ਜਲੰਧਰ, (ਮਹੇਸ਼)— ਏ. ਸੀ. ਪੀ. ਮੇਜਰ ਸਿੰਘ ਢੱਡਾ ਦੀ ਅਗਵਾਈ 'ਚ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਥਾਣਾ ਕੈਂਟ ਦੀ ਪੁਲਸ ਨੇ ਚੈਕਿੰਗ ਮੁਹਿੰਮ ਚਲਾਈ। ਭਾਰੀ ਪੁਲਸ ਫੋਰਸ ਦੇ ਨਾਲ ਐੱਸ. ਐੱਚ. ਓ. ਰਾਮਪਾਲ ਕੈਂਟ ਸਟੇਸ਼ਨ 'ਤੇ ਪਹੁੰਚੇ। ਉਨ੍ਹਾਂ ਚੈਕਿੰਗ ਸ਼ੁਰੂ ਕਰਨ ਤੋਂ ਪਹਿਲਾਂ ਕੈਂਟ ਥਾਣੇ ਦੇ ਮੁਲਾਜ਼ਮਾਂ ਤੋਂ ਇਲਾਵਾ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੇ ਜਵਾਨਾਂ ਨੂੰ ਡਿਊਟੀ ਸਬੰਧੀ ਹਦਾਇਤਾਂ ਵੀ ਦਿੱਤੀਆਂ। ਇਸ ਦੌਰਾਨ ਡਾਗ ਸਕੁਐਡ ਟੀਮ ਵੀ ਮੌਜੂਦ ਰਹੀ।
ਇੰਸ. ਰਾਮਪਾਲ ਨੇ ਸਟੇਸ਼ਨ 'ਤੇ ਘੁੰਮ ਰਹੇ ਸ਼ੱਕੀ ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਅਤੇ ਟਰੇਨਾਂ 'ਚ ਚੜ੍ਹਨ ਅਤੇ ਉਤਰਨ ਵਾਲੇ ਯਾਤਰੀਆਂ ਦਾ ਸਾਮਾਨ ਵੀ ਚੈੱਕ ਕੀਤਾ। ਉਨ੍ਹਾਂ ਲੋਕਾਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਲਾਵਾਰਿਸ ਸਾਮਾਨ ਨੂੰ ਹੱਥ ਨਾ ਲਾਉਣ ਅਤੇ ਇਸ ਸਬੰਧ 'ਚ ਪੁਲਸ ਨੂੰ ਸੂਚਨਾ ਦੇਣ। ਉਨ੍ਹਾਂ ਸਟੇਸ਼ਨ ਦੀ ਐਂਟਰੀ 'ਤੇ ਲੱਗੇ ਚੈਕਿੰਗ ਗੇਟ ਨੂੰ ਖਰਾਬ ਪਿਆ ਵੇਖ ਇਸ ਨੂੰ ਜਲਦੀ ਠੀਕ ਕਰਵਾਉਣ ਲਈ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਨੂੰ ਕਿਹਾ। ਨਾਲ ਹੀ ਉਨ੍ਹਾਂ ਸਟੇਸ਼ਨ ਦੇ ਬਾਹਰ ਗਲਤ ਢੰਗ ਨਾਲ ਖੜ੍ਹੇ ਕੀਤੇ ਜਾਂਦੇ ਵਾਹਨਾਂ ਸਬੰਧੀ ਕਿਹਾ ਕਿ ਉਹ ਅੱਜ ਤਾਂ ਸਿਰਫ ਸੁਧਰ ਜਾਣ ਦੀ ਚਿਤਾਵਨੀ ਦੇ ਰਹੇ ਹਨ ਪਰ ਅਗਲੀ ਵਾਰ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਕਰ ਕੇ ਬੈਠੇ ਖੋਖੇ ਵਾਲੇ ਸਾਵਧਾਨ ਹੋ ਜਾਣ। ਉਨ੍ਹਾਂ 'ਤੇ ਵੀ ਕਿਸੇ ਵੀ ਸਮੇਂ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਸੇਵਾ ਵਿਚ ਕੈਂਟ ਪੁਲਸ ਹਰ ਸਮੇਂ ਹਾਜ਼ਰ ਹੈ।
ਜਲੰਧਰ: ਸੁਬਾਨਾ ਪਿੰਡ ਨੇੜੇ ਵਿਅਕਤੀ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
NEXT STORY