ਨਵੀਂ ਦਿੱਲੀ— ਆਮ ਤੌਰ ’ਤੇ ਬੈਂਕ, ਬੀਮਾ ਕੰਪਨੀ ਜਾਂ ਮਿਊਚੁਅਲ ਫੰਡ ਹਾਊਸ ਵੱਲੋਂ ਸੇਵਾ ’ਚ ਲਾਪ੍ਰਵਾਹੀ ਜਾਂ ਦੇਰੀ ’ਤੇ ਅਸੀਂ ਹਰਜਾਨਾ ਨਹੀਂ ਮੰਗਦੇ ਹਾਂ ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਬੀਮਾ ਕੰਪਨੀ ਤੁਹਾਨੂੰ ਦਾਅਵਾ ਦੇਣ ’ਚ ਦੇਰੀ ਕਰੇ ਤਾਂ ਤੁਸੀਂ ਖਰਾਬ ਸੇਵਾ ਦੀ ਇਵਜ਼ ’ਚ ਮੁਆਵਜ਼ਾ ਮੰਗ ਸਕਦੇ ਹੋ। ਇਸੇ ਤਰ੍ਹਾਂ ਬੈਂਕ ਆਮਦਨ ਕਰ ਵਿਭਾਗ ਤੋਂ ਵੀ ਹਰਜਾਨਾ ਵਸੂਲ ਸਕਦੇ ਹਨ। ਆਓ ਜਾਣਦੇ ਹਾਂ ਕਿ ਅਸੀਂ ਖਰਾਬ ਸੇਵਾ ’ਤੇ ਕਿਸ ਤਰ੍ਹਾਂ ਮੁਆਵਜ਼ਾ ਮੰਗ ਸਕਦੇ ਹਾਂ।
ਇੰਸ਼ੋਰੈਂਸ ਕੰਪਨੀ ਨੂੰ ਦੇਣਾ ਹੁੰਦੈ ਜ਼ਿਆਦਾ ਵਿਆਜ
ਬੀਮਾ ਰੈਗੂਲੇਟਰੀ ਇਰਡਾ ਅਨੁਸਾਰ ਜੇਕਰ ਬੀਮਾ ਕੰਪਨੀ ਡੈੱਥ ਕਲੇਮ ਸਮੇਂ ’ਤੇ ਨਬੇੜ ਨਹੀਂ ਪਾਉਂਦੀ ਹੈ ਤਾਂ ਉਸ ਨੂੰ ਰੇਪੋ ਰੇਟ ਤੋਂ 2 ਫੀਸਦੀ ਉਤੇ ਦਾ ਵਿਆਜ ਮੁਆਵਜ਼ੇ ਦੇ ਰੂਪ ’ਚ ਦੇਣਾ ਹੁੰਦਾ ਹੈ। ਕੰਪਨੀ ਕੋਲ ਦਾਅਵਾ ਮੰਨਣ ਜਾਂ ਖਾਰਿਜ ਕਰਨ ਲਈ ਸਰਵੇ ਰਿਪੋਰਟ ਅਤੇ ਸਬੰਧਤ ਸੂਚਨਾ ਮਿਲਣ ਤੋਂ ਬਾਅਦ 30 ਦਿਨਾਂ ਦਾ ਸਮਾਂ ਹੁੰਦਾ ਹੈ। ਇਸੇ ਤਰ੍ਹਾਂ ਸਿਹਤ ਬੀਮਾ ਕੰਪਨੀਆਂ ਨੂੰ ਮੁਆਵਜ਼ਾ ਚੁਕਾਉਣਾ ਹੁੰਦਾ ਹੈ। ਬੀਮਾ ਕੰਪਨੀ ਨੂੰ ਜਾਂਚ ਅੰਤਿਮ ਦਸਤਾਵੇਜ਼ ਹਾਸਲ ਹੋਣ ਦੇ 30 ਦਿਨਾਂ ਦੇ ਅੰਦਰ ਅਤੇ ਦਾਅਵਾ 45 ਦਿਨਾਂ ਦੇ ਅੰਦਰ ਨਿਪਟਾਉਣਾ ਹੁੰਦਾ ਹੈ।
ਮਿਊਚੁਅਲ ਫੰਡ ਨਾਲ ਪਨੈਲਟੀ
ਤੁਸੀਂ ਕਿਸੇ ਮਿਊਚੁਅਲ ਫੰਡ ਕੰਪਨੀ ’ਚ ਨਿਵੇਸ਼ ਕਰਦੇ ਹੋ। ਜੇਕਰ ਮਿਊਚੁਅਲ ਫੰਡ ਕੰਪਨੀ ਤੁਹਾਡੀ ਅਰਜ਼ੀ ਦੇ 10 ਦਿਨਾਂ ਤੋਂ ਬਾਅਦ ਜਾਂ ਡਿਵੀਡੈਂਡ ਦੇ ਐਲਾਨ ਹੋਣ ਦੇ 30 ਦਿਨ ਬਾਅਦ ਵੀ ਭੁਗਤਾਨ ਨਹੀਂ ਕਰਦੀ ਹੈ ਤਾਂ ਕੰਪਨੀ ਤੋਂ ਪਨੈਲਟੀ ਲਈ ਜਾ ਸਕਦੀ ਹੈ। ਕੰਪਨੀ ਤੋਂ ਪਨੈਲਟੀ ਦੇ ਤੌਰ ’ਤੇ 15 ਫੀਸਦੀ ਦੀ ਦਰ ਨਾਲ ਦੇਣ ਯੋਗ ਰਕਮ ’ਤੇ ਦੇਰੀ ਵਾਲੀ ਮਿਆਦ ਲਈ ਵਿਆਜ ਲਿਆ ਜਾ ਸਕਦਾ ਹੈ।
ਬੈਂਕ-ਵਾਲੇਟ ਲਈ ਨਿਯਮ
ਕਿਸੇ ਬੈਂਕ ਦੇ ਗਾਹਕ ਹੋ ਅਤੇ ਏ. ਟੀ. ਐੱਮ. ਤੋਂ ਪੈਸਾ ਕਢਵਾਉਣ ਦੌਰਾਨ ਤੁਹਾਡਾ ਪੈਸਾ ਖਾਤੇ ਤੋਂ ਕੱਟ ਜਾਂਦਾ ਹੈ ਪਰ ਕੈਸ਼ ਨਹੀਂ ਮਿਲਦਾ ਤਾਂ ਬੈਂਕ ਕੋਲ ਉਸ ਨੂੰ ਵਾਪਸ ਕਰਨ ਲਈ 6 ਦਿਨ (ਟ੍ਰਾਂਜ਼ੈਕਸ਼ਨ ਵਾਲੇ ਦਿਨ ਤੋਂ ਬਾਅਦ 5 ਦਿਨ ਹੋਰ) ਦਾ ਸਮਾਂ ਹੁੰਦਾ ਹੈ। ਇਸ ਤੋਂ ਬਾਅਦ ਜੇਕਰ ਬੈਂਕ ਤੁਹਾਨੂੰ ਪੈਸਾ ਨਹੀਂ ਦਿੰਦਾ ਹੈ ਤਾਂ 100 ਰੁਪਏ ਰੋਜ਼ਾਨਾ ਦੀ ਪਨੈਲਟੀ ਸ਼ੁਰੂ ਹੋ ਜਾਂਦੀ ਹੈ। ਉਥੇ ਮੋਬਾਇਲ ਵਾਲੇਟ ਤੋਂ ਪੈਸਾ ਕੱਟ ਜਾਂਦਾ ਹੈ ਤਾਂ ਕੰਪਨੀ ਨੂੰ ਇਕ ਦਿਨ ਦੇ ਅੰਦਰ ਪੈਸਾ ਮੋੜਨਾ ਹੋਵੇਗਾ। ਅਜਿਹਾ ਨਾ ਕਰਨ ’ਤੇ ਤੀਜੇ ਦਿਨ ਤੋਂ 100 ਰੁਪਏ ਰੋਜ਼ਾਨਾ ਪਨੈਲਟੀ ਚੁਕਾਉਣੀ ਹੋਵੇਗੀ।
ਰੀਫੰਡ ’ਚ ਦੇਰੀ ’ਤੇ ਦੇਣਦਾਰੀ
ਜੇਕਰ ਤੁਹਾਨੂੰ ਐਡਵਾਂਸ ਟੈਕਸ ਜਾਂ ਟੀ. ਡੀ. ਐੱਸ. ਦੇ ਤੌਰ ’ਤੇ ਅਦਾ ਕੀਤੀ ਗਈ ਵਾਧੂ ਰਕਮ ਦਾ ਰੀਫੰਡ ਸਮੇਂ ’ਤੇ ਨਹੀਂ ਮਿਲਦਾ ਹੈ ਤਾਂ ਤੁਹਾਨੂੰ ਰੀਫੰਡ ’ਤੇ ਹਰ ਮਹੀਨੇ 0.5 ਫੀਸਦੀ ਦਾ ਵਿਆਜ ਮਿਲੇਗਾ ਪਰ ਜੇ ਰੀਫੰਡ ਦੀ ਰਕਮ ਟੈਕਸ ਦੇਣਦਾਰੀ ਦੇ 10 ਫੀਸਦੀ ਤੋਂ ਘੱਟ ਹੁੰਦੀ ਹੈ ਤਾਂ ਤੁਹਾਨੂੰ ਉਸ ’ਤੇ ਕੋਈ ਵਿਆਜ ਨਹੀਂ ਮਿਲੇਗਾ। ਜੇਕਰ ਰਿਟਰਨ 31 ਜੁਲਾਈ ਤੋਂ ਪਹਿਲਾਂ ਦਾਖਲ ਕੀਤੀ ਗਈ ਹੈ ਤਾਂ ਵਿਆਜ ਮੁਲਾਂਕਣ ਸਾਲ ’ਚ 1 ਅਪ੍ਰੈਲ ਤੋਂ ਰੀਫੰਡ ਭੁਗਤਾਨ ਦੀ ਤਰੀਕ ਤੱਕ ਲਈ ਮਿਲੇਗਾ। ਰਿਟਰਨ ਬਾਅਦ ’ਚ ਫਾਈਲ ਹੋਣ ’ਤੇ ਇਹ ਸਮਾਂ ਉਦੋਂ ਤੋਂ ਸ਼ੁਰੂ ਹੋਵੇਗਾ।
IBBI ਨਾਲ ਕੰਪਨੀਆਂ ਨੂੰ ਸਮੇਂ ਤੋਂ ਪਹਿਲਾਂ ਬੰਦ ਹੋਣ ਤੋਂ ਬਚਾਉਣਾ ਸੰਭਵ ਹੋਇਆ : ਸਾਹੂ
NEXT STORY