ਰਾਜਸਥਾਨ ਦੀ ਮਰੂਧਰਾ ਤੋਂ ਉੱਠ ਕੇ ਦੇਸ਼ ਦੇ ਸਰਵਉੱਚ ਸੰਵਿਧਾਨਿਕ ਅਹੁਦਿਆਂ ਤਕ ਪਹੁੰਚਣਾ ਕਿਸੇ ਆਮ ਸਿਆਸੀ ਆਗੂ ਦੀ ਕਹਾਣੀ ਨਹੀਂ ਹੋ ਸਕਦੀ ਪਰ ਜਦੋਂ ਅਜਿਹੇ ਵਿਅਕਤੀ ਅਚਾਨਕ ਬਿਨਾਂ ਅਗਾਊਂ ਸੰਕੇਤ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਤਾਂ ਇਹ ਸਿਰਫ ਸਿਹਤ ਕਾਰਨ ਨਹੀਂ ਜਾਪਦਾ। ਇਹ ਸਿਆਸੀ ਵਰਤਾਰੇ ਦੇ ਕਿਸੇ ਡੂੰਘੇ ਤੂਫਾਨ ਦਾ ਸੰਕੇਤ ਹੋ ਸਕਦਾ ਹੈ। ਉੱਪ-ਰਾਸ਼ਟਰਪਤੀ ਜਗਦੀਪ ਧਨਖੜ ਦਾ ਅਚਾਨਕ ਅਸਤੀਫਾ ਕੁਝ ਅਜਿਹੇ ਸੰਕੇਤ ਦਿੰਦਾ ਹੈ।
ਜਗਦੀਪ ਧਨਖੜ ਝੁਨਝੁਨੂੰ ਦੀ ਧਰਤੀ ਤੋਂ ਉੱਠ ਕੇ, ਜੋ ਕਦੇ ਵਿਦਿਆਰਥੀ ਸਿਆਸਤ ’ਚ ਆਪਣੀਆਂ ਤੇਜ਼-ਤਰਾਰ ਬਹਿਸਾਂ ਲਈ ਜਾਣੇ ਜਾਂਦੇ ਸਨ, ਜੋ ਸੁਪਰੀਮ ਕੋਰਟ ਦੇ ਇਕ ਸਥਾਪਿਤ ਵਕੀਲ ਰਹੇ, ਫਿਰ ਪੱਛਮੀ ਬੰਗਾਲ ਵਰਗੇ ਨਾਜ਼ੁਕ ਸੂਬੇ ਦੇ ਰਾਜਪਾਲ ਅਤੇ ਉਸ ਦੇ ਬਾਅਦ ਰਾਜ ਸਭਾ ਦੇ ਚੇਅਰਮੈਨ ਭਾਵ ਦੇਸ਼ ਦੇ ਉੱਪ-ਰਾਸ਼ਟਰਪਤੀ ਬਣੇ, ਅਜਿਹੀ ਸ਼ਖਸੀਅਤ ਦਾ ਕਾਰਜਕਾਲ ਖਤਮ ਹੋਣ ਤੋਂ 2 ਸਾਲ ਪਹਿਲਾਂ ਹੀ ਅਸਤੀਫਾ ਦੇਣਾ ਸਵਾਲਾਂ ਦੇ ਘੇਰੇ ’ਚ ਹੈ।
ਧਨਖੜ ਸਾਹਿਬ ਨੇ ਸਿਰਫ 10 ਦਿਨ ਪਹਿਲਾਂ ਕਿਹਾ ਸੀ ਕਿ ਉਹ 2027 ’ਚ ਰਿਟਾਇਰ ਹੋਣਗੇ। ਫਿਰ ਅਚਾਨਕ ਕੀ ਹੋਇਆ? ਕੀ ਸਿਹਤ ਵਾਕਈ ਇੰਨੀ ਤੇਜ਼ੀ ਨਾਲ ਵਿਗੜ ਗਈ ਕਿ ਅਹੁਦਾ ਛੱਡਣਾ ਪਿਆ ਜਾਂ ਫਿਰ ਇਹ ਕਿਸੇ ਵੱਡੇ ਸਿਆਸੀ ਵਰਤਾਰੇ ਦਾ ਟ੍ਰੇਲਰ ਮਾਤਰ ਹੈ।
ਝੁਨਝੁਨੂੰ ਤੋਂ ਦਿੱਲੀ ਤਕ ਦੀ ਯਾਤਰਾ : ਰਾਜਸਥਾਨ ਦੇ ਇਕ ਛੋਟੇ ਜਿਹੇ ਪਿੰਡ ’ਚੋਂ ਨਿਕਲ ਕੇ ਦਿੱਲੀ ਦੇ ਸਿਆਸੀ ਅਤੇ ਸੰਵਿਧਾਨਿਕ ਗਲਿਆਰਿਆਂ ਤਕ ਪਹੁੰਚਣ ਦੀ ਉਨ੍ਹਾਂ ਦੀ ਯਾਤਰਾ ਪ੍ਰੇਰਕ ਰਹੀ ਹੈ। ਵਕਾਲਤ ਦੇ ਪੇਸ਼ੇ ’ਚ ਉਨ੍ਹਾਂ ਨੇ ਆਪਣੀ ਪਛਾਣ ਬਣਾਈ, ਸੰਸਦ ’ਚ ਪਹਿਲਾਂ ਲੋਕ ਸਭਾ ਮੈਂਬਰ ਰਹੇ, ਫਿਰ ਕੇਂਦਰ ’ਚ ਮੰਤਰੀ ਰਹੇ। ਪੱਛਮੀ ਬੰਗਾਲ ’ਚ ਰਾਜਪਾਲ ਵਜੋਂ ਉਨ੍ਹਾਂ ਦਾ ਕਾਰਜਕਾਲ ਸਭ ਤੋਂ ਵੱਧ ਚਰਚਾ ’ਚ ਰਿਹਾ। ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਉਨ੍ਹਾਂ ਦੀ ਤਕਰਾਰ ਕਿਸੇ ਤੋਂ ਲੁਕੀ ਨਹੀਂ ਸੀ।
ਫਿਰ ਉਨ੍ਹਾਂ ਨੂੰ ਐੱਨ. ਡੀ. ਏ. ਨੇ ਉੱਪ-ਰਾਸ਼ਟਰਪਤੀ ਬਣਾਇਆ, ਜਿਥੇ ਉਨ੍ਹਾਂ ਨੇ ਕਈ ਵਾਰ ਵਿਰੋਧੀ ਧਿਰ ਨਾਲ ਸਿੱਧੀ ਟੱਕਰ ਲਈ। ਉਨ੍ਹਾਂ ਦੀ ਕਾਰਜਸ਼ੈਲੀ ਸਖਤ, ਫੈਸਲਾ ਸਪੱਸ਼ਟ ਅਤੇ ਬੋਲਚਾਲ ’ਚ ਅਦਾਲਤ ਵਾਂਗ ਅਨੁਸ਼ਾਸਿਤ ਸੀ। ਅਜਿਹੇ ’ਚ ਉਨ੍ਹਾਂ ਦਾ ਅਚਾਨਕ ਅਸਤੀਫਾ ਕਈ ਗੱਲਾਂ ਵੱਲ ਸੰਕੇਤ ਕਰਦਾ ਹੈ।
ਜੇਕਰ ਇਹ ਸਿਰਫ ਸਿਹਤ ਕਾਰਨ ਹਨ ਤਾਂ ਦੇਸ਼ ਨੂੰ ਪਾਰਦਰਸ਼ਿਤਾ ਚਾਹੀਦੀ ਹੈ। ਆਖਿਰ ਸੰਵਿਧਾਨਿਕ ਅਹੁਦੇ ’ਤੇ ਬੈਠੇ ਵਿਅਕਤੀ ਦੀ ਜ਼ਿੰਮੇਵਾਰੀ ਸਿਰਫ ਸਰਕਾਰ ਪ੍ਰਤੀ ਨਹੀਂ, ਜਨਤਾ ਪ੍ਰਤੀ ਵੀ ਹੁੰਦੀ ਹੈ। ਖਬਰਾਂ ਕਹਿੰਦੀਆਂ ਹਨ ਕਿ ਮਾਰਚ ’ਚ ਉਹ ਏਮਜ਼ ’ਚ ਦਾਖਲ ਹੋਏ ਸਨ ਪਰ ਕੀ ਇਸ ਦਰਮਿਆਨ ਕਿਸੇ ਵੀ ਪੱਧਰ ’ਤੇ ਇਹ ਮਹਿਸੂਸ ਹੋਇਆ ਕਿ ਉਹ ਅਹੁਦਾ ਸੰਭਾਲਣ ’ਚ ਅਸਮਰੱਥ ਹਨ, ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਅਜਿਹੇ ਸਮੇਂ ਅਸਤੀਫਾ ਦੇਣਾ, ਸਿਆਸੀ ਹਲਕਿਆਂ ’ਚ ਹਲਚਲ ਪੈਦਾ ਕਰਦਾ ਹੈ।
ਕੀ ਪਾਰਟੀ ’ਚ ਕੋਈ ਨਾਰਾਜ਼ਗੀ ਸੀ, ਕੀ ਸਰਕਾਰ ਨੇ ਉਨ੍ਹਾਂ ਨੂੰ ਕੋਈ ਹੋਰ ਭੂਮਿਕਾ ਲਈ ਤਿਆਰ ਕੀਤਾ ਹੈ ਜਾਂ ਇਹ 2029 ਦੀ ਤਿਆਰੀ ਦਾ ਕੋਈ ਸੰਕੇਤ ਹੈ, ਇਨ੍ਹਾਂ ਸਵਾਲਾਂ ਦੇ ਜਵਾਬ ਸ਼ਾਇਦ ਸਮਾਂ ਦੇਵੇਗਾ ਪਰ ਸ਼ੱਕ ਦੀ ਸੂਈ ਸਿਰਫ ਬੀਮਾਰੀ ’ਤੇ ਜਾ ਕੇ ਨਹੀਂ ਰੁਕਦੀ।
ਰਾਜਸਥਾਨ ਦੀ ਸਿਆਸਤ ’ਚ ਨਵਾਂ ਮੋੜ : ਧਨਖੜ ਦਾ ਅਸਤੀਫਾ ਰਾਜਸਥਾਨ ਦੀ ਜਾਤੀ ਅਤੇ ਖੇਤਰੀ ਸਿਆਸਤ ’ਤੇ ਵੀ ਅਸਰ ਪਾਏਗਾ। ਜਾਟ ਸਿਆਸਤ ’ਚ ਹੁਣ ਇਕ ਨਵਾਂ ਖਾਲੀ ਸਥਾਨ ਬਣ ਗਿਆ ਹੈ ਅਤੇ ਭਾਜਪਾ ਨੂੰ ਇਸ ਦਾ ਪ੍ਰਭਾਵ ਮਹਿਸੂਸ ਹੋਵੇਗਾ। ਧਨਖੜ ਅਜੇ ਵੀ ਸੂਬੇ ’ਚ ਇਕ ਵੱਡਾ ਪਰਛਾਵਾਂ ਹਨ। ਕੀ ਉਹ ਸਰਗਰਮ ਸਿਆਸਤ ’ਚ ਪਰਤਣਗੇ ਜਾਂ ਉਨ੍ਹਾਂ ਦਾ ਅਸਤੀਫਾ ਇਕ ‘ਵਾਪਸੀ’ ਦਾ ਸੰਕੇਤ ਹੈ।
ਕਈ ਸਵਾਲ ਕਾਇਮ : ਦੇਸ਼ ਉੱਪ-ਰਾਸ਼ਟਰਪਤੀ ਨੂੰ ਇਕ ਨਾਨ-ਪੋਲੀਟੀਕਲ ਗਵਰਨਿੰਗ ਫਿੱਗਰ ਮੰਨਦਾ ਹੈ। ਅਜਿਹੇ ਵਿਅਕਤੀ ਦਾ ਅਚਾਨਕ ਅਸਤੀਫਾ ਅਤੇ ਉਹ ਵੀ ਉਦੋਂ ਜਦੋਂ ਸਭ ਕੁਝ ਆਮ ਵਾਂਗ ਲੱਗ ਰਿਹਾ ਹੋਵੇ, ਕੋਈ ਅਾਮ ਘਟਨਾ ਨਹੀਂ ਹੈ।
ਜਗਦੀਪ ਧਨਖੜ ਦਾ ਅਸਤੀਫਾ ਸਿਰਫ ਇਕ ਸੰਵਿਧਾਨਿਕ ਖਾਲੀ ਥਾਂ ਨਹੀਂ ਹੈ। ਇਹ ਇਕ ਸੰਕੇਤ ਹੈ। ਸਵਾਲ ਇਹ ਹੈ ਕਿ ਇਹ ਕਿਸ ਪਾਸੇ ਇਸ਼ਾਰਾ ਕਰ ਰਿਹਾ ਹੈ।
ਕੀ ਇਹ ਇਕ ਅੰਤ ਹੈ ਜਾਂ ਫਿਰ ਕਿਸੇ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ?
ਬਾਲਕ੍ਰਿਸ਼ਣ ਥਰੇਜਾ
‘ਵਿਦੇਸ਼ ਭੇਜਣ ਦੇ ਨਾਂ ’ਤੇ’ ਜਾਅਲਸਾਜ਼ ਏਜੰਟਾਂ ਦੀ ਠੱਗੀ ਜਾਰੀ!
NEXT STORY