ਹੁਸ਼ਿਆਰਪੁਰ (ਜ.ਬ.)— ਸ਼ਹਿਰ ਦੇ ਸੁਤੈਹਰੀ ਰੋਡ 'ਤੇ ਸਿੰਗਲਾ ਗਰੁੱਪ ਦੇ ਠੇਕੇ 'ਤੇ ਬੀਤੀ ਰਾਤ ਲੁਟੇਰੇ ਦੀ ਗੋਲੀ ਲੱਗਣ ਨਾਲ ਮਾਰੇ ਗਏ ਕਰਿੰਦੇ ਗੌਰਵ ਸਿੰਘ (23) ਪੁੱਤਰ ਮੁਨਸ਼ੀ ਰਾਮ ਨਿਵਾਸੀ ਧਰਵਾਈ ਜ਼ਿਲਾ ਚੰਬਾ (ਹਿਮਾਚਲ ਪ੍ਰਦੇਸ਼) ਦਾ ਸਿਰਫ 8 ਮਹੀਨੇ ਪਹਿਲਾਂ (ਜਨਵਰੀ 2019) 'ਚ ਲਲਿਤਾ ਦੇਵੀ ਨਾਲ ਵਿਆਹ ਹੋਇਆ ਸੀ। ਤੜਕੇ ਪਰਿਵਾਰ ਦੇ ਚੰਬਾ ਤੋਂ ਆਉਣ ਉਪਰੰਤ ਥਾਣਾ ਸਿਟੀ ਦੀ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਗੌਰਵ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ। ਹੈਰਾਨੀ ਵਾਲੀ ਗੱਲ ਹੈ ਕਿ ਸ਼ਹਿਰ ਦੀ ਸਭ ਤੋਂ ਭੀੜ-ਭਾੜ ਵਾਲੀ ਸੜਕ 'ਤੇ ਸਥਿਤ ਸ਼ਰਾਬ ਦੇ ਠੇਕੇ ਦੇ ਨਾ ਅੰਦਰ ਅਤੇ ਨਾ ਹੀ ਬਾਹਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਸਨ। ਪੁਲਸ ਨੇੜਲੀਆਂ ਦੁਕਾਨਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਵਰਣਨਯੋਗ ਹੈ ਕਿ ਪਿਛਲੇ ਸਾਲ ਵੀ ਇਸ ਠੇਕੇ 'ਤੇ ਲੁੱਟ ਦੀ ਵਾਰਦਾਤ ਹੋਈ ਸੀ। ਦੁਪਹਿਰ ਸਮੇਂ ਸਿਵਲ ਹਸਪਤਾਲ 'ਚ ਪੋਸਟਮਾਰਟਮ ਵਾਲੇ ਕਮਰੇ ਦੇ ਬਾਹਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਛਾਤੀ 'ਚ ਲੱਗੀ ਇਕ ਹੀ ਗੋਲੀ ਪਿੱਠ ਦੇ ਰਸਤੇ ਬਾਹਰ ਨਿਕਲੀ ਹੋਈ ਸੀ।
ਗਰਭਵਤੀ ਪਤਨੀ ਨੂੰ ਚੰਬਾ ਤੋਂ ਲੈ ਕੇ ਆਇਆ ਸੀ ਹੁਸ਼ਿਆਰਪੁਰ
ਪੋਸਟਮਾਰਟਮ ਵਾਲੇ ਕਮਰੇ ਦੇ ਬਾਹਰ ਮ੍ਰਿਤਕ ਗੌਰਵ ਸਿੰਘ ਦੇ ਪਰਿਵਾਰ ਨੇ ਰੋਂਦੇ ਹੋਏ ਦੱਸਿਆ ਕਿ ਮ੍ਰਿਤਕ ਦਾ ਵਿਆਹ 8 ਮਹੀਨੇ ਪਹਿਲਾਂ ਹੀ ਲਲਿਤਾ ਦੇਵੀ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਗੌਰਵ ਸ਼ਿਮਲਾ 'ਚ ਕੰਮ ਕਰਦਾ ਸੀ ਪਰ ਵਿਆਹ ਤੋਂ ਬਾਅਦ ਉਹ ਹੁਸ਼ਿਆਰਪੁਰ ਆ ਗਿਆ ਸੀ। ਜਦੋਂ ਗੌਰਵ ਨੂੰ ਪਤਾ ਲੱਗਾ ਕਿ ਲਲਿਤਾ ਗਰਭਵਤੀ ਹੈ ਤਾਂ ਕੁਝ ਮਹੀਨੇ ਪਹਿਲਾਂ ਹੀ ਉਹ ਉਸ ਨੂੰ ਲਿਆ ਕੇ ਹੁਸ਼ਿਆਰਪੁਰ ਦੇ ਮੁਹੱਲਾ ਸੰਤੋਸ਼ ਨਗਰ ਵਿਚ ਰਹਿਣ ਲੱਗਾ ਸੀ। ਪਰਿਵਾਰ ਅਨੁਸਾਰ ਲਲਿਤਾ ਇਸ ਸਮੇਂ 5 ਮਹੀਨੇ ਦੀ ਗਰਭਵਤੀ ਹੈ।
ਗੋਲੀ ਮਾਰਨ ਤੋਂ ਪਹਿਲਾਂ ਲੁਟੇਰੇ ਨੇ ਠੇਕੇ ਦੇ ਲਾਏ ਸੀ 3 ਚੱਕਰ
ਵਰਣਨਯੋਗ ਹੈ ਕਿ ਸੋਮਵਾਰ ਦੇਰ ਰਾਤ ਠੀਕ ਪੌਣੇ 10 ਵਜੇ ਦੇ ਕਰੀਬ ਗੌਰਵ ਕੈਸ਼ ਕਾਊਂਟਰ 'ਤੇ ਜਦੋਂ ਪੈਸੇ ਗਿਣ ਰਿਹਾ ਸੀ, ਉਦੋਂ ਲੁਟੇਰੇ ਨੇ ਗੌਰਵ ਨੂੰ ਪਹਿਲਾਂ ਸ਼ਰਾਬ ਅਤੇ ਬਾਅਦ ਵਿਚ ਪੈਸੇ ਉਸ ਹਵਾਲੇ ਕਰਨ ਲਈ ਕਿਹਾ। ਜਦੋਂ ਗੌਰਵ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਭੜਕਿਆ ਲੁਟੇਰਾ ਪਿਸਤੌਲ ਨਾਲ ਗੌਰਵ 'ਤੇ ਗੋਲੀ ਚਲਾ ਕੇ ਫ਼ਰਾਰ ਹੋ ਗਿਆ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਲੁਟੇਰੇ ਦਾ ਮਾਨਵਤਾ ਮੰਦਰ ਵਾਲੀ ਗਲੀ ਤੱਕ ਪਿੱਛਾ ਕੀਤਾ ਪਰ ਹਨੇਰੇ ਦਾ ਫਾਇਦਾ ਉਠਾ ਕੇ ਉਹ ਗਾਇਬ ਹੋ ਗਿਆ। ਜਾਂਚ ਅਨੁਸਾਰ ਲੁਟੇਰੇ ਨੇ ਗੌਰਵ 'ਤੇ ਗੋਲੀ ਚਲਾਉਣ ਤੋਂ ਪਹਿਲਾਂ ਠੇਕੇ ਦੇ ਕਰੀਬ 3 ਚੱਕਰ ਲਾਏ ਸਨ।
ਲੁਟੇਰੇ ਨੂੰ ਜਲਦ ਕਰ ਲਿਆ ਜਾਵੇਗਾ ਕਾਬੂ : ਐੱਸ. ਐੱਚ. ਓ.
ਸੰਪਰਕ ਕਰਨ 'ਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਲੁਟੇਰਾ ਲੁੱਟ ਦੇ ਇਰਾਦੇ ਨਾਲ ਹੀ ਠੇਕੇ 'ਤੇ ਆਇਆ ਸੀ । ਹੁਣ ਤੱਕ ਦੀ ਜਾਂਚ ਅਨੁਸਾਰ ਵਾਰਦਾਤ ਸਮੇਂ ਠੇਕੇ ਵਿਚ ਕਰੀਬ 10 ਹਜ਼ਾਰ ਰੁਪਏ ਕੈਸ਼ ਸੀ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿਚ ਕੈਦ ਸ਼ੱਕੀ ਲੁਟੇਰੇ ਦੀ ਤਸਵੀਰ ਦੇ ਆਧਾਰ 'ਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ਪੁਲਸ ਨੇ ਕਮਾਲਪੁਰ ਦੇ ਰਹਿਣ ਵਾਲੇ ਵਿਜੈ ਚੌਧਰੀ ਦੇ ਬਿਆਨ 'ਤੇ ਧਾਰਾ 302, ਆਰਮਜ਼ ਐਕਟ ਦੇ ਨਾਲ ਧਾਰਾ 392 ਅਧੀਨ ਕੇਸ ਦਰਜ ਕੀਤਾ ਹੈ।
ਜਲੰਧਰ ਕਮਿਸ਼ਨਰੇਟ 'ਚ ਹੋਣਗੇ ਹੁਣ 4 ਡੀ. ਸੀ. ਪੀ., ਅਧਿਕਾਰੀਆਂ ਦੇ ਕਮਰੇ ਬਦਲੇ
NEXT STORY