ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਨਾਬਾਰਡ ਵਲੋਂ ਜ਼ਿਲ੍ਹਾ ਪੱਧਰ 'ਤੇ ਪਰਾਲੀ ਅਤੇ ਵਾਤਾਵਰਣ ਬਚਾਉਣ ਦਾ ਸੰਦੇਸ਼ ਦੇਣ ਵਾਲੀ ਆਧੁਨਿਕ ਐਲ.ਈ.ਡੀ. ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਵੈਨ ਤਿੰਨ ਦਿਨਾਂ ਵਿੱਚ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਕਵਰ ਕਰਦੇ ਹੋਏ ਕਿਸਾਨਾਂ ਨੂੰ ਵੀਡੀਓ ਰਾਹੀਂ ਪਰਾਲੀ ਜਲਾਉਣ ਦੇ ਬੁਰੇ ਪ੍ਰਭਾਵਾਂ ਅਤੇ ਇਸ ਨੂੰ ਨਾ ਜਲਾਉਣ ਦੇ ਲਾਭਾਂ ਬਾਰੇ ਜਾਗਰੂਕ ਕਰੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੈਸ਼ਨਲ ਬੈਂਕ ਫਾਰ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ ) ਵਲੋਂ ਐਲ.ਈ.ਡੀ. ਨਾਲ ਲੈਸ ਇਹ ਜਾਗਰੂਕਤਾ ਵੈਨ ਝੋਨੇ ਦੀ ਪਰਾਲੀ ਨਾ ਜਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਇਕ ਮੀਲ ਪੱਥਰ ਸਾਬਤ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਨਾਬਾਰਡ ਦੇ ਸਾਲ 2020 ਦੇ ਪਰਾਲੀ ਨਾ ਜਲਾਉਣ, ਪਰਾਲੀ ਤਾਂ ਕਮਾਊ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਜਲਾਉਣ ਦੇ ਰੁਝਾਨਾਂ ਨੂੰ ਖਤਮ ਕਰਨ ਲਈ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਸੀਂ ਕੋਵਿਡ-19 ਵਰਗੀ ਮਹਾਂਮਾਰੀ ਨਾਲ ਜੂਝ ਰਹੇ ਹਾਂ ਅਤੇ ਇਸ ਤਰ੍ਹਾਂ ਦੇ ਸਮੇਂ ਵਿੱਚ ਪਰਾਲੀ ਜਲਾਉਣ ਨਾਲ ਸਾਡੀ ਸਿਹਤ 'ਤੇ ਇਸ ਦਾ ਕਾਫੀ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਸਾਨੂੰ ਕੋਵਿਡ-19 ਨੇ ਨਾਲ-ਨਾਲ ਵਾਤਾਵਰਣ ਅਤੇ ਜ਼ਮੀਨ ਦੀ ਸਿਹਤ ਨੂੰ ਬਚਾਉਣ ਲਈ ਪਰਾਲੀ ਅਤੇ ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਬਚਣਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਦਾ ਪ੍ਰਬੰਧਨ ਕਰਕੇ ਅਸੀਂ ਜਿਥੇ ਜ਼ਮੀਨ ਦੇ ਮਿੱਤਰ ਕੀੜਿਆਂ ਅਤੇ ਜੈਵਿਕ ਪਦਾਰਥਾਂ ਨੂੰ ਬਚਾਉਂਦੇ ਹਾਂ ਉਥੇ ਵੱਧ ਝਾੜ ਵੀ ਪ੍ਰਾਪਤ ਕਰਦੇ ਹਾਂ।
ਡੀ.ਡੀ.ਐਮ ਨਾਬਾਰਡ ਜਸਮਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਨਾਬਾਰਡ ਵਲੋਂ ਜ਼ਿਲ੍ਹਾ ਪੱਧਰ 'ਤੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਸਲੋਗਨ, ਦੀਵਾਰ ਪੇਂਟਿੰਗ ਰਾਹੀਂ ਵੀ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨਾ ਜਲਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ, ਲੀਡ ਬੈਂਕ ਮੈਨੇਜਰ ਆਰ.ਕੇ ਚੋਪੜਾ, ਖੇਤੀਬਾੜੀ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸ਼ਹੀਦ ਭਗਤ ਸਿੰਘ ਲੂਕ੍ਰਾਂਤੀਕਾਰੀ ਸੋਸਾਇਟੀ ਅਤੇ ਹੋਰ ਸਮਾਜਿਕ ਸੰਗਠਨਾਂ ਦੇ ਮੈਂਬਰ ਵੀ ਹਾਜ਼ਰ ਸਨ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY