ਇਹ ਧਰਤੀ ਦੇ ਨਸੀਬ ਹੀ ਹੁੰਦੇ ਹਨ ਕਿ ਜਿਸ ਨੂੰ ਰੱਬੀ ਇਲਾਹੀ ਰੂਹਾਂ ਆਪਣੇ ਯੋਗ ਸਮਝਦੀਆਂ ਹਨ। ਜਿਨ੍ਹਾਂ ਦੇ ਚਰਨ ਪੈਣ ਨਾਲ ਹੀ ਉਸ ਮਿੱਟੀ ਦਾ ਕਣ ਕਣ ਮਹਿਕ ਉੱਠਦਾ ਹੈ। ਸਾਰੀ ਦੀ ਸਾਰੀ ਕਾਇਨਾਤ ਝੂਮਣ ਲੱਗ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਦਰਜ ਹੈ “ ਜਿਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ'' । ਸੁਲਤਾਨਪੁਰ ਲੋਧੀ ਦੀ ਧਰਤੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾ ਪਾਕਿ ਨਹੀਂ ਸੀ ਉਹ ਤਾਂ ਪਾਕਿ ਪਵਿੱਤਰ ਗੁਰੂ ਸਾਹਿਬ ਦੇ ਕਰਕੇ ਹੋਈ।ਪਹਿਲੀ ਤੋਂ ਛੇਵੀਂ ਸਦੀ ਤਕ ਸੁਲਤਾਨਪੁਰ ਲੋਧੀ ਬੁੱਧ ਧਰਮ ਦੇ ਭਗਤੀ ਮਾਰਗ ਅਤੇ ਗਿਆਨ ਦਾ ਕੇਂਦਰ ਰਿਹਾ ਹੈ। ਉਸ ਸਮੇਂ ਸੁਲਤਾਨਪੁਰ ਲੋਧੀ ਦਾ ਨਾਂ ਸਰਵਮਾਨਪੁਰ ਸੀ।ਹਿੰਦੂ ਸ਼ਹਿਰ ਹੋਣ ਕਾਰਨ ਮੁਹੰਮਦ ਗ਼ਜ਼ਨਵੀ ਨੇ ਸੁਲਤਾਨਪੁਰ ਨੂੰ ਅੱਗ ਲਾ ਕੇ ਤਬਾਹ ਕਰ ਦਿੱਤਾ ਤੇ ਸਰਵਮਾਨਪੁਰ ਸ਼ਹਿਰ ਦਾ ਅੰਤ ਹੋ ਗਿਆ ਸੀ। ਇਹ ਕਈ ਵਾਰ ਢਾਹਿਆ ਗਿਆ, ਕਈ ਵਾਰ ਸਾੜਿਆ-ਫੂਕਿਆ ਗਿਆ ਪਰ ਇਸ ਦੀ ਕਿਸਮਤ ਚੰਗੀ ਸੀ ਕਿ ਇਹ ਫਿਰ ਤਿਆਰ ਹੋ ਜਾਂਦਾ ਰਿਹਾ ਹੈ।
ਪੰਜਾਬ ਦੇ ਹਾਕਮ ਮੁਹੰਮਦ ਖਾਨ ਸ਼ਹਿਜ਼ਾਦਾ ਸੁਲਤਾਨਖ਼ਾਨ ਇਥੋਂ ਦੀ ਲੰਘਿਆ ਤਾਂ ਇਸ ਇਲਾਕੇ ਦੀ ਹਰਿਆਲੀ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਮੁੜ ਇਸ ਸ਼ਹਿਰ ਦਾ ਨਿਰਮਾਣ ਸੁਲਤਾਨਪੁਰ ਲੋਧੀ ਦੇ ਨਾਂ 'ਤੇ ਹੋਇਆ। ਸੁਲਤਾਨਪੁਰ ਲੋਧੀ ਦਿੱਲੀ ਤੋਂ ਲਾਹੌਰ ਜਾਣ ਦਾ ਵਪਾਰਕ ਮਾਰਗ ਵੀ ਰਿਹਾ। ਕਿਸੇ ਸਮੇਂ ਸ਼ਹਿਰ 'ਚ 32 ਬਾਜ਼ਾਰ ਤੇ 5000 ਦੇ ਕਰੀਬ ਦੁਕਾਨਾਂ ਹੁੰਦੀਆਂ ਸਨ। ਹਜ਼ਾਰ ਸਾਲ ਪੁਰਾਣਾ ਸ਼ਹਿਰ ਸੁਲਤਾਨਪੁਰ ਲੋਧੀ ਭਾਰਤੀ ਪੰਜਾਬ ਦੇ ਕਪੂਰਥਲਾ ਜ਼ਿਲੇ ਦੀ ਇਕ ਤਹਿਸੀਲ ਹੈ।ਇਸ ਨੂੰ ਦਿੱਲੀ ਦੇ ਬਾਦਸ਼ਾਹ ਮਹਿਮੂਦ ਗਜ਼ਨਵੀ ਦੇ ਜਰਨੈਲ ਸੁਲਤਾਨ ਖਾਨ ਲੋਧੀ ਦੁਆਰਾ 1103 ਈਸਵੀ 'ਚ ਵਸਾਇਆ ਗਿਆ ਸੀ। ਇਸ ਸ਼ਹਿਰ ਦਾ ਜ਼ਿਕਰ ਆਈਨ-ਏ-ਅਕਬਰੀ 'ਚ ਕਈ ਵਾਰ ਆਉਂਦਾ ਹੈ। ਇਹ ਬਰਸਾਤੀ ਨਦੀ ਵੇਈਂ ਦੇ ਦੱਖਣੀ ਕਿਨਾਰੇ 'ਤੇ ਸਥਿਤ ਹੈ। ਸੁਲਤਾਨਪੁਰ ਲੋਧੀ ਦਾ ਇਤਿਹਾਸ ਕਰੀਬ 2000 ਸਾਲ ਪੁਰਾਣਾ ਹੈ, ਜੋ ਕਿਸੇ ਵੇਲੇ ਬੁੱਧ ਧਰਮ ਦਾ ਅਧਿਆਤਮਕ ਕੇਂਦਰ ਰਿਹਾ। 5ਵੀਂ ਤੇ 7ਵੀਂ ਸਦੀ 'ਚ ਬੁੱਧ ਧਰਮ ਦੇ ਗ੍ਰੰਥ ਅਭੀਧਰਮ ਪਸਥਾਰਵ ਦੀ ਇਥੇ ਰਚਨਾ ਕੀਤੀ। ਬੁੱਧ ਧਰਮ ਦੀ ਇਕ ਹੋਰ ਧਾਰਮਿਕ ਕਿਤਾਬ ਪ੍ਰਾਚੀਨ ਪੁਸਤਕ 'ਅਭਿਨਵ ਪੁਸਤਵਾ' ਲੇਖਕ ਕਿਤਨਾਇਆ ਨੇ ਇਸੇ ਸ਼ਹਿਰ 'ਚ ਲਿਖੀ ਸੀ।ਕਿਸੇ ਸਮੇਂ ਇਹ ਇਸਲਾਮਿਕ ਸਿਖਿਆ ਦਾ ਮੁੱਖ ਕੇਂਦਰ ਵੀ ਸੀ। ਮੁਗਲ ਰਾਜ 'ਚ ਸੁਲਤਾਨਪੁਰ ਲੋਧੀ ਰਾਜਨੀਤੀ ਤੇ ਵਿੱਦਿਆ ਦੇ ਕੇਂਦਰ ਹੋਣ ਕਰਕੇ ਕੋਈ ਜ਼ਮਾਨਾ ਸੀ ਏਥੇ ਉਸਤਾਦ ਮੁੱਲਾ ਅਬਦੁਲ ਲਤੀਫ ਦੇ ਮੁਸਲਿਮ ਮਦਰੱਸੇ 'ਚ ਦਾਰਾ ਸ਼ਿਕੋਹ ਵਰਗੇ ਬਾਦਸ਼ਾਹ ਵਿੱਦਿਆ ਪ੍ਰਾਪਤੀ ਲਈ ਦਿੱਲੀ ਤੋਂ ਇਥੇ ਸੁਲਤਾਨਪੁਰ ਲੋਧੀ ਆਉਂਦੇ ਰਹੇ ਹਨ, ਜਿਸ ਤੋਂ ਇਸ ਜਗ੍ਹਾ ਦਾ ਨਾਂ ਸੁਲਤਾਨਪੁਰ ਲੋਧੀ ਪੈ ਗਿਆ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਨੂੰ ਭਾਗ ਲਾਏ। ਗੁਰੂ ਨਾਨਕ ਦੇਵ ਜੀ ਆਪਣੀ ਭੈਣ ਬੇਬੇ ਨਾਨਕੀ ਤੇ ਜੈ ਰਾਮ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਰੋਜ਼ਗਾਰ ਦੀ ਖ਼ਾਤਰ ਇਥੇ ਆਏ ਸਨ। ਇਥੇ ਆਪ ਨੇ ਨਵਾਬ ਦੌਲਤ ਖਾਂ ਦਾ ਲੌਧੀਖਾਨਾ ਸੰਭਾਲਿਆ ਤੇ ਤੇਰਾਂ ਤੇਰਾਂ ਤੋਲ ਕੇ ਮਾਲਕ ਦੀ ਉਸਤਿਤ ਕੀਤੀ।ਉਸ ਥਾਂ ਤੇ ਗੁਰਦੁਆਰਾ ਹੱਟ ਸਾਹਬ ਹੈ। ਗੁਰੂ ਨਾਨਕ ਸਾਹਬ ਜਦੋਂ ਤਲਵੰਡੀ ਤੋਂ ਸੁਲਤਾਨਪੁਰ ਆਏ ਸਨ ਤਾਂ ਮਾਤਾ ਸੁੱਲਖਣੀ ਜੀ ਨੂੰ ਕਿਹਾ ਸੀ ਕਿ ਰੁਜ਼ਗਾਰ ਮਿਲਣ 'ਤੇ ਬੁਲਾ ਲਵਾਂਗਾਂ ਅਤੇ ਉੱਥੇ ਬੁਲਾ ਕੇ ਵੱਖਰੇ ਮਕਾਨ 'ਚ ਰਹਿਣ ਲੱਗੇ, ਸੋ ਉਸ ਜਗ੍ਹਾ 'ਤੇ ਗੁਰਦੁਆਰਾ 'ਗੁਰੂ ਕਾ ਬਾਗ' ਸਥਿੱਤ ਹੈ।
ਸਿੱਖ ਇਤਿਹਾਸ 'ਚ ਇਸ ਨਗਰ ਦਾ ਵਿਸ਼ੇਸ਼ ਅਤੇ ਉੱਲੇਖਯੋਗ ਸਥਾਨ ਹੈ। ਇਥੇ ਹੀ ਭਾਈਆ ਜੈ ਰਾਮ ਅਤੇ ਬੇਬੇ ਨਾਨਕੀ ਦੀ ਪ੍ਰੇਰਣਾ ਨਾਲ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ 'ਚ ਨੌਕਰੀ ਕੀਤੀ। ਇਥੇ ਗੁਰੂ ਸਾਹਿਬ ਕਰੀਬ ਚੌਦਾਂ ਸਾਲ ਰਹੇ।ਭਾਵੇ ਗੁਰੂ ਸਾਹਿਬ ਨੇ ਦੁਨਿਆਵੀ ਧੰਦਾ ਸਵੀਕਾਰ ਕਰ ਲਿਆ ਸੀ ਪਰ ਉਨ੍ਹਾਂ ਦੇ ਮਨ ਦੀ ਅਵਸਥਾ ਦਾ ਕੋਈ ਬਹੁਤਾ ਫਰਕ ਨਾ ਪਿਆ। ਉਹ ਦਿਨ ਵੇਲੇ ਦੁਨਿਆਵੀ ਨੌਕਰੀ ਦੇ ਫਰਜ਼ ਪੂਰੇ ਕਰਦੇ ਤੇ ਰਾਤ ਵੇਲੇ ਭਜਨ ਬੰਦਗੀ 'ਚ ਲੀਨ ਰਹਿਣ ਲੱਗੇ ।ਪੁਰਾਤਨ ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜਦੋਂ ਸੱਚਖੰਡ ਗਏ, ਜਿਥੇ ਪ੍ਰਮੇਸ਼ਰ ਨੇ ਉਨ੍ਹਾਂ ਨੂੰ ਅੰਮ੍ਰਿਤ ਦਾ ਪਿਆਲਾ ਪੀਣ ਨੂੰ ਦਿੱਤਾ ਅਤੇ ਆਪਣੇ ਨਾਂ ਦਾ ਪ੍ਰਚਾਰ ਕਰਨ ਦਾ ਕਾਰਜ ਦਿੱਤਾ ।ਗੁਰੂ ਨਾਨਕ ਸਾਹਿਬ 3 ਦਿਨਾਂ ਬਾਅਦ ਸੁਲਤਾਨਪੁਰ ਲੋਧੀ ਵਾਪਸ ਪੁੱਜੇ, ਉਨ੍ਹਾਂ ਦੇ ਵਾਪਸ ਆਉਣ 'ਤੇ ਤਲਵੰਡੀ ਵਾਸੀਆਂ ਨੂੰ ਬਹੁਤ ਖੁਸ਼ੀ ਹੋਈ, ਕਿਉਂਕਿ ਉਹ ਸਮਝੀ ਬੈਠੇ ਸਨ ਕਿ ਆਪ ਵੇਈਂ ਨਦੀ 'ਚ ਡੁੱਬ ਗਏ ਹਨ। ਵੇਈਂ ਪ੍ਰਵੇਸ਼ ਤੋਂ ਬਾਹਰ ਆ ਕੇ ਆਪ ਨੇ ਹੋਕਾ ਦਿੱਤਾ “ ਨਾ ਕੋ ਹਿੰਦੂ ਨਾ ਮੁਸਲਮਾਨ“ ਹਿੰਦੂ ਗੁਲਾਮ ਹੋਣ ਕਰਕੇ ਕੁਝ ਨਾ ਬੋਲੇ ਪਰ ਮੁਸਲਮਾਨ, ਗੁਰੂ ਸਾਹਿਬ ਦੀ ਗੁੱਝੀ ਰਮਜ ਨਾ ਸਮਝ ਸੱਕੇ ਅਤੇ ਨਵਾਬ ਦੌਲਤ ਰਾਇ ਨੂੰ ਜਾ ਸ਼ਿਕਾਇਤ ਕੀਤੀ। ਨਵਾਬ ਸਾਹਿਬ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਜੇ, ਨਾ ਕੋਈ ਹਿੰਦੂ ਅਤੇ ਨਾ ਕੋਈ ਮੁਸਲਮਾਨ ਹੈ ਤਾਂ ਤੂੰ ਕੀ ਹੈਂ? ਗੁਰੂ ਸਾਹਿਬ ਬੋਲੇ ਕਿ ਮੈਂ ਖੁਦਾ ਦਾ ਬੰਦਾ ਹਾਂ। ਮੁਲਾਣਿਆਂ ਨੇ ਕਿਹਾ ਕਿ ਜੇ ਖੁਦਾ ਦਾ ਬੰਦਾ ਹੈਂ ਤਾਂ ਸਾਡੇ ਨਾਲ ਰਲ ਕੇ ਨਿਵਾਜ ਅਦਾ ਕਰੋ ਅਤੇ ਗੁਰੂ ਸਾਹਿਬ ਤਿਆਰ ਹੋ ਗਏ।
ਕਿਲੇ ਦੇ ਸਾਹਮਣੇ ਜਦ ਸਾਰੇ ਮਸਜਿਦ 'ਚ ਜਾ ਕੇ ਨਿਵਾਜ ਅਦਾ ਕਰਨ ਲਗੇ ਤਾਂ ਗੁਰੂ ਸਾਹਿਬ ਇਕ ਪਾਸੇ ਖੜ ਗਏ ਅਤੇ ਇਕ ਦੋ ਵਾਰੀ ਹੱਸੋ, ਜੋ ਕਿ ਇਸਲਾਮ ਦੀ ਸ਼ਰਾਅ ਅਨੁਸਾਰ ਵੱਡਾ ਪਾਪ ਹੈ। ਜਦ ਨਿਵਾਜ ਖਤਮ ਹੋਈ ਮੁਲਾਣਿਆਂ ਨੇ ਸ਼ਿਕਾਇਤ ਕੀਤੀ ਕਿ ਇਕ ਤਾਂ ਨਾਨਕ ਨੇ ਨਿਵਾਜ ਨਹੀਂ ਪੜ੍ਹੀ ਦੂਸਰੇ ਇਹ ਨਿਵਾਜ ਅਦਾ ਕਰਦੇ ਵੇਲੇ ਹੱਸਿਆ ਹੈ ਇਸ ਲਈ ਇਹ ਕਾਫਿਰ ਹੈ ਇਸ ਨੂੰ ਸਜਾ ਮਿਲਣੀ ਚਾਹੀਦੀ ਹੈ। ਜਦ ਗੁਰੂ ਸਾਹਿਬ ਨੂੰ ਇਸ ਬਾਰੇ ਪੇੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਨਿਵਾਜ ਕਿਸ ਨਾਲ ਪੜ੍ਹਦਾ? ਕਾਜੀ ਦਾ ਮਨ ਤਾਂ ਘਰ 'ਚ ਸੂਈ ਹੋਈ ਘੋੜੀ ਦੇ ਵਛੇਰੇ 'ਚ ਸੀ ਅਤੇ ਨਵਾਬ ਸਾਹਿਬ ਕਾਬਲ 'ਚ ਘੋੜੇ ਖਰੀਦ ਰਹੇ ਸੀ। ਨਾਨਕ ਦੇਵ ਜੀ ਦੇ ਇੱਥੇ ਆਉਣ ਤੋਂ ਬਾਅਦ ਇਹ ਸ਼ਹਿਰ ਗੁਰੂ ਕੀ ਨਗਰੀ ਵਜੋਂ ਜਾਣਿਆ ਜਾਣ ਲੱਗ ਪਿਆ ਤੇ ਮੌਜੂਦਾ ਸਮੇਂ ਸੁਲਤਾਨਪੁਰ ਲੋਧੀ ਸਿੱਖ ਧਰਮ ਦਾ ਵੱਡਾ ਕੇਂਦਰ ਹੈ।
ਅਤਵਾਰ ਸਿੰਘ ਆਨੰਦ
9855120287
ਸੇਵਾ ਭਾਵਨਾ ਨੂੰ ਵੱਖ ਕਰ ਦਿੰਦਾ ਹੈ ਧਨ ਦਾ ਲਾਲਚ
NEXT STORY