ਮੁੰਬਈ (ਯੂ. ਐੱਨ. ਆਈ.) – ਅਮਰੀਕਾ ਤੋਂ ਨਿਕਲੀ ਚਿੰਗਿਆੜੀ ਨੇ ਪੂਰੀ ਦੁਨੀਆ ਦੇ ਬਾਜ਼ਾਰਾਂ ’ਚ ਹਾਹਾਕਾਰ ਮਚਾ ਦਿੱਤੀ। ਭਾਰਤੀ ਸ਼ੇਅਰ ਬਾਜ਼ਾਰ ’ਚ 4 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ। ਜਾਪਾਨ ਅਤੇ ਅਮਰੀਕਾ ਲਈ ਵੀ ਇਹ ‘ਬਲੈਕ ਮੰਡੇ’ ਸਾਬਤ ਹੋਇਆ ਹੈ। ਦੁਨੀਆ ਦੀ ਸਭ ਤੋਂ ਤਾਕਤਵਰ ਅਮਰੀਕੀ ਅਰਥਵਿਵਸਥਾ ਦੇ ਇਕ ਵਾਰ ਫਿਰ ਤੋਂ ਮੰਦੀ ਦੀ ਚਪੇਟ ’ਚ ਆਉਣ ਦੇ ਖਦਸ਼ੇ ਨਾਲ ਜਾਪਾਨ ਦੇ ਨਿੱਕੇਈ ’ਚ ਸਾਲ 1987 ਦੇ ਬਾਅਦ ਦੇ ‘ਬਲੈਕ ਮੰਡੇ’ ਤੋਂ ਬਾਅਦ ਦੀ ਇਹ ਸਭ ਤੋਂ ਵੱਡੀ ਗਿਰਾਵਟ ਆਈ।
ਨਿੱਕੇਈ ਅੱਜ 14.15 ਫੀਸਦੀ ਡਿੱਗ ਗਿਆ, ਨਾਲ ਹੀ ਬ੍ਰਿਟੇਨ ਦਾ ਐੱਫ. ਟੀ. ਐੱਸ. ਈ. 2.26, ਜਰਮਨੀ ਦਾ ਡੈਕਸ 2.74, ਦੱਖਣੀ ਕੋਰੀਆ ਦਾ ਕੋਸਪੀ 8.77, ਹਾਂਗਕਾਂਗ ਦਾ ਹੈਂਗਸੇਂਗ 1.46 ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 1.54 ਫੀਸਦੀ ਡਿੱਗ ਗਿਆ। ਇਸ ਤੋਂ ਇਲਾਵਾ ਪੱਛਮੀ ਏਸ਼ੀਆ ਦੇ ਸਿਆਸੀ ਤਣਾਅ ਨਾਲ ਵੀ ਬਾਜ਼ਾਰ ’ਤੇ ਦਬਾਅ ਵਧਿਆ ਹੈ।
ਅਸਲ ’ਚ ਅਮਰੀਕਾ ’ਚ ਲੰਘੇ ਸ਼ੁੱਕਰਵਾਰ ਨੂੰ ਨੌਕਰੀ ਨਾਲ ਜੁੜੇ ਅੰਕੜੇ ਜਾਰੀ ਕੀਤੇ ਗਏ। ਇਨ੍ਹਾਂ ਅੰਕੜਿਆਂ ’ਚ ਲੋਕਾਂ ਨੂੰ ਉਮੀਦ ਦੇ ਅਨੁਸਾਰ ਜੌਬ ਨਾ ਮਿਲਣ ਨਾਲ ਬੇਰੋਜ਼ਗਾਰੀ ਦਰ 3 ਸਾਲਾਂ ਦੇ ਹਾਈ ’ਤੇ ਪਹੁੰਚ ਗਈ। ਇਸ ਰਿਪੋਰਟ ਤੋਂ ਬਾਅਦ ਅਮਰੀਕਾ ’ਚ ਮੰਦੀ ਦੇ ਖਦਸ਼ੇ ਨੇ ਇਕ ਵਾਰ ਫਿਰ ਜ਼ੋਰ ਫੜ ਲਿਆ।
ਅਮਰੀਕਾ ਇੰਝ ਬਣਿਆ ਖਲਨਾਇਕ
ਇਸ ਰਿਪੋਰਟ ਨਾਲ ਅਮਰੀਕੀ ਬਾਜ਼ਾਰ ਜ਼ੋਰ ਨਾਲ ਡਿੱਗਿਆ। ਇਸ ਦਾ ਅਸਰ ਬਾਕੀ ਬਾਜ਼ਾਰਾਂ ’ਤੇ ਵੀ ਦਿਸਣਾ ਸ਼ੁਰੂ ਹੋ ਗਿਆ। ਅਸਲ ’ਚ ਅਮਰੀਕਾ ’ਚ ਮੰਦੀ ਆਉਂਦੀ ਹੈ ਤਾਂ ਇਸ ਨੂੰ ਗਲੋਬਲ ਮੰਦੀ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਅਮਰੀਕਾ ਦੀ ਇਹ ਖਬਰ ਭਾਰਤ ਲਈ ਖਲਨਾਇਕ ਸਾਬਤ ਹੋਈ।
ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ 4 ਸਾਲਾਂ ਦੀ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਵੀ ਬਾਜ਼ਾਰ ਬੁਰੀ ਤਰ੍ਹਾਂ ਟੁੱਟਿਆ ਸੀ। ਇਸ ਇਕ ਦਿਨ ਨੂੰ ਛੱਡ ਦਿੱਤਾ ਜਾਵੇ ਤਾਂ ਸੋਮਵਾਰ ਨੂੰ ਮਾਰਚ 2020 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ।
ਅਮਰੀਕੀ ਸ਼ੇਅਰ ਬਾਜ਼ਾਰ ’ਤੇ ਅਸਰ
ਅਮਰੀਕੀ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹੇ। ਡਾਓ ਜੋਂਸ 821.18 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਡਾਓ ਜੋਂਸ ਇੰਡਸਟ੍ਰੀਅਲ ਐਵਰੇਜ ’ਚ 610.71 ਅੰਕ ਭਾਵ 1.51 ਫੀਸਦੀ ਦੀ ਗਿਰਾਵਟ ਆਈ ਸੀ। ਉੱਧਰ ਐੱਸ. ਐਂਡ ਪੀ. 500 ਇੰਡੈਕਸ 1.84 ਫੀਸਦੀ ਅਤੇ ਟੈੱਕ ਸਟਾਕ ਫੋਕਸਡ ਇੰਡੈਕਸ ਨਾਸਡੈਕ ਕੰਪੋਜ਼ਿਟ 2.43 ਫੀਸਦੀ ਦੇ ਨੁਕਸਾਨ ’ਚ ਰਿਹਾ ਸੀ।
ਜਾਪਾਨ ’ਚ ਇਤਿਹਾਸਕ ਗਿਰਾਵਟ
ਇਹ ਤਾਂ ਹੋਈ ਅਮਰੀਕਾ ਅਤੇ ਭਾਰਤ ਦੀ ਗੱਲ, ਹੁਣ ਆਓ ਦੇਖਦੇ ਹਾਂ ਜਾਪਾਨ ਦਾ ਹਾਲ। ਜਾਪਾਨ ਦੇ ਸ਼ੇਅਰ ਬਾਜ਼ਾਰ ’ਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਾਪਾਨ ਦਾ ਬੈਂਚਮਾਰਕ ਨਿੱਕੇਈ 225 ਇੰਡੈਕਸ 4451 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਇਹ ਅੰਕਾਂ ਦੇ ਹਿਸਾਬ ਨਾਲ ਇਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ।
ਆਲਮ ਇਹ ਹੋ ਗਿਆ ਕਿ ਜਾਪਾਨ ਅਤੇ ਕੋਰੀਆ ਮਾਰਕੀਟ ਦੀ ਟ੍ਰੇਡਿੰਗ ਥੋੜੀ ਦੇਰ ਲਈ ਰੋਕਣੀ ਪੈ ਗਈ। ਜਾਪਾਨ ਤੋਂ ਬਾਅਦ ਕੋਰੀਆ ਦੀ ਗੱਲ ਕਰੀਏ ਤਾਂ ਕੋਰੀਆ ਐਕਸਚੇਂਜ ਦੇ ਬੈਂਚਮਾਰਕ ਕੋਸਪੀ ’ਚ 8 ਫੀਸਦੀ ਤੋਂ ਵੱਧ ਦੀ ਗਿਰਾਵਟ ਤੋਂ ਬਾਅਦ ਕੁਝ ਦੇਰ ਲਈ ਟ੍ਰੇਡਿੰਗ ਰੋਕਣੀ ਪਈ।
ਉੱਧਰ ਤਾਈਵਾਨ ਦਾ ਟਾਈਐਕਸ ਇੰਡੈਕਸ ਵੀ 8.4 ਫੀਸਦੀ ਡਿੱਗ ਕੇ ਬੰਦ ਹੋਇਆ, ਜੋ ਇਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਉੱਧਰ ਆਸਟ੍ਰੇਲੀਆ ਦੇ ਐੱਸ. ਐਂਡ ਪੀ./ਏ. ਐੱਸ.ਐਕਸ 200 ਇੰਡੈਕਸ ’ਚ 3.6 ਫੀਸਦੀ ਦੀ ਗਿਰਾਵਟ ਆਈ। ਹਾਂਗਕਾਂਗ ਦੇ ਹੈਂਗਸੈਂਗ ਇੰਡੈਕਸ ’ਚ 2.6 ਫੀਸਦੀ ਅਤੇ ਚੀਨ ਦੇ ਸ਼ੰਘਾਈ ਕੰਪੋਜ਼ਿਟ ’ਚ 1.2 ਫੀਸਦੀ ਦੀ ਗਿਰਾਵਟ ਆਈ ਹੈ।
ਕਿਉਂ ਆਈ ਇੰਨੀ ਵੱਡੀ ਗਿਰਾਵਟ
ਭਾਰਤ ’ਚ ਗਿਰਾਵਟ ਲਈ ਜਿਥੇ ਅਮਰੀਕਾ ਨੇ ਖਲਨਾਇਕ ਦਾ ਕੰਮ ਕੀਤਾ, ਉਥੇ ਜਾਪਾਨ ’ਚ ਇਤਿਹਾਸਕ ਗਿਰਾਵਟ ਲਈ 3 ਵਿਲੇਨ ਜ਼ਿੰਮੇਵਾਰ ਰਹੇ। ਯੇਨ ’ਚ ਉਛਾਲ, ਸਖਤ ਮੁਦਰਾ ਨੀਤੀ ਅਤੇ ਅਮਰੀਕਾ ’ਚ ਮੰਦੀ। ਇਨ੍ਹਾਂ 3 ਕਾਰਨਾਂ ਨੇ ਜਾਪਾਨ ਦੀ ਮਾਰਕੀਟ ਨੂੰ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ। ਇਨ੍ਹਾਂ ਕਾਰਨਾਂ ਦੇ ਕਾਰਨ ਜਾਪਾਨ ’ਚ ਨਿਵੇਸ਼ਕਾਂ ਦਾ ਭਰੋਸਾ ਟੁੱਟਿਆ, ਜਿਸ ਤੋਂ ਬਾਅਦ ਜਾਪਾਨ ਦੇ ਇਕਵਿਟੀ ਬੈਂਚਮਾਰਕ ਪਿਛਲੇ ਮਹੀਨੇ ਦੀ ਰਿਕਾਰਡ ਉੱਚਾਈ ਤੋਂ ਲੱਗਭਗ 20 ਫੀਸਦੀ ਤੱਕ ਹੇਠਾਂ ਡਿੱਗ ਗਏ।
ਬਾਜ਼ਾਰ ਡਿੱਗਣ ਦੇ ਕਾਰਨ
ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਦੇ ਖਦਸ਼ੇ ਦੇ ਕਾਰਨ ਗਲੋਬਲ ਮਾਰਕੀਟ ’ਚ ਨੈਗੇਟਿਵ ਸੈਂਟੀਮੈਂਟ ਹਨ। ਇਸੇ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕਾ ’ਚ ਮੰਦੀ ਦਾ ਖਦਸ਼ਾ ਵਧ ਗਿਆ ਹੈ, ਜਿਸ ਦੇ ਕਾਰਨ ਪਿਛਲੇ ਕਾਰੋਬਾਰੀ ਦਿਨ ਅਮਰੀਕੀ ਬਾਜ਼ਾਰ ’ਚ ਗਿਰਾਵਟ ਰਹੀ। ਇਸ ਦਾ ਅਸਰ ਪੂਰੀ ਦੁਨੀਆ ਦੇ ਬਾਜ਼ਾਰਾਂ ’ਚ ਦਿਸ ਰਿਹਾ ਹੈ।
ਵਾਰੇਨ ਬਫੇ ਦੀ ਕੰਪਨੀ ਬਰਕਸ਼ਾਇਰ ਹੈਥਵੇ ਨੇ ਐਪਲ ’ਚ ਆਪਣੀ 50 ਫੀਸਦੀ ਹਿੱਸੇਦਾਰੀ ਵੇਚ ਦਿੱਤੀ ਹੈ। ਉਹ ਹੁਣ ਕੈਸ਼ ਵਧਾਉਣ ’ਤੇ ਫੋਕਸ ਕਰ ਰਹੇ ਹਨ। ਹੋਰ ਵੱਡੇ ਨਿਵੇਸ਼ਕ ਵੀ ਸੇਲਿੰਗ ਕਰ ਰਹੇ ਹਨ।
ਭਾਰਤੀ ਸ਼ੇਅਰ ਬਾਜ਼ਾਰ ਦੀ ਮੌਜੂਦਾ ਵੈਲਿਊਏਸ਼ਨ ਵਧੀ ਹੋਈ ਹੈ। ਖਾਸ ਤੌਰ ’ਤੇ ਮਿਡ ਅਤੇ ਸਮਾਲ ਕੈਪ ਸੈਗਮੈਂਟ ’ਚ। ਬਾਜ਼ਾਰ ’ਚ ਇਸ ਕਾਰਨ ਚੰਗਾ-ਵਧੀਆ ਕਰੈਕਸ਼ਨ ਦਿਸ ਸਕਦਾ ਹੈ। ਇਸ ਤੋਂ ਇਲਾਵਾ ਬੈਂਕ ਆਫ ਜਾਪਾਨ ਨੇ ਵਿਆਜ ਦਰਾਂ ’ਚ ਵਾਧਾ ਕੀਤਾ ਹੈ, ਜਿਸ ਕਾਰਨ ਜਾਪਾਨ ਦੇ ਸ਼ੇਅਰ ਬਾਜ਼ਾਰ ’ਚ ਵੀ ਗਿਰਾਵਟ ਆਈ ਹੈ।
ਸੋਨੇ ਦੀਆਂ ਕੀਮਤਾਂ 'ਚ ਵਾਧਾ ਜਾਰੀ, ਜਾਣੋ ਅੱਜ ਚਾਂਦੀ ਦੇ ਕਿੰਨੇ ਵਧੇ ਭਾਅ
NEXT STORY