ਜਲੰਧਰ, (ਧਵਨ)—ਪੰਜਾਬ ਕਾਂਗਰਸ ਵਲੋਂ 7 ਅਕਤੂਬਰ ਨੂੰ ਕਿਲਿਆਂਵਾਲੀ ਵਿਚ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲਵਾ ਖੇਤਰ ਨਾਲ ਸਬੰਧ ਰੱਖਦੇ ਸਾਰੇ ਮੰਤਰੀਆਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੈਲੀ ਲਈ ਗਤੀਸ਼ੀਲ ਕਰ ਸਕਣ। ਮਾਲਵਾ ਦੇ ਮੰਤਰੀਆਂ ਨੂੰ ਜ਼ਿੰਮੇਵਾਰੀ ਇਸ ਲਈ ਦਿੱਤੀ ਗਈ ਹੈ ਕਿਉਂਕਿ ਦੋਆਬਾ ਤੇ ਮਾਝਾ ਖੇਤਰ ਕਿਲਿਆਂਵਾਲੀ ਤੋਂ ਦੂਰ ਪੈਂਦੇ ਹਨ, ਇਸ ਲਈ ਜ਼ਿਆਦਾਤਰ ਲੋਕਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮਾਲਵਾ ਖੇਤਰ ਤੋਂ ਹੀ ਲੰਬੀ ਵਿਧਾਨ ਸਭਾ ਹਲਕੇ ਵਿਚ ਪੈਂਦੇ ਕਿਲਿਆਂਵਾਲੀ ਵਿਚ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਮਾਲਵਾ ਦੇ ਮੰਤਰੀਆਂ ਦੇ ਇਲਾਵਾਹਰੇਕ ਵਿਧਾਇਕ ਨੂੰ ਵੀ ਆਪਣੇ-ਆਪਣੇ ਵਿਧਾਨ ਸਭਾ ਖੇਤਰ ਤੋਂ 5-5 ਹਜ਼ਾਰ ਲੋਕਾਂ ਨੂੰ ਲਿਆਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਮੁੱਖ ਮੰਤਰੀ ਦੇ ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਅੱਜ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਕਾਂਗਰਸੀ ਨੇਤਾਵਾਂ ਨਾਲ ਪ੍ਰਬੰਧਾਂ ਨੂੰ ਲੈ ਕੇ ਬੈਠਕ ਕੀਤੀ। ਬੈਠਕ ਵਿਚ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਰੈਲੀ ਵਿਚ ਆਉਣ ਵਾਲੇ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਣ ਲਈ ਟ੍ਰੈਫਿਕ ਨੂੰ ਡਾਈਵਰਟ ਕਰਨ ਦੀਆਂ ਸੰਭਾਵਨਾਵਾਂ 'ਤੇ ਵੀ ਵਿਚਾਰ ਕੀਤਾ ਗਿਆ।
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਬੀਤੇ ਦਿਨੀਂ ਇਸ ਸਬੰਧ ਵਿਚ ਸਾਰੇ ਸੀਨੀਅਰ ਮੰਤਰੀਆਂ ਨਾਲ ਬੈਠਕਾਂ ਕੀਤੀਆਂ ਸੀ। ਮਾਲਵਾ ਦੇ ਇਲਾਵਾ ਦੋਆਬਾ ਤੇ ਮਾਝਾ ਤੋਂਂ ਵੀ ਵਰਕਰਾਂ ਨੂੰ ਲਿਜਾਣ ਦਾ ਪ੍ਰਬੰਧ ਕਾਂਗਰਸ ਵਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਹਾਂ ਖੇਤਰਾਂ ਨਾਲ ਸਬੰਧ ਰੱਖਦੇ ਮੰਤਰੀਆਂ ਨੂੰ ਵਿਧਾਇਕਾਂ ਦੇ ਨਾਲ ਤਾਲਮੇਲ ਬਿਠਾ ਕੇ ਵਰਕਰਾਂ ਨੂੰ ਲਿਜਾਣ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ। ਦੂਜੇ ਪਾਸੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਕਿਹਾ ਹੈ ਕਿ 7 ਦੀ ਲੰਬੀ ਰੈਲੀ ਵਿਚ ਉਹ ਬਾਦਲਾਂ ਅਤੇ ਅਕਾਲੀ ਦਲ ਦਾ ਚਿਹਰਾ ਲੋਕਾਂ ਦੇ ਸਾਹਮਣੇ ਬੇਨਕਾਬ ਕਰਨਗੇ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਧਾਰਮਿਕ ਗ੍ਰੰਥਾਂ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਲੋਕਾਂ ਦੇ ਸਾਹਮਣੇ ਸੱਚਾਈ ਰੈਲੀ ਵਿਚ ਪ੍ਰਗਟ ਕੀਤੀ ਜਾਵੇਗੀ।
ਮੇਰਠ ਤੋਂ ਲਿਆ ਕੇ ਜਲੰਧਰ ’ਚ ਸਪਲਾਈ ਕਰਦਾ ਸੀ ਨਸ਼ੇ ਵਾਲੀਆਂ ਗੋਲੀਆਂ, ਗ੍ਰਿਫਤਾਰ
NEXT STORY