ਜਲੰਧਰ (ਸ਼ੋਰੀ, ਵਰਿੰਦਰ)— ਪੰਜਾਬ 'ਚ ਚੋਣਾਂ ਖਤਮ ਹੋ ਚੁੱਕੀਆਂ ਹਨ ਪਰ ਆਗੂਆਂ ਦੇ ਦਿਲਾਂ 'ਚ ਚੋਣ ਰੰਜਿਸ਼ ਅਜੇ ਖਤਮ ਨਹੀਂ ਹੋਈ ਹੈ ਅਤੇ ਉਹ ਜੇਤੂ ਪੱਖ ਨੂੰ ਮੌਤ ਦੇ ਘਾਟ ਉਤਾਰਣ ਦੀ ਤਿਆਰੀ 'ਚ ਜੁਟੇ ਹੋਏ ਹਨ। ਅਜਿਹੀ ਸਾਜ਼ਿਸ਼ ਨੂੰ ਬੇਨਕਾਬ ਕਰਦੇ ਹੋਏ ਲਾਂਬੜਾ ਪੁਲਸ ਨੇ ਅਕਾਲੀ ਆਗੂ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਜੇਕਰ ਪੁਲਸ ਇੰਨਾ ਨੂੰ ਸਮੇਂ 'ਤੇ ਨਾ ਫੜਦੀ ਤਾਂ ਇਨ੍ਹਾਂ ਨੇ ਲਾਂਬੜਾ ਦੇ ਪਿੰਡ ਅਲੀ ਚੱਕ ਦੀ ਮੌਜੂਦਾ ਮਹਿਲਾ ਕਾਂਗਰਸੀ ਸਰਪੰਚ ਦੇ ਪਤੀ ਦੀ ਹੱਤਿਆ ਕਰਨੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਪੀ. (ਡੀ.) ਰਾਜਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਦਿਹਾਤੀ ਪੁਲਸ ਅਪਰਾਧਿਕ ਅਕਸ ਵਾਲੇ ਲੋਕਾਂ 'ਤੇ ਸਖਤ ਨਜ਼ਰ ਰੱਖ ਕੇ ਉਨ੍ਹਾਂ ਦੇ ਖਿਲਾਫ ਸਮੇਂ-ਸਮੇਂ 'ਤੇ ਕਾਰਵਾਈ ਕਰ ਰਹੀ ਹੈ। ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪ ਬਾਲੀ ਨੂੰ ਸੂਚਨਾ ਮਿਲੀ ਕਿ ਗੁੰਡੇ ਹਰਵਿੰਦਰ ਸਿੰਘ ਉਰਫ ਬਿੰਦੂ ਪੁੱਤਰ ਸਵ. ਸੋਹਨ ਸਿੰਘ ਵਾਸੀ ਪਿੰਡ ਅਲੀ ਚੱਕ ਥਾਣਾ ਲਾਂਬੜਾ ਆਪਣੇ ਸਾਥੀ ਅਮਰੀਕ ਸਿੰਘ ਉਰਫ ਸ਼ਾਹ ਪੁੱਤਰ ਕੇਵਲ ਸਿੰਘ ਵਾਸੀ ਅਲੀ ਚੱਕ, ਦਲਵੀਰ ਸਿੰਘ ਉਰਫ ਦੇਵਾ ਪੁੱਤਰ ਗੁਲਵੀਰ ਸਿੰਘ ਵਾਸੀ ਚੰਨਪੁਰ ਥਾਣਾ ਸਦਰ ਜਮਸ਼ੇਰ ਹਾਲ ਵਾਸੀ 89-ਸੀ ਤਿਲਕ ਨਗਰ ਥਾਣਾ ਭਾਰਗੋ ਕੈਂਪ, ਲਖਵੀਰ ਸਿੰਘ ਉਰਫ ਲੱਖੂ ਪੁੱਤਰ ਅਵਤਾਰ ਸਿੰਘ ਵਾਸੀ ਗੋਬਿੰਦਪੁਰ ਥਾਣਾ ਲਾਂਬੜਾ, ਹਰਵਿੰਦਰ ਸਿੰਘ ਉਰਫ ਰਾਹੁਲ ਪੁੱਤਰ ਮਹਿੰਦਰ ਵਾਸੀ ਪਿੰਡ ਨਿੱਝਰਾਂ ਥਾਣਾ ਲਾਂਬੜਾ ਨਾਲ ਮਿਲ ਕੇ ਮੋਤਾ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਅਲੀ ਚੱਕ ਜੋ ਕਿ ਪਿੰਡ ਦੀ ਮੌਜੂਦਾ ਸਰਪੰਚ ਦਾ ਪਤੀ ਹੈ, ਉਸ ਦੀ ਸਾਰੇ ਮਿਲ ਕੇ ਹੱਤਿਆ ਕਰਨਾ ਚਾਹੁੰਦੇ ਹਨ। ਇਨ੍ਹਾਂ ਸਾਰਿਆਂ ਦੇ ਕੋਲ ਹਥਿਆਰ ਵੀ ਹਨ, ਜੋ ਕਿ ਕਿਸੇ ਵੀ ਸਮੇਂ ਸਰਪੰਚ ਪਤੀ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਸਕਦੇ ਹਨ।
ਐੱਸ. ਪੀ. ਰਾਜਬੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਸ ਦਰਜ ਕਰਕੇ ਮਾਸਟਰ ਮਾਈਂਡ ਅਤੇ ਗੁੰਡੇ ਬਿੰਦੂ ਦੇ ਘਰ ਛਾਪੇਮਾਰੀ ਕੀਤੀ ਤਾਂ ਉਥੋਂ ਪੁਲਸ ਨੇ ਹਰਵਿੰਦਰ ਸਿੰਘ ਉਰਫ ਬਿੰਦੂ ਦੇ ਕੋਲੋਂ 1 ਰਿਵਾਲਵਰ 315 ਬੋਰ ਅਤੇ 4 ਜ਼ਿੰਦਾ ਕਾਰਤੂਸ, ਅਮਰੀਕ ਸਿੰਘ ਦੇ ਕੋਲੋਂ 1 ਮਾਊਜਰ 7.65 ਸਮੇਤ 4 ਜ਼ਿੰਦਾ ਕਾਰਤੂਸ, ਦਲਵੀਰ ਸਿੰਘ ਦੇ ਕੋਲੋਂ 1 ਚਾਕੂ ਬਰਾਮਦ ਕੀਤਾ, ਹਾਲਾਂਕਿ ਇਸ ਦੌਰਾਨ ਗੁੰਡੇ ਲਖਵੀਰ ਸਿੰੰਘ ਅਤੇ ਹਰਵਿੰਦਰ ਸਿੰਘ ਮੌਕੇ 'ਤੇ ਫਰਾਰ ਹੋ ਗਏ। ਪੁਲਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਐੱਸ. ਪੀ. ਰਾਜਬੀਰ ਸਿੰਘ ਮੁਤਾਬਕ ਕਾਬੂ ਗੁੰਡਿਆਂ ਦਾ ਪੁਲਸ ਨੇ 2 ਦਿਨ ਦਾ ਰਿਮਾਂਡ ਅਦਾਲਤ 'ਚ ਪੇਸ਼ ਕਰਕੇ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

ਬਿੰਦੂ ਨੇ ਕਿਹਾ ਸੀ ਕਿ ਬੱਚਿਆਂ ਨੂੰ ਮਰਵਾ ਦੇਵੇਗਾ, ਪਤਨੀ ਨੂੰ ਚੋਣਾਂ 'ਚ ਖੜ੍ਹੀ ਨਾ ਕਰਨਾ : ਮੋਤਾ ਸਿੰਘ
'ਜਗ ਬਾਣੀ' ਨਾਲ ਗੱਲਬਾਤ ਦੌਰਾਨ ਮੋਤਾ ਸਿੰਘ ਨੇ ਦੱਸਿਆ ਕਿ ਉਹ ਕਾਂਗਰਸ ਸਮਰਥਕ ਹੈ ਅਤੇ ਉਸ ਦੀ ਪਤਨੀ ਮਨਜੀਤ ਕੌਰ ਕਾਂਗਰਸੀ ਮਹਿਲਾ ਸਰਪੰਚ ਹੈ।ਗੁੰਡੇ ਅਕਾਲੀ ਆਗੂ ਹਰਵਿੰਦਰ ਸਿੰਘ ਉਰਫ ਬਿੰਦੂ ਦੀ ਮਾਂ ਜਾਗੀਰ ਕੌਰ ਪਿੰਡ ਅਲੀ ਚੱਕ ਤੋਂ ਸਰਪੰਚ ਦੀਆਂ ਚੋਣਾਂ 'ਚ ਖੜ੍ਹੀ ਸੀ ਅਤੇ ਉਸ ਦੀ ਪਤਨੀ ਨੇ ਉਸ ਨੂੰ ਹਰਾਇਆ ਸੀ। ਪਿੰਡ ਵਾਸੀਆਂ ਨੇ ਕਰੀਬ 500 ਵੋਟਾਂ ਮਨਜੀਤ ਕੌਰ ਨੂੰ ਪਾਈਆਂ, ਜਦਕਿ ਅਕਾਲੀ ਪਾਰਟੀ ਦੀ ਜਾਗੀਰ ਕੌਰ ਨੂੰ ਕਰੀਬ 170 ਵੋਟਾਂ ਹੀ ਮਿਲੀਆਂ। ਚੋਣਾਂ 'ਚ ਹਾਰ ਕਾਰਨ ਬਿੰਦੂ ਉਨ੍ਹਾਂ ਨਾਲ ਰੰਜਿਸ਼ ਰੱਖਣ ਲੱਗਾ।
ਇੰਨਾ ਹੀ ਨਹੀਂ, ਚੋਣਾਂ ਤੋਂ ਪਹਿਲਾਂ ਵੀ ਉਹ ਲਗਾਤਾਰ ਧਮਕੀਆਂ ਦੇ ਰਿਹਾ ਸੀ ਕਿ ਜੇਕਰ ਉਸ ਦੀ ਮਾਂ ਦੇ ਖਿਲਾਫ ਚੋਣ ਲੜੇ ਤਾਂ ਉਹ ਉਨ੍ਹਾਂ ਦੇ ਬੱਚਿਆਂ ਨੂੰ ਜਾਨ ਤੋਂ ਮਾਰ ਦੇਵੇਗਾ।
ਪੀੜਤ ਮੋਤਾ ਸਿੰਘ ਨੇ ਦੱਸਿਆ ਕਿ ਪੂਰੇ ਪਿੰਡ ਦੇ ਲੋਕ ਬਿੰਦੂ ਦੇ ਅਪਰਾਧਿਕ ਅਕਸ ਤੋਂ ਦੁਖੀ ਹਨ ਅਤੇ ਉਹ ਲੋਕਾਂ ਤੋਂ ਹਫਤਾਵਸੂਲੀ ਦਾ ਧੰਦਾ ਵੀ ਕਰਦਾ ਹੈ। ਨਸ਼ੇ ਦਾ ਸੇਵਨ ਕਰਕੇ ਉਹ ਲੋਕਾਂ ਨਾਲ ਕੁੱਟਮਾਰ ਕਰਨ ਦਾ ਆਦੀ ਹੋ ਚੁੱਕਾ ਹੈ ਅਤੇ ਲੋਕ ਉਸ ਤੋਂ ਡਰਨ ਲੱਗੇ ਹਨ। ਮੋਤਾ ਸਿੰਘ ਨੇ ਦੱਸਿਆ ਕਿ ਦਰਅਸਲ ਪਿੰਡ ਅਤੇ ਆਲੇ-ਦੁਆਲੇ ਪਿੰਡਾਂ 'ਚ ਕੋਈ ਸਮਾਗਮ ਹੁੰਦਾ ਤਾਂ ਕੁਝ ਅਕਾਲੀ ਆਗੂ ਜੋ ਕਿ ਬਿੰਦੂ ਨੂੰ ਸਮਰਥਨ ਦਿੰਦੇ ਹਨ, ਉਹ ਸਟੇਜਾਂ 'ਤੇ ਬਿੰਦੂ ਨੂੰ ਸਨਮਾਨਤ ਕਰਵਾ ਦਿੰਦੇ ਸਨ ਪਰ ਆਪਣੇ ਵਿਰੋਧੀਆਂ ਨੂੰ ਬਿੰਦੂ ਤੋਂ ਧਮਕੀਆਂ ਦਿਵਾ ਕੇ ਆਪਣਾ ਉੱਲੂ ਸਿੱਧਾ ਕਰਦੇ ਸਨ।
ਮੋਤਾ ਸਿੰਘ ਨੂੰ ਦੇਣੀ ਚਾਹੀਦੀ ਹੈ ਪੁਲਸ ਸੁਰੱਖਿਆ
ਜੇਕਰ ਦੇਖਿਆ ਜਾਵੇ ਤਾਂ ਅਪਰਾਧਿਕ ਕਿਸਮ ਦਾ ਬਿੰਦੂ ਜਿਸ ਤਰ੍ਹਾਂ ਦੇ ਗੈਂਗ ਬਣਾ ਕੇ ਮੋਤਾ ਸਿੰਘ ਦੀ ਹੱਤਿਆ ਕਰਨ ਦੇ ਜਨੂੰਨ ਨਾਲ ਪਲਾਨਿੰਗ ਕਰ ਰਿਹਾ ਸੀ, ਇਸ ਲਿਹਾਜ਼ ਨਾਲ ਮੋਤਾ ਸਿੰਘ ਦੀ ਸੁਰੱਖਿਆ ਲਈ ਉਸ ਨੂੰ ਪੁਲਸ ਸੁਰੱਖਿਆ ਮਿਲਣੀ ਚਾਹੀਦੀ ਹੈ ਅਤੇ ਉਸ ਨੂੰ ਗੰਨਮੈਨ ਦੇਣਾ ਸੀਨੀਅਰ ਪੁਲਸ ਅਧਿਕਾਰੀਆਂ ਦਾ ਫਰਜ਼ ਹੈ। ਰੱਬ ਨਾ ਕਰੇ ਕਲ ਨੂੰ ਬਿੰਦੂ ਆਪਣੇ ਕਿਸੇ ਸਾਥੀ ਗੁੰਡੇ ਨਾਲ ਮੋਤਾ ਸਿੰਘ 'ਤੇ ਹਮਲਾ ਕਰਵਾ ਦੇਵੇ ਤਾਂ ਬਾਅਦ 'ਚ ਪਛਤਾਉਣ ਦਾ ਕੀ ਫਾਇਦਾ?

ਪਿਤਾ ਦੀ ਹੱਤਿਆ ਦਾ ਬਦਲਾ ਵੀ ਲੈ ਚੁੱਕਾ ਹੈ ਬਿੰਦੂ
ਬਿੰਦੂ ਦੇ ਪਿਤਾ ਸੋਹਨ ਸਿੰਘ ਦੀ ਚੋਣ ਰੰਜਿਸ਼ ਕਾਰਨ 2011 'ਚ ਅਮਰਜੀਤ ਉਰਫ ਲਾਲ ਅਤੇ ਜੋਗਿੰਦਰ ਪਹਿਲਵਾਨ ਨੇ ਹੱਤਿਆ ਕੀਤੀ ਸੀ। 36 ਸਾਲ ਦੀ ਉਮਰ ਵਿਚ ਬਿੰਦੂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਦੋਵਾਂ ਦੀ ਹੱਤਿਆ ਕਰ ਦਿੱਤੀ ਅਤੇ ਆਪਣੇ ਪਿਤਾ ਦੀ ਮੌਤ ਦਾ ਬਦਲਿਆ ਲਿਆ ਸੀ। ਹਾਲਾਂਕਿ ਪੁਲਸ ਨੇ ਬਿੰਦੂ ਅਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਲਾਂਬੜਾ 'ਚ ਐੱਫ. ਆਈ. ਆਰ. ਨੰਬਰ 104 ਮਿਤੀ 17.11.11 ਧਾਰਾ 302, 307, 324, 323, 325, 382, 427, 148, 149 ਆਈ. ਪੀ. ਸੀ. ਆਦਿ ਤਹਿਤ ਕੇਸ ਦਰਜ ਕੀਤਾ ਸੀ ਅਤੇ ਪੁਲਸ ਨੇ ਬਿੰਦੂ ਨੂੰ ਜੇਲ ਵੀ ਭੇਜਿਆ ਸੀ।
ਇੰਨਾ ਹੀ ਨਹੀਂ, ਬਿੰਦੂ ਦਾ ਰਿਕਾਰਡ ਦੇਖਿਆ ਜਾਵੇ ਤਾਂ ਕੁੱਲ 8 ਅਪਰਾਧਿਕ ਮਾਮਲਿਆਂ ਦੇ ਕੇਸ ਉਸ ਖਿਲਾਫ ਦਰਜ ਹਨ , ਜਿਨ੍ਹਾਂ 'ਚ ਨਾਜਾਇਜ਼ ਹਥਿਆਰ, ਹੱਤਿਆ, ਹੱਤਿਆ ਦੀ ਕੋਸ਼ਿਸ਼, ਲੁੱਟ-ਖੋਹ 'ਚ ਸ਼ਾਮਲ ਹਨ, ਜੋ ਕਿ ਥਾਣਾ ਲਾਂਬੜਾ, ਥਾਣਾ ਨੰ. 2 ਪੁਲਸ ਕਮਿਸ਼ਨਰੇਟ ਜਲੰਧਰ, ਥਾਣਾ ਮਕਸੂਦਾਂ, ਥਾਣਾ ਸਦਰ ਕਪੂਰਥਲਾ 'ਚ ਦਰਜ ਹਨ। ਪੁਲਸ ਵਾਰ-ਵਾਰ ਬਿੰਦੂ ਨੂੰ ਜੇਲ ਭੇਜਦੀ ਹੈ ਪਰ ਉਹ ਜ਼ਮਾਨਤ 'ਤੇ ਬਾਹਰ ਆ ਕੇ ਦੋਬਾਰਾ ਤੋਂ ਕ੍ਰਾਈਮ ਕਰਦਾ ਹੈ। ਉਥੇ ਅਮਰੀਕ ਦੇ ਖਿਲਾਫ ਕੁੱਲ 8 ਅਪਰਾਧਿਕ ਕੇਸ ਵੱਖ-ਵੱਖ ਥਾਣਿਆ ਵਿਚ ਦਰਜ ਹਨ ਤੇ ਦਲਵੀਰ ਸਿੰਘ ਦੇ ਖਿਲਾਫ ਵੀ 7 ਅਪਰਾਧਿਕ ਕੇਸ ਦਰਜ ਹਨ। ਲਖਵੀਰ ਸਿੰਘ ਦੇ ਖਿਲਾਫ 5 ਕੇਸ ਅਤੇ ਹਰਵਿੰਦਰ ਦੇ ਖਿਲਾਫ 3 ਕੇਸ ਦਰਜ ਹਨ।
3 ਮਹੀਨੇ ਪਹਿਲਾਂ ਯੂ. ਪੀ. ਤੋਂ ਖਰੀਦ ਦੇ ਲਿਆਇਆ ਸੀ ਅਸਲਾ
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਮੋਤਾ ਸਿੰਘ ਦੀ ਹੱਤਿਆ ਕਰਨ ਲਈ ਵਰਤਿਆ ਜਾਣ ਵਾਲਾ ਅਸਲਾ ਬਿੰਦੂ ਆਪਣੇ ਸਾਥੀਆਂ ਨਾਲ ਯੂ. ਪੀ. ਤੋਂ ਖਰੀਦ ਕੇ ਲਿਆਇਆ ਸੀ। 25 ਹਜ਼ਾਰ 'ਚ ਮਾਊਜਰ ਤੇ 5 ਹਜ਼ਾਰ ਵਿਚ ਰਿਵਾਲਵਰ 3 ਮਹੀਨੇ ਪਹਿਲਾਂ ਹੀ ਯੂ. ਪੀ. ਤੋਂ ਜਲੰਧਰ ਲਿਆਇਆ ਸੀ। ਪੁਲਸ ਨੇ ਬਿੰਦੂ ਦੇ ਖਿਲਾਫ ਸਮੇਂ-ਸਮੇਂ 'ਤੇ ਕਾਰਵਾਈ ਕੀਤੀ ਅਤੇ ਉਸ ਦੇ ਖਿਲਾਫ ਕਲੰਦਰਾ ਤਿਆਰ ਕੀਤਾ ਅਤੇ ਐੱਸ. ਡੀ. ਐੱਮ. ਦੇ ਸਾਹਮਣੇ ਪੇਸ਼ ਕੀਤਾ, ਜਿਥੋਂ ਉਸ ਨੂੰ ਜ਼ਮਾਨਤ ਮਿਲੀ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਯੂ. ਪੀ. ਤੋਂ ਲਿਆਂਦੇ ਗਏ ਅਸਲੇ ਨਾਲ ਬਿੰਦੂ ਨੇ ਕਿਤੇ ਹੋਰ ਵਾਰਦਾਤਾਂ ਨੂੰ ਅੰਜਾਮ ਤਾਂ ਨਹੀਂ ਦਿੱਤਾ।
ਐੱਸ. ਐੱਚ. ਓ. ਪੁਸ਼ਪ ਬਾਲੀ ਕਈ ਵਾਰ ਹੋ ਚੁੱਕੇ ਹਨ ਸਨਮਾਨਤ
ਪੁਲਸ ਵਿਭਾਗ ਵਿਚ ਸ਼ਾਇਦ ਹੀ ਕੋਈ ਅਜਿਹਾ ਸ਼ਖਸ ਹੋਵੇ ਜੋ ਪੁਸ਼ਪ ਬਾਲੀ ਨੂੰ ਨਾ ਜਾਣਦਾ ਹੋਵੇ। 2 ਵਾਰ ਪ੍ਰਧਾਨ ਮੰਤਰੀ (ਡਾ. ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ) ਤੋਂ ਜੀਵਨ ਰੱਖਿਅਕ ਇਨਾਮ ਪ੍ਰਾਪਤ ਕਰਨ ਵਾਲੇ ਪੁਸ਼ਪ ਬਾਲੀ 3 ਵਾਰ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਹੋ ਚੁੱਕੇ ਹਨ। ਦਰਅਸਲ ਪੁਸ਼ਪ ਬਾਲੀ ਉਸ ਸਮੇਂ ਸੁਰਖੀਆਂ ਵਿਚ ਆਏ ਸਨ ਜਦੋਂ ਉਹ ਜਲੰਧਰ ਸੀ. ਆਈ. ਏ. ਸਟਾਫ ਵਿਚ ਤਾਇਨਾਤ ਸਨ ਅਤੇ ਆਦਰਸ਼ ਨਗਰ ਵਿਚ ਇਕ 5 ਸਾਲ ਦੀ ਬੱਚੀ ਨੂੰ ਉਨ੍ਹਾਂ ਨੇ ਕਿਡਨੈਪ ਤੋਂ ਬਚਾਇਆ ਸੀ ਅਤੇ ਪੁਲਸ ਪਾਰਟੀ ਸਮੇਤ ਕਿਡਨੈਪਰ ਦਾ ਐਨਕਾਊਂਟਰ ਕੀਤਾ ਸੀ। ਉਸ ਤੋਂ ਬਾਅਦ ਅਪਰਾਧੀਆਂ ਦੇ ਖਿਲਾਫ ਸਖਤੀ ਤੇ ਉਨ੍ਹਾਂ ਨੂੰ ਜੇਲ ਦੀਆਂ ਸੀਖਾਂ ਦੇ ਪਿੱਛੇ ਪਹੁੰਚਾਉਣ ਵਾਲਾ ਪੁਸ਼ਪ ਬਾਲੀ ਗੈਂਗਸਟਰਾਂ ਤੇ ਨਸ਼ਾ ਸਮੱਗਲਰਾਂ 'ਤੇ ਹਾਵੀ ਹੁੰਦਾ ਰਿਹਾ।
ਯੈੱਸ ਬੈਂਕ ਨੂੰ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਹੋਇਆ ਸੁਆਹ
NEXT STORY