ਜਲੰਧਰ (ਸੋਨੂੰ)— ਕੋਰੋਨਾ ਵਾਇਰਸ ਤੋਂ ਲੋਕਾਂ ਨੁੰ ਸਰੀਰਕ ਤੌਰ 'ਤੇ ਬਚਾਉਣ ਲਈ ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਭਾਰਤ ਆਉਣ ਵਾਲੇ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਸਰਕਾਰ ਵੱਲੋਂ ਇਹ ਫੈਸਲਾ ਬੇਸ਼ਕ ਚੌਕਸੀ ਵਰਤਦੇ ਲਿਆ ਗਿਆ ਹੈ ਪਰ ਇਨ੍ਹਾਂ ਨਿਰਦੇਸ਼ਾਂ ਦੇ ਨਾਲ ਕਈ ਲੋਕਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਵੀ ਸਹਿਣੀਆਂ ਪੈ ਰਹੀਆਂ ਹਨ। ਏਅਰਲਾਈਂਜ਼ ਦੀਆਂ ਟਿਕਟਾਂ ਹੱਥ 'ਚ ਫੜੇ ਜਲੰਧਰ ਦੇ ਰਹਿਣ ਵਾਲੇ ਇਕ ਪਰਿਵਾਰ ਨੂੰ ਕੋਰੋਨਾ ਵਾਇਰਸ ਨੇ ਕਾਰਨ ਕਰਾਰਾ ਝਟਕਾ ਲੱਗਾ ਹੈ, ਹਾਲਾਂਕਿ ਇਸ ਪਰਿਵਾਰ 'ਚ ਕੋਈ ਵੀ ਅਜਿਹਾ ਜੀਅ ਨਹੀਂ ਹੈ, ਜਿਸ 'ਚ ਇਸ ਬੀਮਾਰੀ ਦੇ ਲੱਛਣ ਮਿਲੇ ਹੋਣ।
ਦੱਸ ਦੇਈਏ ਕਿ ਇਹ ਪਰਿਵਾਰ ਜਲੰਧਰ ਦੇ ਵਸਨੀਕ ਨਿਖਿਲ ਸ਼ਰਮਾ ਦਾ ਪਰਿਵਾਰ ਹੈ ਅਤੇ ਇਸ ਪਰਿਵਾਰ ਦੇ ਦੋਵੇਂ ਬੱਚੇ ਅਮਰੀਕਾ ਦੇ ਨਾਗਰਿਕ ਹਨ। ਪਰਿਵਾਰ ਦੇ ਮੁਖੀ ਨਿਖਿਲ ਸ਼ਰਮਾ ਮੁਤਾਬਕ ਉਨ੍ਹਾਂ ਨੇ ਪਰਿਵਾਰ ਸਮੇਤ ਥਾਈਲੈਂਡ, ਵੈਨਕੂਵਰ, ਵਾਸ਼ਿੰਗਟਨ, ਕੈਲੀਫੋਰਨੀਆ, ਨਿਊਯਾਰਕ, ਨਿਊ ਜਰਸੀ ਸਮੇਤ ਕਈ ਥਾਵਾਂ 'ਤੇ ਘੁੰਮਣ ਜਾਣਾ ਸੀ। ਇਸ ਟੂਰ ਮੁਤਾਬਕ ਉਨ੍ਹਾਂ ਨੇ 14 ਮਾਰਚ ਨੂੰ ਭਾਰਤ ਤੋਂ ਰਵਾਨਾ ਹੋਣਾ ਸੀ ਅਤੇ 12 ਅਪਰੈਲ ਨੂੰ ਭਾਰਤ ਪਰਤਣਾ ਸੀ ਪਰ ਬੀਤੇ ਦਿਨ ਭਾਰਤ ਸਰਕਾਰ ਵੱਲੋਂ 15 ਅਪਰੈਲ ਤੱਕ ਸਾਰੀਆਂ ਕੌਮਾਂਤਰੀ ਉਡਾਣਾਂ ਨੂੰ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਪਲਾਨ ਚੌਪਟ ਹੋ ਗਿਆ ਹੈ ਕਿਉਂਕਿ ਜੇਕਰ ਉਹ ਆਪਣੇ ਟੂਰ ਮੁਤਾਬਕ ਭਾਰਤ ਤੋਂ ਰਵਾਨਾ ਹੋ ਜਾਂਦੇ ਹਨ ਤਾਂ ਵਾਪਸੀ ਵੇਲੇ ਭਾਰਤ 'ਚ ਉਨ੍ਹਾਂ ਨੂੰ ਦਾਖਲਾ ਨਹੀਂ ਮਿਲੇਗਾ ਅਤੇ ਬਾਹਰਲੇ ਮੁਲਕ 'ਚ ਓਵਰ ਸਟੇਅ ਹੋਣ ਕਾਰਨ ਉਨ੍ਹਾਂ ਨੁੰ ਕਾਨੂੰਨੀ ਕਾਰਵਾਈ ਹੋਣ ਦਾ ਵੀ ਡਰ ਬਣਿਆ ਰਹੇਗਾ।
ਸਾਰੀ ਸਥਿਤੀ ਨੂੰ ਵੇਖਦੇ ਟੂਰ ਕੀਤਾ ਰੱਦ
ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਸਾਰੀ ਸਥਿਤੀ ਨੂੰ ਵੇਖਦੇ ਹੁਣ ਆਪਣਾ ਟੂਰ ਰੱਦ ਕਰ ਦਿੱਤਾ ਹੈ ਅਤੇ ਇਸ ਟੂਰ ਲਈ ਬੁੱਕ ਕਰਵਾਈਆਂ ਟਿਕਟਾਂ ਉੱਤੇ ਕਰੀਬ ਆਇਆ ਤਿੰਨ ਲੱਖ ਰੁਪਏ ਦਾ ਖਰਚਾ ਮਿੱਟੀ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਕਿਸੇ ਵੀ ਏਅਰਲਾਈਨ ਵੱਲੋਂ ਪੈਸੇ ਰਿਫੰਡ ਕਰਨ ਦੀ ਕੋਈ ਤਜਵੀਜ਼ ਨਹੀਂ ਹੈ।
ਪੀੜਤ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਲੋਕਾਂ ਦੀ ਸਿਹਤ ਨੂੰ ਵੇਖਦੇ ਸਖਤ ਕਦਮ ਚੁੱਕੇ ਜਾ ਰਹੇ ਹਨ, ਉੱਥੇ ਹੀ ਲੋਕਾਂ ਦੇ ਆਰਥਿਕ ਨੁਕਸਾਨ ਨੂੰ ਬਚਾਉਣ ਲਈ ਏਅਰਲਾਈਨਜ਼ ਜਾਂ ਟੂਰ ਕੰਪਨੀਆਂ ਨੂੰ ਵੀ ਸਹਿਯੋਗ ਕਰਨ ਲਈ ਸਖਤ ਨਿਰਦੇਸ਼ ਦਿੱਤੇ ਜਾਣ ਕਿਉਂਕਿ ਅਜਿਹੇ ਅਨੇਕਾਂ ਲੋਕ ਹਨ ਜੋ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹਨ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਅਸਰ ਚਾਰੇ ਪਾਸੇ ਵੇਖਣ ਨੂੰ ਮਿਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਮਹਾਂਮਾਰੀ ਐਲਾਨ ਦਿੱਤੇ ਜਾਣ ਤੋਂ ਬਾਅਦ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਅਤੇ ਸਿਹਤ ਸੰਗਠਨਾਂ ਨੇ ਇਸ ਵਾਇਰਸ ਤੋਂ ਬਚਣ ਲਈ ਵੱਖ-ਵੱਖ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ 15 ਅਪ੍ਰੈਲ ਤੱਕ ਭਾਰਤ ਆਉਣ ਵਾਲੇ ਸਾਰੇ ਵੀਜ਼ਿਆਂ 'ਤੇ ਰੋਕ ਲਗਾ ਦਿੱਤੀ ਗਈ ਹੈ ।
ਕੋਰੋਨਾ ਵਾਇਰਸ ਦਾ ਕਹਿਰ, ਪੀ. ਏ. ਪੀ. ਗੋਲਫ ਕਲੱਬ ਅਤੇ ਗੋਲਫ ਰੇਂਜ 31 ਤੱਕ ਬੰਦ
NEXT STORY