ਸੁਲਤਾਨਪੁਰ ਲੋਧੀ, (ਧੀਰ)- ਦੇਸ਼ ਦੇ ਸਵ. ਭਾਰਤ ਰਤਨ ਪ੍ਰਾਪਤ ਸ਼੍ਰੀ ਰਾਜੀਵ ਗਾਂਧੀ ਦੇ ਬੁੱਤ ’ਤੇ ਕੁਝ ਅਕਾਲੀ ਆਗੂਆਂ ਵੱਲੋਂ ਕਾਲਖ ਮਲਣਾ ਉਨ੍ਹਾਂ ਦੇ ਬੇਹੱਦ ਨੀਚ ਮਾਨਸਿਕਤਾ ਦਾ ਸਬੂਤ ਹੈ, ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਤਕਨਾਲੌਜੀ ਦੇ ਖੇਤਰ ’ਚ ਦੁਨੀਆ ਦਾ ਸਭ ਤੋਂ ਮੂਹਰੀ ਬਣਾਉਣ ਵਾਲੇ ਅਕਾਲੀ ਆਗੂ ਸ਼ਾਇਦ ਇਸ ਗੱਲ ਨੂੰ ਭੁੱਲ ਗਏ ਹਨ ਕਿ ਉਨ੍ਹਾਂ ਦੇ ਦੇਸ਼ ਪ੍ਰਤੀ ਕੀਤੀ ਸੇਵਾ ਦਾ ਕੀ ਯੋਗਦਾਨ ਹੈ ਤੇ ਖੁਦ ਇਨ੍ਹਾਂ ਅਕਾਲੀ ਆਗੂਆਂ ਦਾ। ਸਭ ਤੋਂ ਵੱਡੀ ਸ਼ਰਮ ਤੇ ਦੁਖਦਾਈ ਗੱਲ ਇਹ ਹੈ ਕਿ ਅਕਾਲੀ ਦਲ ਦੇ ਪ੍ਰਮੁੱਖ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਹੀ ਸਾਲੇ ਬਿਕਰਮਜੀਤ ਸਿੰਘ ਮਜੀਠੀਆ ਅਜਿਹੇ ਕਾਂਡ ਨੂੰ ਦੁਖਦਾਈ ਦੱਸਣ ਦੇ ਬਾਵਜੂਦ ਉਨ੍ਹਾਂ ਦੀ ਪਿੱਠ ਠੋਕ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਦੀ ਇਹ ਕਾਰਵਾਈ ਸੂਬੇ ’ਚ ਹਾਸ਼ੀਏ ’ਤੇ ਪਹੁੰਚ ਚੁੱਕੇ ਅਕਾਲੀ ਦਲ ਦਾ ਪੁਖਤਾ ਸਬੂਤ ਹੈ ਕਿ ਕਿਸੇ ਤਰ੍ਹਾਂ ਆਪਣਾ ਗੁਆਚਾ ਹੋਇਆ ਜਨਾਧਾਰ ਵਾਪਸ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਅਜੇ ਤਕ ਕਿਸੇ ਵੀ ਰਿਪੋਰਟ ਜਾਂ ਫੈਸਲੇ ’ਚ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਨਾਂ ਨਹੀਂ ਆਇਆ ਹੈ, ਜਦਕਿ ਇਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ’ਤੇ ਹੋਰਾਂ ਆਗੂਆਂ ’ਤੇ ਸਿੱਧੇ ਤੌਰ ’ਤੇ ਦੋਸ਼ ਲੱਗ ਚੁੱਕੇ ਹਨ। ਜਿਸ ਲਈ ਉਹ ਬੀਤੇ ਦਿਨੀਂ ਅਕਾਲ ਤਖਤ ’ਤੇ ਜਾ ਕੇ ਆਪਣੀਅਾਂ ਭੁੱਲਾਂ ਬਾਰੇ ਵੀ ਖਿਮਾ ਲਈ ਅਰਦਾਸ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਦੇ ਵੀ 1984 ਦੇ ਦੰਗਿਆਂ ਨੂੰ ਸਹੀ ਨਹੀਂ ਠਹਿਰਾਇਆ ਹੈ ਤੇ ਇਸਦੇ ਲਈ ਕਾਨੂੰਨ ਜੋ ਆਪਣਾ ਕੰਮ ਕਰ ਰਿਹਾ ਹੈ ਪਾਰਟੀ ਨੇ ਹਮੇਸ਼ਾ ਉਸਦਾ ਸਨਮਾਨ ਕੀਤਾ ਹੈ।
ਚੀਮਾ ਨੇ ਕਿਹਾ ਕਿ ਇਹ ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਦੀ ਅਕਾਲੀ ਦਲ ਦੀ ਕੋਝੀ ਸਾਜ਼ਿਸ਼ ਹੈ, ਜਿਸ ’ਚ ਉਹ ਕਦੇ ਵੀ ਕਾਮਯਾਬ ਨਹੀਂ ਹੋ ਦੇਵੇਗਾ। ਸੂਬੇ ਦੇ ਅਮਨ ਤੇ ਸ਼ਾਂਤੀ ਵਾਲੇ ਮਾਹੌਲ ਨੂੰ ਖਰਾਬ ਕਰਨ ਦੀ ਜੋ ਅਕਾਲੀ ਦਲ ਹਰਕਤ ਕਰ ਰਿਹਾ ਹੈ ਉਸਦਾ ਜਵਾਬ ਕੈਪਟਨ ਸਰਕਾਰ ਬਾਖੂਬੀ ਦੇਣਾ ਜਾਣਦੀ ਹੈ। ਪੰਚਾਇਤੀ ਚੋਣਾਂ ’ਚ ਅਕਾਲੀ ਦਲ ਵੱਲੋਂ ਸਿਆਸੀ ਦਬਾਅ ਹੇਠਾਂ ਰੱਦ ਕਰਨ ਦੀ ਕਾਰਵਾਈ ਨੂੰ ਝੂਠਾ ਤੇ ਬੇਬੁਨਿਆਦ ਦੱਸਦਿਆਂ ਚੀਮਾ ਨੇ ਕਿਹਾ ਕਿ ਪੰਚਾਇਤੀ ਚੋਣਾਂ ’ਚ ਅਕਾਲੀ ਦਲ ਨੂੰ ਉਮੀਦਵਾਰ ਹੀ ਮਿਲਣੇ ਮੁਸ਼ਕਿਲ ਹੋ ਗਏ ਸਨ, ਜਿਸ ਤੋਂ ਡਰ ਕੇ ਬੁਖਲਾਹਟ ’ਚ ਇਹ ਦੋਸ਼ ਲਗਾਏ ਜਾ ਰਹੇ ਹਨ।
ਇਸ ਮੌਕੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ,ਸੁਰਜੀਤ ਸਿੰਘ ਸੱਦੂਵਾਲ ਮੈਂਬਰ ਬਲਾਕ ਸੰਮਤੀ, ਨਰਿੰਦਰ ਜੈਨਪੁਰ ਮੈਂਬਰ ਜ਼ਿਲਾ ਪ੍ਰੀਸ਼ਦ, ਜਗਜੀਤ ਸਿੰਘ ਚੰਦੀ, ਸਤਿੰਦਰ ਸਿੰਘ ਚੀਮਾ, ਕੁੰਦਨ ਸਿੰਘ ਚੱਕਾਂ, ਰਵੀ ਪੀ. ਏ., ਪਰਮਜੀਤ ਸਿੰਘ ਬਾਊਪੁਰ ਆਦਿ ਹਾਜ਼ਰ ਸਨ।
ਸਡ਼ਕ ਦੁਰਘਟਨਾ ’ਚ ਸਕੂਟਰ ਸਵਾਰ ਦੀ ਮੌਤ
NEXT STORY