ਜਲੰਧਰ (ਖੁਰਾਣਾ)– ਆਪਣੇ ਵਾਰਡ ਦੀ ਸਫਾਈ ਸਮੱਸਿਆ ਤੋਂ ਦੁਖੀ ਹੋ ਕੇ ਵਾਰਡ ਨੰਬਰ 26 ਦੇ ਕਾਂਗਰਸੀ ਕੌਂਸਲਰ ਰੋਹਣ ਸਹਿਗਲ ਨੇ ਬੀਤੇ ਦਿਨ ਇਕ ਪ੍ਰੈੱਸ ਕਾਨਫਰੰਸ ਕਰਕੇ ਕੌਂਸਲਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਅਤੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਆਪਣਾ ਅਸਤੀਫਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ, ਵਿਧਾਇਕ ਪਰਗਟ ਸਿੰਘ, ਮੇਅਰ ਅਤੇ ਕਮਿਸ਼ਨਰ ਆਫਿਸ ਨੂੰ ਭਿਜਵਾ ਦਿੱਤਾ ਹੈ ਪਰ ਮੇਅਰ ਅਤੇ ਕਮਿਸ਼ਨਰ ਆਫਿਸ ਨੇ ਕੌਂਸਲਰ ਰੋਹਣ ਸਹਿਗਲ ਦਾ ਅਸਤੀਫਾ ਮਿਲਣ ਤੋਂ ਸਾਫ ਇਨਕਾਰ ਕੀਤਾ ਹੈ। ਮੇਅਰ ਜਗਦੀਸ਼ ਰਾਜਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਆਫਿਸ ਵਿਚ ਕੌਂਸਲਰ ਰੋਹਣ ਸਹਿਗਲ ਵੱਲੋਂ ਅਸਤੀਫੇ ਦੀ ਨਾ ਤਾਂ ਹਾਰਡ ਕਾਪੀ ਆਈ ਹੈ ਅਤੇ ਨਾ ਹੀ ਸੌਫਟ। ਮੇਅਰ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਕੌਂਸਲਰ ਰੋਹਣ ਨੂੰ ਮਿਲ ਕੇ ਸਮਝਾਇਆ ਜਾਵੇਗਾ ਕਿ ਅਜਿਹੀ ਸਮੱਸਿਆ ਸਿਰਫ ਉਨ੍ਹਾਂ ਦੇ ਵਾਰਡ ਵਿਚ ਹੀ ਨਹੀਂ, ਸਗੋਂ ਕਈ ਹੋਰ ਵਾਰਡ ਵੀ ਅਜਿਹੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਇਸ ਦਾ ਹੱਲ ਮਿਲਜੁਲ ਕੇ ਕੱਢਿਆ ਜਾ ਸਕਦਾ ਹੈ। ਮੇਅਰ ਰਾਜਾ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਕੌਂਸਲਰ ਰੋਹਣ ਸਹਿਗਲ ਨਾਲ ਉਨ੍ਹਾਂ ਦੀ ਅਸਤੀਫਾ ਦੇਣ ਤੋਂ ਪਹਿਲਾਂ ਜਾਂ ਬਾਅਦ ਕੋਈ ਗੱਲ ਹੋਈ ਹੈ। ਪਤਾ ਲੱਗਾ ਹੈ ਕਿ ਮੇਅਰ ਨੇ ਅਖਬਾਰਾਂ ਵਿਚ ਰੋਹਣ ਸਹਿਗਲ ਦੇ ਅਸਤੀਫੇ ਬਾਰੇ ਪੜ੍ਹ ਕੇ ਉਨ੍ਹਾਂ ਨੂੰ ਫੋਨ ਕੀਤੇ ਅਤੇ ਆਪਣਾ ਨੁਮਾਇੰਦਾ ਵੀ ਉਨ੍ਹਾਂ ਦੇ ਆਫਿਸ ਭੇਜਿਆ ਪਰ ਰੋਹਣ ਸਹਿਗਲ ਨਾ ਤਾਂ ਆਫਿਸ 'ਚ ਮਿਲੇ ਅਤੇ ਨਾ ਹੀ ਉਨ੍ਹਾਂ ਨੇ ਮੇਅਰ ਦਾ ਫੋਨ ਚੁੱਕਿਆ। ਦੇਰ ਸ਼ਾਮ ਜਦੋਂ ਰੋਹਣ ਸਹਿਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਅਸਤੀਫਾ ਮੇਅਰ ਆਫਿਸ ਨੂੰ ਈਮੇਲ 'ਤੇ ਭੇਜ ਚੁੱਕੇ ਹਨ। ਸਬੂਤ ਮੰਗਣ 'ਤੇ ਰੋਹਣ ਸਹਿਗਲ ਨੇ ਲੋਕਲ ਬਾਡੀਜ਼ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੂੰ ਭੇਜੀ ਗਈ ਈਮੇਲਜ਼ ਦੇ ਸਕ੍ਰੀਨ ਸ਼ਾਟ ਤਾਂ ਭਿਜਵਾ ਦਿੱਤੇ ਪਰ ਮੇਅਰ ਆਫਿਸ ਨੂੰ ਭੇਜੀ ਗਈ ਈਮੇਲ ਦਾ ਸਕ੍ਰੀਨ ਸ਼ਾਟ ਉਹ ਨਹੀਂ ਦਿਖਾ ਸਕੇ। ਇਸ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫੋਨ 'ਚੋਂ ਉਹ ਈਮੇਲ ਮਿਲ ਨਹੀਂ ਰਹੀ।
ਰੋਹਣ ਦੇ ਅਸਤੀਫੇ ਦੀਆਂ ਖਬਰਾਂ ਨਾਲ ਹਮਲਾਵਰ ਹੋਇਆ ਅਕਾਲੀ ਦਲ
ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਵਾਰਡ ਵਾਸੀ : ਇੰਦਰਜੀਤ ਸੋਨੂੰ
ਇਨ੍ਹੀਂ ਦਿਨੀਂ ਲੋਕ ਸਭਾ ਚੋਣਾਂ ਸਿਰ 'ਤੇ ਹਨ ਅਤੇ ਅਕਾਲੀ-ਭਾਜਪਾ ਅਤੇ ਕਾਂਗਰਸ ਦਰਮਿਆਨ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ। ਅਕਾਲੀ ਦਲ ਵਲੋਂ ਚਰਨਜੀਤ ਸਿੰਘ ਅਟਵਾਲ ਦੀ ਟਿਕਟ ਲਗਭਗ ਫਾਈਨਲ ਹੋ ਚੁੱਕੀ ਹੈ ਅਤੇ ਅਜਿਹੇ ਵਿਚ ਉਨ੍ਹਾਂ ਤੇਜ਼ੀ ਨਾਲ ਚੋਣ ਪ੍ਰਚਾਰ ਵੀ ਸ਼ੁਰੂ ਕੀਤਾ ਹੋਇਆ ਹੈ ਪਰ ਕਾਂਗਰਸ ਪਾਰਟੀ ਵਿਚ ਅਜੇ ਟਿਕਟ ਦੀ ਜੰਗ ਚੱਲ ਰਹੀ ਹੈ। ਅੰਤਿਮ ਸਮੇਂ ਤੱਕ ਟਿਕਟ ਨੂੰ ਲੈ ਕੇ ਘਮਾਸਾਨ ਮਚਣ ਦੇ ਸੰਕੇਤ ਮਿਲ ਰਹੇ ਹਨ। ਅਜਿਹੇ ਮਾਹੌਲ ਵਿਚ ਕਾਂਗਰਸੀ ਕੌਂਸਲਰ ਦੇ ਨਿਗਮ ਲਈ ਗੁੱਸੇ ਨੇ ਅਕਾਲੀ ਦਲ ਨੂੰ ਮਜ਼ਬੂਤ ਹਥਿਆਰ ਦੇ ਦਿੱਤਾ ਹੈ। ਕਰੀਬ ਸਵਾ ਸਾਲ ਪਹਿਲਾਂ ਹੋਈਆਂ ਨਿਗਮ ਚੋਣਾਂ ਵਿਚ ਰੋਹਣ ਸਹਿਗਲ ਦੇ ਵਿਰੋਧੀ ਅਕਾਲੀ ਉਮੀਦਵਾਰ ਇੰਦਰਜੀਤ ਸਿੰਘ ਸੋਨੂੰ ਨੇ ਰੋਹਣ ਸਹਿਗਲ ਦੇ ਅਸਤੀਫੇ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਬੜੀ ਜਲਦੀ ਹੀ ਰੋਹਣ ਦਾ ਚਾਅ ਉਤਰ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਡ ਵਾਸੀਆਂ ਨੇ ਵੋਟਾਂ ਪਾ ਕੇ ਉਨ੍ਹਾਂ ਨੂੰ ਜਿਤਾਇਆ, ਉਹ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇੰਦਰਜੀਤ ਸੋਨੂੰ ਨੇ ਕਿਹਾ ਕਿ ਚੋਣਾਂ ਸਮੇਂ ਰੋਹਣ ਨੇ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਪਰਗਟ ਸਿੰਘ ਜਿਹੇ ਆਗੂਆਂ ਨਾਲ ਚੇਨ ਬਣਾ ਕੇ ਦਾਅਵਾ ਕੀਤਾ ਸੀ ਕਿ ਇਸ ਨਾਲ ਵਿਕਾਸ ਕਰਵਾਉਣ ਵਿਚ ਸਹੂਲੀਅਤ ਹੋਵੇਗੀ ਪਰ ਹੁਣ ਉਨ੍ਹਾਂ ਦੇ ਦਾਅਵੇ ਖੋਖਲੇ ਸਾਬਿਤ ਹੋਏ ਹਨ। ਅੱਜ ਨਾ ਸਿਰਫ ਨਿਗਮ ਸਗੋਂ ਵਿਧਾਇਕਾਂ ਨਾਲੋਂ ਵੀ ਉਨ੍ਹਾਂ ਦੀ ਚੇਨ ਟੁੱਟ ਚੁੱਕੀ ਹੈ।
ਰੋਹਣ ਦੇ ਦੋਸ਼ ਸੱਚੇ, ਮੈਨੂੰ ਵੀ ਇਕ ਰੇਹੜਾ ਤੱਕ ਨਹੀਂ ਦੇ ਸਕਿਆ ਨਿਗਮ
ਕੌਂਸਲਰ ਲੁਬਾਣਾ ਨੇ ਆਪਣਾ ਦੁੱਖੜਾ ਰੋਇਆ
ਰੋਹਣ ਸਹਿਗਲ ਦੇ ਅਸਤੀਫੇ ਦੀਆਂ ਖਬਰਾਂ ਨਾਲ ਅਕਾਲੀ-ਭਾਜਪਾ ਨੂੰ ਨਿਗਮ 'ਤੇ ਹਮਲਾਵਰ ਹੋਣ ਦਾ ਨਵਾਂ ਮੁੱਦਾ ਮਿਲ ਗਿਆ ਹੈ। ਪਹਿਲਾਂ ਹੀ ਨਿਗਮ ਤੋਂ ਨਿਰਾਸ਼ ਚੱਲ ਰਹੇ ਅਕਾਲੀ ਕੌਂਸਲਰ ਬਲਜਿੰਦਰ ਕੌਰ ਦੇ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਕਿਹਾ ਕਿ ਰੋਹਣ ਸਹਿਗਲ ਦੇ ਦੋਸ਼ ਸੱਚੇ ਹਨ, ਨਿਗਮ ਵਿਚ ਕੋਈ ਕੰਮ ਨਹੀਂ ਹੋ ਰਿਹਾ। ਕਾਂਗਰਸ ਤੋਂ ਜਨਤਾ ਖੁਸ਼ ਨਹੀਂ ਹੈ। ਆਪਣਾ ਰੋਣਾ ਰੋਂਦਿਆਂ ਕੌਂਸਲਰਪਤੀ ਲੁਬਾਣਾ ਨੇ ਕਿਹਾ ਕਿ ਨਿਗਮ ਕੋਲੋਂ ਸ਼ਹਿਰ ਦੀ ਸਫਾਈ ਤੱਕ ਨਹੀਂ ਕਰਵਾਈ ਜਾ ਰਹੀ। ਲੋਕਾਂ ਨੇ ਉਨ੍ਹਾਂ ਨੂੰ ਜਿਤਾ ਕੇ ਹਾਊਸ ਵਿਚ ਭੇਜਿਆ ਹੈ, ਇਸ ਲਈ ਉਨ੍ਹਾਂ ਆਪਣੇ ਪੱਧਰ 'ਤੇ 4 ਸਫਾਈ ਸੇਵਕ ਰੱਖੇ ਹੋਏ ਹਨ। ਨਿਗਮ ਵਲੋਂ ਵਾਰਡ ਵਿਚ ਕੋਈ ਸਫਾਈ ਸੇਵਕ ਨਹੀਂ ਹੈ। ਸ਼੍ਰੀ ਲੁਬਾਣਾ ਨੇ ਕਿਹਾ ਕਿ ਨਿਗਮ ਉਨ੍ਹਾਂ ਨੂੰ ਇਕ ਰੇਹੜਾ ਤੱਕ ਨਹੀਂ ਦੇ ਸਕਿਆ। ਇਸ ਲਈ ਉਨ੍ਹਾਂ 13 ਹਜ਼ਾਰ ਰੁਪਏ ਖਰਚ ਕਰ ਕੇ ਰੇਹੜਾ ਤਿਆਰ ਕਰਵਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੌਂਸਲਰ ਹੈਨਰੀ, ਮੇਅਰ ਰਾਜਾ ਅਤੇ ਕਮਿਸ਼ਨਰ ਇਸ ਵਾਰਡ ਦੀ ਅਣਦੇਖੀ ਕਰ ਰਹੇ ਹਨ।
ਲੌਂਗੋਵਾਲ ਸਪੱਸ਼ਟ ਕਰਨ, ਉਹ ਡੇਰਾ ਸਿਰਸਾ ਸਮਰਥਕ ਹਨ ਜਾਂ ਸਿੱਖ : ਮਾਂਝੀ
NEXT STORY