਨ ਤੇ ਰੂੰ ਟਰੇਡਰਾਂ ਆਦਿ ਦੇ ਕੋਲ 52.25 ਲੱਖ ਗੰਢ ਤੋਂ ਵਧ ਵ੍ਹਾਈਟ ਗੋਲਡ ਦਾ ਅਨਸੋਲਡ ਸਟਾਕ ਹੋਣ ਦੀ ਸੂਚਨਾ ਹੈ। ਦੇਸ਼ ’ਚ ਕਮਜ਼ੋਰ ਫਸਲ ਨੂੰ ਲੈ ਕੇ ਤੇਜੜੀਆਂ ਨੇ ਇਸ ਵਾਰ ਕੁਝ ਜ਼ਿਆਦਾ ਹੀ ਸਟਾਕ ਕਰ ਲਿਆ ਹੈ। ਇਨ੍ਹਾਂ ਤੇਜੜੀਆਂ (ਸਟਾਕਿਸਟਾਂ) ਨੂੰ ਉਮੀਦ ਸੀ ਕਿ ਰੂੰ ਦੇ ਰੇਟ ਜਲਦੀ 5000 ਰੁਪਏ ਮਣ ਹੋ ਜਾਣਗੇ। ਰੂੰ ਰੇਟ ’ਚ 4931 ਰੁਪਏ ਮਣ ਦੇ ਉਛਾਲ ਨੇ ਹੁਣ ਤਕ ਦਾ ਸਭ ਤੋਂ ਵਧ ਭਾਅ ਬਣਾ ਦਿੱਤਾ। ਇਸ ਰੇਟ ਨਾਲ ਤੇਜੜੀਆਂ ਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਉਣ ਲੱਗੇ ਹਨ। ਹੁਣ ਤੇਜੜੀਆਂ ਨੂੰ ਰੂੰ ਕੀਮਤਾਂ ਦਾ ਅੰਕੜਾ 5500 ਰੁਪਏ ਮਣ ਤੋਂ ਉਪਰ ਆਉਂਦਾ ਨਜ਼ਰ ਆਉਣ ਲੱਗਾ ਹੈ।
ਉਤਪਾਦਨ ਘਟਣ ’ਤੇ ਵੀ ਤੇਜ਼ੀ ਦਾ ਉਛਾਲ ਨਹੀਂ :
ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ ਤਾਜ਼ਾ ਅੰਦਾਜ਼ੇ ’ਚ ਦੇਸ਼ ’ਚ ਰੂੰ ਉਤਪਾਦਨ 3.21 ਕਰੋੜ ਗੰਢ ਹੋਣ ਦੀ ਸੰਭਾਵਨਾ ਜਤਾਉਣ ’ਤੇ ਵੀ ਰੂੰ ਕੀਮਤਾਂ ’ਚ ਤੇਜ਼ੀ ਦੀ ਲਹਿਰ ਹੁਣ ਤਕ ਨਹੀਂ ਬਣੀ ਹੈ ਜਿਸ ਨਾਲ ਸਟਾਕਿਸਟ (ਤੇਜੜੀਏ) ਹੈਰਾਨ ਹਨ ਕਿਉਂਕਿ ਮਾਰਚ ’ਚ ਸੀ. ਏ. ਆਈ. ਨੇ ਉਤਾਪਦਨ 3.28 ਲੱਖ ਗੰਢ ਹੋਣ ਦੀ ਗੱਲ ਕੀਤੀ ਸੀ ਅਤੇ ਹੁਣ 7 ਲੱਖ ਗੰਢ ਘੱਟ ਉਤਪਾਦਨ ਘਟਣ ਦੇ ਕਿਆਸ ਹਨ, ਫਿਰ ਵੀ ਰੂੰ ਬਾਜ਼ਾਰ ਨੇ ਆਪਣੀ ਤੇਜ਼ੀ ਦੇ ਤੇਵਰ ਨਹੀਂ ਖੋਲ੍ਹੇ ਹਨ। ਜਿਣਸਾਂ ਦੇ ਘੱਟ ਉਤਪਾਦਨ ਨਾਲ ਹਮੇਸ਼ਾ ਕੀਮਤਾਂ ’ਚ ਉਛਾਲ ਬਣਦਾ ਹੈ ਪਰ ਰੂੰ ਕਾਰੋਬਾਰ ਅਜਿਹਾ ਹੈ ਜੋ ਆਪਣੀ ਹੀ ਚਾਲ ਨਾਲ ਚੱਲਦਾ ਹੈ।
ਕਪਾਹ ਦੀ ਨਵੀਂ ਬੀਜਾਈ ਸ਼ੁਰੂ :
ਉੱਤਰ ਭਾਰਤ ਦੇ ਰਾਜਸਥਾਨ ਸਥਿਤ ਲੋਅਰ ਰਾਜਸਥਾਨ ਦੇ ਕੁਝ ਖੇਤਰਾਂ ’ਚ ਸਾਲ 2019-20 ਦੀ ਫਸਲ ਲਈ ਕਪਾਹ ਦੀ ਨਵੀਂ ਬੀਜਾਈ ਸ਼ੁਰੂ ਹੋਣ ਦੀ ਸੂਚਨਾ ਹੈ। ਸੂਤਰਾਂ ਅਨੁਸਾਰ ਇਸ ਵਾਰ ਹਰਿਆਣਾ ਤੇ ਯੂ. ਪੀ. ਸੂਬਿਆਂ ’ਚ ਬੀਜਾਈ ਦਾ ਰਕਬਾ ਵਧ ਸਕਦਾ ਹੈ।
Asian ਬਾਜ਼ਾਰਾਂ 'ਚ ਰੌਣਕ, ਨਿੱਕੇਈ 'ਚ 310 ਅੰਕ ਦਾ ਉਛਾਲ
NEXT STORY