ਸੋਲਨ/ਸ਼ਿਮਲਾ/ਚੰਡੀਗੜ੍ਹ- ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਦੁਆਰਾ ਅੱਜ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਆਫ਼ਤ ਪ੍ਰਬੰਧਨ, ਪੋਸ਼ਣ ਅਭਿਆਨ, ਬਾਗਬਾਨੀ ਮਿਸ਼ਨ ਅਤੇ ਮਹਿਲਾ ਸਸ਼ਕਤੀਕਰਣ ਵਰਗੇ ਵਿਸ਼ਿਆਂ 'ਤੇ ਇੱਕ ਮੀਡੀਆ ਵਰਕਸ਼ਾਪ, "ਵਾਰਤਾਲਾਪ" ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਆਫ਼ਤ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ 'ਤੇ ਸਰਕਾਰ ਅਤੇ ਚੌਥੇ ਥੰਮ੍ਹ ਦੇ ਦਰਮਿਆਨ ਸਾਰਥਕ ਸੰਵਾਦ ਅਤੇ ਵਿਚਾਰਾਂ ਦੇ ਉਪਯੋਗੀ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ ਸੀ।
ਇਸ ਵਾਰਤਾਲਾਪ ਦੀ ਸ਼ੁਰੂਆਤ ਸੋਲਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਨਮੋਹਨ ਸ਼ਰਮਾ ਨੇ ਕੀਤੀ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਇੱਕ ਅਜਿਹਾ ਖੇਤਰ ਹੈ, ਜੋ ਮੀਡੀਆ ਰਿਪੋਰਟਾਂ ਵਿੱਚ ਸਨਸਨੀਖੇਜ਼ਤਾ ਹੋਣ ਕਾਰਨ ਗੈਰ ਜ਼ਰੂਰੀ ਰੂਪ ਵਿੱਚ ਪ੍ਰਭਾਵਿਤ ਹੋ ਸਕਦਾ ਹੈ।
ਸੋਲਨ ਮੀਡੀਆ ਦੀ ਪਰਿਪੱਕ ਅਤੇ ਸੰਤੁਲਿਤ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਡੀਆ ਵਲੋਂ ਜਨਤਾ ਨੂੰ ਇਹ ਭਰੋਸਾ ਦਿਵਾਉਣ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਕਿ ਸਰਕਾਰ ਆਫ਼ਤਾਂ ਦੌਰਾਨ ਸਰਗਰਮ ਹੈ ਅਤੇ ਆਫਤਾਂ ਸਮੇਂ ਕਾਰਵਾਈ ਕਰ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਡੀਆ ਵੱਡੀਆਂ ਆਫ਼ਤਾਂ ਨਾਲ ਨਜਿੱਠਣ ਅਤੇ ਉਨ੍ਹਾਂ ਦੇ ਪ੍ਰਬੰਧਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਵੱਛਤਾ ਅਭਿਆਨ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਇਸ ਅਭਿਆਨ ਦੀ ਸਫਲਤਾ ਵਿੱਚ ਮੀਡੀਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੀਡੀਆ ਦੀ ਮੁੱਖ ਭੂਮਿਕਾ ਸਰਕਾਰ ਨੂੰ ਜਵਾਬਦੇਹ ਬਣਾਉਣਾ ਅਤੇ ਅਣਸੁਣੀਆਂ ਆਵਾਜ਼ਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਮੀਡੀਆ ਦੀ ਭੂਮਿਕਾ ਕੁਝ ਹੱਦ ਤੱਕ ਬਦਲੀ ਹੈ, ਅਤੇ ਇਸ ਲਈ, ਮੀਡੀਆ ਨੂੰ ਹੁਣ ਵਧੇਰੇ ਜ਼ਿੰਮੇਵਾਰ ਹੋਣ ਦੀ ਲੋੜ ਹੈ।
ਸੋਲਨ ਜ਼ਿਲ੍ਹੇ ਦੇ ਏਡੀਸੀ ਸ਼੍ਰੀ ਰਾਹੁਲ ਜੈਨ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਐਕਟ ਲਾਗੂ ਹੋਣ ਤੋਂ ਬਾਅਦ, ਹਿਮਾਚਲ ਵਿੱਚ ਕਈ ਆਫ਼ਤਾਂ ਆਈਆਂ ਹਨ, ਪਰ ਜਾਨੀ ਨੁਕਸਾਨ ਵਿੱਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਆਫ਼ਤ ਪ੍ਰਤੀਕਿਰਿਆ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਪ੍ਰਭਾਵਿਤ ਭਾਈਚਾਰੇ ਦੀ ਹੁੰਦੀ ਹੈ। ਪ੍ਰਤੀਕਿਰਿਆ ਤੋਂ ਇਲਾਵਾ, ਮੀਡੀਆ ਵੀ ਭਾਈਚਾਰਕ ਜਾਗਰੂਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸ਼੍ਰੀ ਜੈਨ ਨੇ ਦੱਸਿਆ ਕਿ ਆਫ਼ਤਾਂ ਨਾਲ ਨਜਿੱਠਣ ਦੀ ਤਿਆਰੀ ਲਈ ਸਕੂਲਾਂ ਵਿੱਚ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਨੌਜਵਾਨ ਵਲੰਟੀਅਰਾਂ ਦੀ 2000 ਟਾਸਕ ਫੋਰਸ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਇਸ ਤੋਂ ਇਲਾਵਾ ਅਤੇ 200 ਆਫ਼ਤ ਮਿੱਤਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ 520 ਰਾਜਮਿਸਤਰੀਆਂ ਨੂੰ ਭੂਚਾਲ-ਸੁਰੱਖਿਅਤ ਇਮਾਰਤਾਂ ਦੇ ਨਿਰਮਾਣ ਦੇ ਤਰੀਕਿਆਂ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਸਕੂਲਾਂ ਵਿੱਚ ਸੁਰੱਖਿਅਤ ਨਿਰਮਾਣ ਮਾਡਲਾਂ ਬਾਰੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਮੀਡੀਆ ਆਫ਼ਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮੀਡੀਆ ਦੀ ਸਕਾਰਾਤਮਕ ਭੂਮਿਕਾ ਨਾਲ ਲੰਬੇ ਸਮੇਂ ਦੇ ਆਫ਼ਤ ਜੋਖਮਾਂ ਨੂੰ ਘੱਟ ਕੀਤਾ ਜਾ ਸਕਦਾ ਹੈ, ਜਿਸ ਨਾਲ ਜਾਨੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ‘ਤੇ ਸੋਲਨ ਬਾਗਬਾਨੀ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ. ਸ਼ਿਫਾਲੀ ਠਾਕੁਰ ਨੇ ਦੱਸਿਆ ਕਿ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ ਦੇ ਤਹਿਤ, ਜ਼ਿਲ੍ਹੇ ਵਿੱਚ ਵੱਖ-ਵੱਖ ਫਲਾਂ, ਸਬਜ਼ੀਆਂ ਅਤੇ ਫੁੱਲਾਂ ਦੀਆਂ ਕਿਸਮਾਂ ਦੀ ਪਰਖ ਕੀਤੀ ਜਾ ਰਹੀ ਹੈ ਤਾਂ ਜੋ ਸੇਬਾਂ 'ਤੇ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਪੌਲੀ ਹਾਊਸਾਂ ਅਤੇ ਗ੍ਰੀਨ ਹਾਊਸਾਂ ਰਾਹੀਂ ਸੁਰੱਖਿਅਤ ਖੇਤੀ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਅਤੇ ਮਸ਼ੀਨੀਕਰਣ ਅਤੇ ਸਪਲਾਈ ਚੇਨ ਵੀ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬਾਗਬਾਨੀ ਖੇਤਰ ਭਾਰਤੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਬਾਗਬਾਨੀ ਬਿਹਤਰ ਪੋਸ਼ਣ ਨੂੰ ਉਤਸ਼ਾਹਿਤ ਕਰਦੀ ਹੈ, ਵਿਕਲਪਿਕ ਗ੍ਰਾਮੀਣ ਰੁਜ਼ਗਾਰ ਪ੍ਰਦਾਨ ਕਰਦੀ ਹੈ, ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਦੀ ਹੈ, ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਦੀ ਹੈ। ਇਸ ਮਿਸ਼ਨ ਨਾਲ ਸੋਲਨ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ।
ਸ਼ੂਲਿਨੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਨਿਸ਼ਾ ਕਪੂਰ ਨੇ ਦੱਸਿਆ ਕਿ ਸਵਸਥ ਨਾਰੀ ਸਸ਼ਕਤ ਪਰਿਵਾਰ ਅਭਿਆਨ ,ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਮਹੱਤਵਪੂਰਨ ਪਹਿਲ ਹੈ ਜਿਸ ਦਾ ਉਦੇਸ਼ ਪਹੁੰਚ, ਗੁਣਵੱਤਾ, ਦੇਖਭਾਲ ਅਤੇ ਜਾਗਰੂਕਤਾ ਵਿੱਚ ਸੁਧਾਰ ਵੱਲ ਧਿਆਨ ਦੇਣ ਦੇ ਨਾਲ ਦੇਸ਼ ਵਿੱਚ ਮਹਿਲਾਵਾਂ ਅਤੇ ਬੱਚਿਆਂ ਲਈ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ਦੀ ਸ਼ਮੂਲੀਅਤ ਨਾਲ ਇਸ ਅਭਿਆਨ ਨੂੰ ਸਫਲ ਬਣਾਇਆ ਜਾ ਸਕਦਾ ਹੈ।
ਸੋਲਨ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰੋਗਰਾਮ ਅਫਸਰ ਪਦਮ ਦੇਵ ਸ਼ਰਮਾ ਨੇ ਦੱਸਿਆ ਕਿ ਪੋਸ਼ਣ ਅਭਿਆਨ ਇੱਕ ਅਜਿਹਾ ਮਿਸ਼ਨ ਹੈ, ਜਿਸ ਦਾ ਉਦੇਸ਼ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਕਿਸ਼ੋਰੀਆਂ/ਕੁੜੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਨਿਸ਼ਾਨਾਬੱਧ ਕਰਦੇ ਹੋਏ, ਤਕਨੀਕ ਸੰਚਾਲਿਤ, ਭਾਈਚਾਰਾਕ- ਕੇਂਦ੍ਰਿਤ ਵਿਚਾਰਧਾਰਾ ਰਾਹੀਂ ਕੁਪੋਸ਼ਣ ਦੀ ਸਮੱਸਿਆ ਦਾ ਸਮਾਧਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਸਤੰਬਰ ਵਿੱਚ ਮਨਾਏ ਜਾਣ ਵਾਲੇ ਪੋਸ਼ਣ ਮਾਹ ਵਰਗੇ ਅਭਿਆਨਾਂ ਰਾਹੀਂ, ਪਹਿਲਾਂ 1,000 ਦਿਨਾਂ ਵਿੱਚ, ਬੱਚਿਆਂ ਵਿੱਚ ਸਟੰਟਿੰਗ (ਬੌਨੇਪਣ), ਕੁਪੋਸ਼ਣ, ਅਨੀਮੀਆ ਅਤੇ ਜਨਮ ਸਮੇਂ ਘੱਟ ਜਨਮ ਵਜ਼ਨ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਂਦਾ ਸੀ।
ਇਸ ਤੋਂ ਪਹਿਲਾਂ, ਪੀਆਈਬੀ ਸ਼ਿਮਲਾ ਦੇ ਸਹਾਇਕ ਨਿਦੇਸ਼ਕ ਸੰਜੀਵ ਸ਼ਰਮਾ ਨੇ ਵਾਰਤਾਲਾਪ ਦੇ ਉਦੇਸ਼ਾਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਇਹ ਵਾਰਤਾਲਾਪ ਲੋਕ ਭਲਾਈ ਯੋਜਨਾਵਾਂ ਨੂੰ ਮੀਡੀਆ ਰਾਹੀਂ ਜਨਤਾ ਤੱਕ ਪਹੁੰਚਾਉਣ ਦਾ ਸਾਰਥਕ ਯਤਨ ਹੈ। ਇਸ ਮੌਕੇ 'ਤੇ, ਪੀਆਈਬੀ ਚੰਡੀਗੜ੍ਹ ਦੇ ਮੀਡੀਆ ਅਤੇ ਸੰਚਾਰ ਅਧਿਕਾਰੀ ਅਹਿਮਦ ਖਾਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵੱਖ-ਵੱਖ ਵਿਭਾਗਾਂ ਅਤੇ ਇਕਾਈਆਂ ਦੇ ਕੰਮ ਬਾਰੇ ਇੱਕ ਪੇਸ਼ਕਾਰੀ ਦਿੱਤੀ। ਸ਼੍ਰੀ ਖਾਨ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਧੰਨਵਾਦ ਪ੍ਰਸਤਾਵ ਦਿੱਤਾ। ਵਰਕਸ਼ਾਪ ਵਿੱਚ ਸੋਲਨ ਜ਼ਿਲ੍ਹੇ ਦੀ ਸਹਾਇਕ ਕਮਿਸ਼ਨਰ ਸੁਸ਼੍ਰੀ ਨੀਰਜਾ ਸ਼ਰਮਾ ਵੀ ਮੌਜੂਦ ਸਨ। ਉੱਥੇ ਹੀ ਸੋਲਨ ਜ਼ਿਲ੍ਹੇ ਦੇ ਪੱਤਰਕਾਰਾਂ ਅਤੇ ਸ਼ੂਲਿਨੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਇਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
'ਯੁੱਧ ਨਸ਼ਿਆਂ ਵਿਰੁੱਧ’ਦੇ 207ਵੇਂ ਦਿਨ 52 ਨਸ਼ਾ ਤਸਕਰ ਗ੍ਰਿਫ਼ਤਾਰ, ਹੈਰੋਇਨ ਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਬਰਾਮਦ
NEXT STORY