ਕਰਤਾਰਪੁਰ, (ਸਾਹਨੀ, ਬੈਂਸ) ਅੱਜ ਸਵੇਰੇ ਲਗਭਗ 2 ਤੋਂ 3 ਵਜੇ ਦੇ ਦਰਮਿਆਨ ਜੀ. ਟੀ. ਰੋਡ ਜਲੰਧਰ-ਪਠਾਨਕੋਟ ਹਾਈਵੇ ’ਤੇ ਸਥਿਤ ਅੱਡਾ ਬੱਲਾਂ ਤੇ ਸਰਮਸਤਪੁਰ ਨੇਡ਼ੇ ਪੈਟਰੋਲ ਪੰਪ ਕੋਲ ਅਣਪਛਾਤੇ ਹਮਲਾਵਰਾਂ ਵਲੋਂ ਝੁੱਗੀਆਂ ਬਣਾ ਕੇ ਰਹਿ ਰਹੇ ਦੇਸੀ ਜਡ਼ੀਆਂ ਬੂਟੀਆਂ ਵੇਚਣ ਵਾਲੇ ਪਰਿਵਾਰ ਤੇ ਇੱਕ ਹੋਰ ਪਰਵਾਸੀ ਮਜ਼ਦੂਰ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਬਜ਼ੁਰਗ 75 ਸਾਲਾ ਔਰਤ ਰੇਸ਼ਮਾ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਹੋਰ ਵਿਅਕਤੀ ਸਾਲਿਗ ਰਾਮ (45) ਜੋ ਕਿ ਇਨ੍ਹਾਂ ਦੇ ਨੇਡ਼ੇ ਹੀ ਕਿਰਾਏ ’ਤੇ ਰਹਿੰਦਾ ਸੀ। ਪੁਲਸ ਅਨੁਸਾਰ ਹਮਲੇ ਦੀ ਦਹਿਸ਼ਤ ਕਾਰਨ ਦਿਲ ਦੀ ਧਡ਼ਕਣ ਬੰਦ ਹੋ ਜਾਣ ਕਾਰਨ ਮੌਤ ਹੋ ਗਈ। ਹਾਦਸੇ ਵਾਲੀ ਥਾਂ ’ਤੇ ਸਵੇਰੇ ਐੱਸ. ਐਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ, ਐੱਸ. ਪੀ. (ਡੀ) ਰਾਜਵੀਰ ਸਿੰਘ ਬੋਪਾਰਾਏ, ਡੀ. ਐਸ. ਪੀ. ਕਰਤਾਰਪੁਰ ਸੁਰਿੰਦਰ ਪਾਲ ਧੋਗਡ਼ੀ, ਏ. ਸੀ. ਪੀ. ਸਰਬਜੀਤ ਰਾਏ, ਥਾਣਾ ਕਰਤਾਰਪੁਰ ਤੋਂ ਵਧੀਕ ਥਾਣਾ ਮੁਖੀ ਸਬ ਇੰਸਪੈਕਟਰ ਪਰਮਿੰਦਰ ਸਿੰਘ, ਥਾਣਾ ਮਕਸੂਦਾਂ ਮੁਖੀ ਰਮਨਜੀਤ ਸਿੰਘ, ਇੰਸਪੈਕਟਰ ਸਰੂਪ ਸਿੰਘ ਸੀ. ਆਈ. ਡੀ. ਇੰਚਾਰਜ ਕਰਤਾਰਪੁਰ, ਸੀ. ਆਈ. ਡੀ. ਸਬ ਇੰਸਪੈਕਟਰ ਹਰਪਾਲ ਸਿੰਘ ਤੇ ਪੁਲਿਸ ਚੌਕੀ ਕਿਸ਼ਨਗਡ਼੍ਹ ਦੇ ਇੰਚਾਰਜ ਸਬ ਇੰਸਪੈਕਟਰ ਜੋਗਿੰਦਰ ਸਿੰਘ ਪਹੁੰਚੇ ਹੋਏ ਸਨ। ਇਸ ਦੌਰਾਨ 6 ਹੋਰ ਵਿਅਕਤੀਆਂ ਦੇ ਵੀ ਜ਼ਖਮੀ ਹੋਣ ਦਾ ਸਮਾਚਾਰ ਹੈ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਲੁਟ-ਖੋਹ ਦੀ ਸੂਚਨਾ ਨਹੀਂ ਹੈ। ਇਸ ਸਬੰਧੀ ਡੀ.ਐੱਸ.ਪੀ. ਕਰਤਾਰਪੁਰ ਸੁਰਿੰਦਰ ਪਾਲ ਸਿੰਘ ਧੋਗਡ਼ੀ ਨੇ ਦੱਸਿਆ ਕਿ ਪੁਲਸ ਇਸ ਵਾਰਦਾਤ ਦੀ ਹਰ ਐਂਗਲ ਤੋ ਜਾਂਚ ਕਰ ਰਹੀ ਹੈ ਕਿਉਂਕਿ ਇਸ ਵਾਰਦਾਤ ਦੌਰਾਨ ਕਿਸੇ ਵੀ ਕਿਸਮ ਦੀ ਲੁੱਟ-ਖੋਹ ਨਹੀਂ ਹੋਈ ਹੈ ਅਤੇ ਇਹ ਮਾਮਲਾ ਪੁਰਾਣੀ ਆਪਸੀ ਰਿਸ਼ਤੇਦਾਰੀ ਜਾਂ ਹੋਰ ਤਰ੍ਹਾਂ ਦੀ ਰੰਜਿਸ਼ ਦਾ ਵੀ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਜੋਧਪੁਰ ਰਾਜਸਥਾਨ ਦਾ ਰਹਿਣ ਵਾਲਾ ਸੋਹਣ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ ਕਰੀਬ ਸੱਤ ਅੱਠ ਸਾਲ ਤੋਂ ਉਕਤ ਜਗ੍ਹਾ ’ਤੇ ਝੁੱਗੀਆਂ ਬਣਾ ਕੇ ਦੇਸੀ ਜੜੀਆਂ ਬੂਟੀਆਂ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਸ ਦੇ ਨਾਲ ਹੀ ਇੱਕ ਕਿਰਾਏ ਦੇ ਮਕਾਨ ’ਚ ਕਰੀਬ 15 ਦਿਨ ਪਹਿਲਾਂ ਤੋਂ ਸਾਲਿਗ ਰਾਮ ਜੋ ਕਿ ਕੁਲਚੇ ਛੋਲੇ ਵੇਚਣ ਦਾ ਕੰਮ ਕਰਦਾ ਸੀ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਬੀਤੀ ਰਾਤ ਸ਼ੁੱਕਰਵਾਰ ਤਡ਼ਕੇ ਦੋ ਤੋਂ ਤਿੰਨ ਵਜੇ ਦੇ ਕਰੀਬ ਅਣਪਛਾਤੇ ਹਮਲਾਵਰਾਂ ਵਲੋਂ ਪਹਿਲਾਂ ਸੋਹਣ ਸਿੰਘ ਦੇ ਪਰਿਵਾਰ ’ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਸ਼ੋਰ ਸ਼ਰਾਬੇ ’ਚ ਸੋਹਨ ਸਿੰਘ ਦੀ ਪਤਨੀ ਰੇਸ਼ਮਾ (75) ਪੁੱਤਰ ਪ੍ਰਕਾਸ਼, ਤਲਵਿੰਦਰ, ਨੂੰਹ ਬਬਲੀ, ਰੇਖਾ ਅਤੇ ਪੋਤੇ ਸੰਨੀ ’ਤੇ ਵੀ ਹਮਲਾ ਕਰ ਦਿੱਤਾ ਜਿਸ ਨਾਲ ਰੇਸ਼ਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਇਸ ਦੌਰਾਨ ਰੌਲਾ ਪੈਣ ’ਤੇ ਨੇਡ਼ੇ ਦੇ ਮਕਾਨ ’ਚ ਕਿਰਾਏ ’ਤੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਸਾਲਿਗ ਰਾਮ ਤੇ ਉਸ ਦੀ ਨੂੰਹ ਖੁਸ਼ੀ ਸਕਸੈਨਾ ਬਾਹਰ ਆਏ ਤਾਂ ਕਥਿਤ ਤੌਰ ’ਤੇ ਹਮਲਾਵਰਾਂ ਨੇ ਖੁਸ਼ੀ ਤੇ ਸਾਲਿਗ ਰਾਮ ’ਤੇ ਵੀ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸੇ ਦੌਰਾਨ ਸਾਲਿਗ ਰਾਮ ਦੀ ਵੀ ਮੌਤ ਹੋ ਗਈ ਭਾਵੇਂ ਉਸ ’ਤੇ ਕੋਈ ਸੱਟ ਦਾ ਨਿਸ਼ਾਨ ਨਾ ਹੋਣ ’ਤੇ ਪੁਲਸ ਪ੍ਰਸ਼ਾਸਨ ਇਹ ਮੌਤ ਦਹਿਸ਼ਤ ਕਾਰਨ ਦਿਲ ਦੀ ਧਡ਼ਕਣ ਰੁਕ ਜਾਣ ’ਤੇ ਹੋਈ ਮੰਨ ਰਿਹਾ ਹੈ। ਇਸ ਦੌਰਾਨ ਉਸ ਦੀ ਨੂੰਹ ਖੁਸ਼ੀ ਸਕਸੈਨਾ ਦੇ ਵੀ ਸੱਟਾਂ ਲੱਗੀਆਂ। ਜ਼ਿਕਰਯੋਗ ਹੈ ਕਿ ਉਕਤ ਘਟਨਾ ਦੇ ਮੌਕੇ ਮਕਸੂਦਾਂ ਪੁਲਸ ਪਾਰਟੀ ਜੋ ਕਿ ਰਾਤ ਦੀ ਗਸ਼ਤ ’ਤੇ ਸੀ। ਉਨ੍ਹਾਂ ਨੇ ਹਮਲਾਵਰਾਂ ਨੂੰ ਮੌਕੇ ’ਤੇ ਜਾ ਕੇ ਭਜਾਇਆ। ਦੂਸਰੇ ਪਾਸੇ ਸੋਹਣ ਲਾਲ ਦੀ ਨੂੰਹ ਮਮਤਾ ਦਾ ਕਹਿਣਾ ਹੈ ਕਿ ਜਦ ਹਮਲਾਵਰ ਉਨ੍ਹਾਂ ਦੇ ਪਰਿਵਾਰ ’ਤੇ ਹਮਲਾ ਕਰ ਰਹੇ ਸਨ ਤਾਂ ਉਸ ਨੇ ਪੈਟਰੋਲ ਪੰਪ ’ਤੇ ਬੈਠੇ ਪੁਲਸ ਮੁਲਾਜ਼ਮਾਂ ਨੂੰ ਜਾ ਕੇ ਦੱਸਿਆ ਤਾਂ ਪਹਿਲਾਂ ਤਾਂ ਉਹ ਆਏ ਨਹੀਂ, ਜਦ ਪਾਣੀ ਸਿਰੋਂ ਲੰਘ ਗਿਆ ਤਦ ਪੁਲਸ ਪਾਰਟੀ ਹਰਕਤ ’ਚ ਆਈ । ਉਕਤ ਮਾਮਲੇ ਸਬੰਧੀ ਦੇਰ ਸ਼ਾਮ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗਡ਼ੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁੱਤਰ ਸੋਹਨ ਸਿੰਘ ਦੇ ਬਿਆਨਾਂ ’ਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਇਸਰੋ ਨੇ ਇਨ੍ਹਾਂ ਭਾਰਤੀ ਪਿੰਡਾਂ ਦੀ ਮਿੱਟੀ ਨਾਲ ਬਣਾਈ ਸੀ ਚੰਦਰਮਾ ਦੀ ਧਰਤੀ, ਬਚਾਏ 25 ਕਰੋੜ
NEXT STORY