ਜਲੰਧਰ (ਖੁਰਾਣਾ)—ਸ਼ਹਿਰ ਦੀ ਸਫਾਈ ਤੇ ਨਗਰ ਨਿਗਮ ਵਲੋਂ ਕੀਤੇ ਜਾਂਦੇ ਹੋਰ ਕੰਮਾਂ 'ਚ ਲੱਗੀਆਂ 200 ਦੇ ਕਰੀਬ ਗੱਡੀਆਂ ਨੂੰ ਨਿਗਮ ਦੀ ਵਰਕਸ਼ਾਪ ਤੋਂ ਰੋਜ਼ਾਨਾ ਡੀਜ਼ਲ ਅਤੇ ਪੈਟਰੋਲ ਆਦਿ ਦਿੱਤਾ ਜਾਂਦਾ ਹੈ, ਜਿਸ 'ਚ ਘਪਲੇ ਦੇ ਦੋਸ਼ ਅਕਸਰ ਲੱਗਦੇ ਰਹਿੰਦੇ ਹਨ ਪਰ ਬੀਤੇ ਦਿਨ ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਚੋਰੀ ਦਾ ਤੇਲ ਵੇਚਦੇ ਹੋਏ ਨਗਰ ਨਿਗਮ ਦੇ ਇਕ ਡਰਾਈਵਰ ਜਿੰਮੀ ਗਰੇਵਾਲ ਨੂੰ ਰੰਗੇ ਹੱਥੀਂ ਫੜ ਲਿਆ। ਕਮਿਸ਼ਨਰ ਨੇ ਚੋਰੀ ਦਾ ਤੇਲ ਵੇਚ ਰਹੇ ਡਰਾਈਵਰ ਨੂੰ ਫੜਨ ਦੇ ਨਾਲ-ਨਾਲ ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ, ਜੋ ਉਸ ਕੋਲੋਂ ਸਸਤੇ ਭਾਅ 'ਤੇ ਤੇਲ ਖਰੀਦ ਰਿਹਾ ਸੀ, ਜਿਸ ਸਮੇਂ ਨਿਗਮ ਕਮਿਸ਼ਨਰ ਨੇ ਇਹ ਕਾਰਵਾਈ ਕੀਤੀ ਉਸ ਸਮੇਂ 2 ਕੇਨੀਆਂ ਵਿਚ ਭਰੇ ਹੋਏ ਤੇਲ ਦਾ ਸੌਦਾ ਹੋ ਰਿਹਾ ਸੀ। ਕਮਿਸ਼ਨਰ ਨੇ ਦੋਸ਼ੀ ਡਰਾਈਵਰ ਜਿੰਮੀ ਗਰੇਵਾਲ, ਚੋਰੀ ਦੇ ਤੇਲ ਦੇ ਖਰੀਦਦਾਰ ਤੇ ਦੋਵਾਂ ਕੇਨੀਆਂ ਨੂੰ ਆਪਣੀ ਗੱਡੀ ਵਿਚ ਨਿਗਮ ਪਹੁੰਚਾਇਆ। ਇਸ ਸਬੰਧ 'ਚ ਬੀਤੇ ਦਿਨ ਸਵੇਰੇ ਸਥਾਨਕ ਮਿਲਾਪ ਚੌਕ 'ਚ ਹਾਈ ਵੋਲਟੇਜ ਡਰਾਮਾ ਹੋਇਆ। ਸੂਤਰ ਦੱਸਦੇ ਹਨ ਕਿ ਕਮਿਸ਼ਨਰ ਦੀਪਰਵ ਲਾਕੜਾ ਨੂੰ ਚੋਰੀ ਦਾ ਤੇਲ ਵੇਚੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਉਹ ਮਿਲਾਪ ਚੌਕ 'ਚ ਆਪਣੀ ਗੱਡੀ ਲੈ ਕੇ ਖੜ੍ਹੇ ਹੋ ਗਏ ਅਤੇ ਤੇਲ ਦਾ ਸੌਦਾ ਹੁੰਦਿਆਂ ਹੀ ਛਾਪੇਮਾਰੀ ਕਰ ਦਿੱਤੀ।
ਚਸ਼ਮਦੀਦਾਂ ਅਨੁਸਾਰ ਕਮਿਸ਼ਨਰ ਨੂੰ ਦੇਖ ਕੇ ਡਰਾਈਵਰ ਜਿੰਮੀ ਗਰੇਵਾਲ ਗੱਡੀ ਸਣੇ ਗਲੀਆਂ ਵਿਚ ਭੱਜ ਗਿਆ ਪਰ ਕਮਿਸ਼ਨਰ ਨੇ ਚਲਾਕੀ ਨਾਲ ਗੱਡੀ ਘੁਮਾ ਕੇ ਗਲੀ ਦੇ ਦੂਜੇ ਸਿਰੇ 'ਤੇ ਖੜ੍ਹੀ ਕਰ ਦਿੱਤੀ ਤੇ ਡਰਾਈਵਰ ਨੂੰ ਖੁਦ ਦਬੋਚ ਲਿਆ। ਡਰਾਈਵਰ ਤੇ ਖਰੀਦਦਾਰ ਨੂੰ ਨਿਗਮ ਲਿਆ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਖਰੀਦਦਾਰ ਨੂੰ ਜਾਣ ਦਿੱਤਾ ਗਿਆ।
ਮੇਅਰ ਨੇ ਦਿੱਤੇ ਸਸਪੈਨਸ਼ਨ ਦੇ ਹੁਕਮ ਕਿਹਾ-ਭਵਿੱਖ 'ਚ ਅਜਿਹੀ ਕੋਤਾਹੀ ਬਰਦਾਸ਼ਤ ਨਹੀਂ ਹੋਵੇਗੀ
ਨਗਰ ਨਿਗਮ ਦੇ ਮੇਅਰ ਜਗਦੀਸ਼ ਰਾਜਾ ਨੇ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨਾਲ ਮੀਟਿੰਗ ਕਰ ਕੇ ਪੂਰੀ ਘਟਨਾ ਦਾ ਵੇਰਵਾ ਲਿਆ ਤੇ ਚੋਰੀ ਦਾ ਤੇਲ ਵੇਚਣ ਦੇ ਦੋਸ਼ ਵਿਚ ਡਰਾਈਵਰ ਜਿੰਮੀ ਗਰੇਵਾਲ ਨੂੰ ਤਤਕਾਰ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ। ਮੇਅਰ ਨੇ ਦੱਸਿਆ ਕਿ ਨਿਗਮ ਦੇ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਅਜਿਹੇ ਅਨਸਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਤੇ ਭ੍ਰਿਸ਼ਟ ਕਰਮਚਾਰੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਵਾਰਡ 4 ਅਤੇ 61 'ਚ ਤਾਇਨਾਤ ਹੈ ਮੁਲਜ਼ਮ ਡਰਾਈਵਰ
ਨਿਗਮ ਸੂਤਰਾਂ ਮੁਤਾਬਕ ਚੋਰੀ ਦੇ ਤੇਲ ਦੀ ਖੇਡ ਵਿਚ ਫੜਿਆ ਗਿਆ ਮੁਲਜ਼ਮ ਜਿੰਮੀ ਗਰੇਵਾਲ ਉੱਤਰੀ ਵਿਧਾਨ ਸਭਾ ਹਲਕੇ ਵਿਚ ਪੈਂਦੇ ਵਾਰਡ ਨੰ. 4 ਅਤੇ 61 ਵਿਚ ਤਾਇਨਾਤ ਹੈ ਅਤੇ ਸਫਾਈ ਕਰਮਚਾਰੀ ਹੋਣ ਕਾਰਣ ਅਸ਼ੋਕ ਲੇਲੈਂਡ (ਛੋਟਾ ਹਾਥੀ) ਚਲਾਉਂਦਾ ਹੈ।
ਪਲਾਜ਼ਾ ਚੌਕ ਤੋਂ ਸਿਵਲ ਲਾਈਨ ਜਾਂਦੇ ਰੋਡ ਨੂੰ ਵਨ-ਵੇਅ ਕਰੇਗੀ ਟਰੈਫਿਕ ਪੁਲਸ
NEXT STORY