ਰੂਪਨਗਰ (ਵਿਜੇ)-ਸਰਬੰਸਦਾਨੀ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਆਪਣੇ ਪਰਿਵਾਰ ਅਤੇ ਸਿੰਘਾਂ ਸਮੇਤ 6-7 ਪੋਹ ਦੀ ਰਾਤ ਨੂੰ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਨੂੰ ਛੱਡ ਕੇ ਜਾਣ ਦੇ ਸਮੇਂ ਨੂੰ ਸਮਰਪਿਤ 29ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ ਗੁ. ਸ੍ਰੀ ਭੱਠਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ। ਅਲੌਕਿਕ ਦਸ਼ਮੇਸ਼ ਪੈਦਲ ਮਾਰਚ 23 ਦਸੰਬਰ ਦੇਰ ਰਾਤ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪਹੁੰਚਿਆ, ਜਿੱਥੇ ਵਿਸ਼ਰਾਮ ਕਰਨ ਉਪਰੰਤ ਅੱਜ ਸਵੇਰੇ ਗੁ. ਸ੍ਰੀ ਭੱਠਾ ਸਾਹਿਬ ਤੋਂ ਪੰਜ ਪਿਆਰਿਆਂ, ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਗਲੇ ਪੜਾਅ ਲਈ ਅਰੰਭ ਹੋਇਆ।
ਅਰੰਭਤਾ ਦੀ ਅਰਦਾਸ ਭਾਈ ਜਰਨੈਲ ਸਿੰਘ ਵੱਲੋਂ ਕੀਤੀ ਗਈ। ਉਪਰੰਤ ਅਲੌਕਿਕ ਦਸਮੇਸ਼ ਪੈਦਲ ਮਾਰਚ ਗੁ. ਸ਼ਹੀਦ ਭਾਈ ਬਚਿੱਤਰ ਸਿੰਘ ਜੀ ਕੋਟਲਾ ਨਿਹੰਗ ਵਿਖੇ ਪਹੁੰਚਿਆ ਜਿੱਥੇ ਵੱਡੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ ਅਤੇ ਕੋਟਲਾ ਨਗਰ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਅਤੁੱਟ ਵਰਤਾਏ ਗਏ। ਉਪਰੰਤ ਦਸ਼ਮੇਸ਼ ਪੈਦਲ ਮਾਰਚ ਅਗਲੇ ਪੜਾਅ ਪਿੰਡ ਦੁੱਗਰੀ-ਕੋਟਲੀ ਲਈ ਰਵਾਨਾ ਹੋ ਗਿਆ। ਸ੍ਰੀ ਭੱਠਾ ਸਾਹਿਬ ਚੌਂਕ ਦੇ ਨੇੜੇ ਇਲਾਕੇ ਦੀਆਂ ਸੰਗਤਾਂ ਅਤੇ ਦੁਕਾਨਦਾਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਭੇਟ ਕੀਤਾ ਗਿਆ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਥੋਂ ਸੰਗਤਾਂ ਦਾ ਕਾਫਲਾ ਪਾਵਰ ਕਾਲੋਨੀ, ਪੁਲਸ ਲਾਈਨ, ਭਿਓਰਾ, ਰੰਗੀਲਪੁਰ ਤੋਂ ਹੁੰਦਾ ਹੋਇਆ ਅਗਲੇ ਪੜਾਅ ਵੱਲ ਰਵਾਨਾ ਹੋਇਆ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਵਿਧਾਇਕ ਸ਼ੀਤਲ ਅੰਗੂਰਾਲ ਦੀ ਗੱਡੀ 'ਤੇ ਹੋਇਆ ਹਮਲਾ, ਵਾਲ-ਵਾਲ ਬੱਚਿਆ ਪਰਿਵਾਰ
ਪੁਲਸ ਲਾਈਨ, ਭਿਓਰਾ, ਲਖਮੀਪੁਰ, ਰੰਗੀਲਪੁਰ ਵਿਖੇ ਭਾਰੀ ਗਿਣਤੀ ’ਚ ਸੰਗਤਾਂ ਨੇ ਦਸਮੇਸ਼ ਪੈਦਲ ਮਾਰਚ ਦਾ ਸਵਾਗਤ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਭੇਟ ਕੀਤਾ। ਇਨ੍ਹਾਂ ਥਾਵਾਂ ’ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਪ੍ਰਸ਼ਾਦਿ ਦੇ ਰੂਪ ’ਚ ਵਰਤਾਏ ਗਏ। ਇਸ ਦੌਰਾਨ ਭਾਈ ਹਰਜਿੰਦਰ ਸਿੰਘ ਜੀ ਰਾਜਾ ਵੱਲੋਂ ਉਸ ਵਿਛੋੜੇ ਦੌਰਾਨ ਵਾਲੇ ਸਮੇਂ ਨੂੰ ਯਾਦ ਕਰਦਿਆਂ ਗਾਈਆਂ ਜਾ ਰਹੀਆਂ ਕਵਿਤਾਵਾਂ ਸੁਣ ਕੇ ਨਾਲ-ਨਾਲ ਚੱਲ ਰਹੀਆਂ ਸੰਗਤਾਂ ਦੀਆਂ ਅੱਖਾਂ ਆਪ ਮੁਹਾਰੇ ਨਮ ਹੋ ਰਹੀਆਂ ਸਨ। ਕੋਟਲਾ, ਗੁਰੂ ਨਗਰ ਅਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਸੰਗਤਾਂ ਵਲੋਂ ਪੈਦਲ ਮਾਰਚ ਦੇ ਨਾਲ ਨਾਲ ਭਿਓਰਾ, ਰੰਗੀਲਪੁਰ ਆਦਿ ਤੱਕ ਪੈਦਲ ਚਲਦੇ ਹੋਏ ਸ਼ਰਧਾ ਦਾ ਪ੍ਰਗਟਾਵਾ ਕੀਤਾ। ਪੁਲਸ ਲਾਈਨ ਚੌਕ ਵਿਖੇ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਭੇਟ ਕੀਤਾ ਅਤੇ ਉਨਾਂ ਨੂੰ ਪ੍ਰਬੰਧਕਾਂ ਵੱਲੋਂ ਸਿਰੋਪਾਓ ਦੀ ਬਖਸ਼ਿਸ ਕੀਤੀ ਗਈ।
ਇਸ ਅਲੌਕਿਕ ਦਸ਼ਮੇਸ਼ ਮਾਰਚ ’ਚ ਟ੍ਰੈਕਟਰ ਟਰਾਲੀਆਂ ’ਤੇ ਸਜਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਆਦਮ ਕੱਦ ਚਿਤਰ ਵਾਕਯ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੇ ਸਨ ਜਦਕਿ ਪੈਦਲ ਮਾਰਚ ’ਚ ਸ਼ਾਮਲ ਹਾਥੀ, ਘੋੜੇ, ਊਠ ਇਸ ਪੈਦਲ ਮਾਰਚ ਦੀ ਸ਼ੋਭਾ ਵਧਾ ਰਹੇ ਸਨ। ਪ੍ਰਬੰਧਕਾਂ ਨੇ ਦੱਸਿਆ ਕਿ 24 ਦਸੰਬਰ ਦੀ ਰਾਤ ਨੂੰ ਇਹ ਪੈਦਲ ਮਾਰਚ ਦੁੱਗਰੀ ਵਿਖੇ ਵਿਸ਼ਰਾਮ ਕਰੇਗਾ ਜਿਥੋ ਅਗਲੇ ਪੜਾਅ ਕੋਟਲੀ ਅਤੇ ਸ੍ਰੀ ਚਮਕੌਰ ਸਾਹਿਬ ਵੱਲ ਰਵਾਨਾ ਹੋਵੇਗਾ ਅਤੇ 5 ਜਨਵਰੀ ਨੂੰ ਗੁਰਦੁਆਰਾ ਮਹਿਦੈਆਣਾ ਸਾਹਿਬ ਪਹੁੰਚੇਗਾ। ਇਸ ਮੌਕੇ ਗੁ. ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਭਾਈ ਜਸਬੀਰ ਸਿੰਘ, ਕਥਾ ਵਾਚਕ ਭਾਈ ਪਵਿੱਤਰ ਸਿੰਘ, ਡੀ. ਐੱਸ. ਪੀ. ਤਰਲੋਚਨ ਸਿੰਘ, ਪ੍ਰੇਮ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ 'ਚ ਵੱਡੀ ਵਾਰਦਾਤ, 4500 ਰੁਪਏ ਪਿੱਛੇ ਕੀਤਾ ਵਿਅਕਤੀ ਦਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡੀ ਖ਼ਬਰ: ਵਿਧਾਇਕ ਸ਼ੀਤਲ ਅੰਗੂਰਾਲ ਦੀ ਗੱਡੀ 'ਤੇ ਹੋਇਆ ਹਮਲਾ, ਵਾਲ-ਵਾਲ ਬੱਚਿਆ ਪਰਿਵਾਰ
NEXT STORY