ਭੋਗਪੁਰ (ਸੂਰੀ)— ਸਮਾਜ 'ਚ ਛੋਟੀਆਂ ਬੱਚੀਆਂ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕੀਤੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਥਾਣਾ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ 'ਚ 5 ਦਿਨ ਪਹਿਲਾਂ ਇਕ ਬਜ਼ੁਰਗ ਵੱਲੋਂ 2 ਛੋਟੀਆਂ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸੇ ਪਿੰਡ 'ਚ ਇਕ ਮਤਰੇਏ ਪਿਤਾ ਵੱਲੋਂ ਅਪਣੀ ਨਾਬਾਲਗ ਪੁੱਤਰੀ ਨੂੰ ਜ਼ਬਰਦਸਤੀ ਸ਼ਰਾਬ ਪਿਲਾਉਣ ਦੀ ਕੋਸ਼ਿਸ਼ ਕਰਨ ਅਤੇ ਛੇੜਛਾੜ ਕੀਤੇ ਜਾਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨਾਬਾਲਗਾ ਨੇ ਥਾਣਾ ਭੋਗਪੁਰ 'ਚ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ 8ਵੀਂ ਕਲਾਸ ਦੀ ਵਿਦਿਆਰਥਣ ਹੈ। ਉਸ ਦੀ ਮਾਂ ਨੇ ਉਸ ਦੇ ਪਿਤਾ ਨੂੰ 12 ਸਾਲ ਪਹਿਲਾਂ ਤਲਾਕ ਦੇ ਦਿੱਤਾ ਸੀ। ਉਸ ਤੋਂ ਬਾਅਦ ਪੀੜਤਾ ਦੀ ਮਾਤਾ ਨੇ ਦੂਜਾ ਵਿਆਹ ਕਰ ਲਿਆ। ਪੀੜਤਾ ਇਸੇ ਪਿੰਡ 'ਚ ਆਪਣੀ ਨਾਨੀ ਕੋਲ ਰਹਿੰਦੀ ਹੈ ਅਤੇ ਉਸ ਦੀ ਮਾਂ ਆਪਣੇ ਦੂਜੇ ਪਤੀ ਨਾਲ ਇਸੇ ਪਿੰਡ 'ਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਹ ਆਪਣੀ ਮਾਂ ਦੇ ਘਰ ਗਈ। ਉਸ ਸਮੇਂ ਉਸ ਦੀ ਮਾਂ ਘਰ 'ਚ ਨਹੀਂ ਸੀ। ਉਸ ਦਾ ਮਤਰੇਆ ਪਿਤਾ ਘਰ 'ਚ ਸ਼ਰਾਬ ਪੀ ਰਿਹਾ ਸੀ।
ਉਹ ਦੂਜੇ ਕਮਰੇ 'ਚ ਜਾ ਕੇ ਟੀ. ਵੀ. ਦੇਖਣ ਲੱਗ ਪਈ। ਇਸੇ ਦੌਰਾਨ ਉਸ ਦਾ ਮਤਰੇਆ ਪਿਤਾ ਉਸ ਦੇ ਕਮਰੇ 'ਚ ਆਇਆ ਅਤੇ ਜ਼ਬਰਦਸਤੀ ਸ਼ਰਾਬ ਪਿਲਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਉਸ ਨੇ ਹੱਥ ਮਾਰ ਕੇ ਗਿਲਾਸ ਤੋੜ ਦਿੱਤਾ। ਪਿਤਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਉਹ ਕਿਸੇ ਤਰ੍ਹਾਂ ਖੁਦ ਨੂੰ ਛੁਡਵਾ ਕੇ ਨਾਨੀ ਘਰ ਪੁੱਜ ਗਈ ਅਤੇ ਪਿਤਾ ਵੱਲੋਂ ਕੀਤੀਆਂ ਗਈਆਂ ਅਸ਼ਲੀਲ ਹਰਕਤਾਂ ਬਾਰੇ ਦੱਸਿਆ। ਨਾਨੀ ਉਸ ਨੂੰ ਲੈ ਕੇ ਉਸ ਦੇ ਪਿਤਾ ਨਾਲ ਘਰ ਗੱਲ ਕਰਨ ਲਈ ਗਈ ਤਾਂ ਪਿਤਾ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਪੀੜਤਾ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਜ਼ਿਆਦਾ ਵਿਗੜ ਜਾਣ ਤੋਂ ਬਾਅਦ ਪੀੜਤਾ ਦੀ ਨਾਨੀ ਉਸ ਨੂੰ ਲੈ ਕੇ ਥਾਣਾ ਭੋਗਪੁਰ ਦੇ ਮੁਖੀ ਨਰੇਸ਼ ਜੋਸ਼ੀ ਅੱਗੇ ਪੇਸ਼ ਹੋਈ। ਪੁਲਸ ਵੱਲੋਂ ਨਾਬਾਲਗਾ ਦੇ ਬਿਆਨਾਂ ਅਨੁਸਾਰ ਉਸ ਦੇ ਮਤਰੇਏ ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਦੇ ਪਿਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਭਾਜਪਾ ਆਗੂ ਨੇ ਸਾਊਦੀ ਅਰਬ 'ਚ ਫਸੇ 40 ਪੰਜਾਬੀਆਂ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ
NEXT STORY