ਕਾਲਾ ਸੰਘਿਆਂ (ਨਿੱਝਰ) : ਸਥਾਨਕ ਜਲੰਧਰ ਰੋਡ 'ਤੇ ਸਥਿਤ ਪਿੰਡ ਖਾਸ ਕਾਲਾ (ਕਾਲਾ ਸੰਘਿਆਂ) ਦੇ ਸਾਬਕਾ ਸਰਪੰਚ ਕਾਮਰੇਡ ਲੁਭਾਇਆ ਸਿੰਘ ਦੇ ਗ੍ਰਹਿ ਮੂਹਰੇ ਬੀਤੀ ਰਾਤ ਹੋਈ ਹਵਾਈ ਫਾਇਰਿੰਗ ਦੇ ਸਬੰਧ ਵਿੱਚ ਸਾਬਕਾ ਸਰਪੰਚ ਦੇ ਪੁੱਤਰ ਦੇ ਬਿਆਨਾਂ 'ਤੇ ਅਧਾਰਿਤ ਥਾਣਾ ਸਦਰ ਕਪੂਰਥਲਾ ਦੀ ਪੁਲਸ ਵੱਲੋਂ ਮਾਰਕੀਟ ਕਮੇਟੀ ਕਪੂਰਥਲਾ ਦੇ ਸਾਬਕਾ ਚੇਅਰਮੈਨ, ਉਨ੍ਹਾਂ ਦੇ ਪੋਤਰੇ ਤੇ ਪੋਤ ਨੂੰਹ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਥਾਨਕ ਪੁਲਸ ਚੌਂਕੀ ਦੇ ਇੰਚਾਰਜ ਏ. ਐਸ. ਆਈ. ਅਮਰਜੀਤ ਸਿੰਘ ਦੀ ਅਗਵਾਈ ਵਿੱਚ ਪੁਲਸ ਪਾਰਟੀ ਵੱਲੋਂ ਬੀਤੀ ਰਾਤ ਵਾਪਰੇ ਕਾਲਾ ਸੰਘਿਆਂ ਗੋਲੀ ਕਾਂਡ ਨੂੰ ਲੈ ਕੇ ਜਗਰੂਪ ਸਿੰਘ ਪੁੱਤਰ ਲੁਭਾਇਆ ਸਿੰਘ ਵਾਸੀ ਖਾਸ ਕਾਲਾ ਦੇ ਬਿਆਨਾਂ ‘ਤੇ 3 ਮੁਲਜ਼ਮਾਂ ਦੇ ਖਿਲਾਫ ਐਫ .ਆਈ. ਆਰ. 0011 ਮਿਤੀ 24 -01-2025 ਨੂੰ ਦੇਰ ਰਾਤ ਅ/ਧ 125, 351(2) ਬੀ.ਐਨ.ਐਸ. ਅਤੇ 25, 27/ 54 /59 ਆਰਮਜ਼ ਐਕਟ ਦੇ ਅਧੀਨ ਗੁਰਪ੍ਰਤਾਪ ਸਿੰਘ ਉਰਫ ਗੈਰੀ ਪੁੱਤਰ ਕੁਲਬੀਰ ਸਿੰਘ, ਨਰਿੰਦਰ ਸਿੰਘ ਸੰਘਾ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਆਲਮਗੀਰ ਪੁੱਤਰ ਅਜੈਬ ਸਿੰਘ ਤੇ ਗੁਰਪ੍ਰਤਾਪ ਸਿੰਘ ਗੈਰੀ ਦੀ ਪਤਨੀ (ਨਾਂ ਨਾਮਲੂਮ ) ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੇਜਰ ਮਨਜੀਤ ਅਤੇ ਨਾਇਕ ਦਿਲਾਵਰ ਖਾਨ ਨੂੰ ਕੀਰਤੀ ਚੱਕਰ, 14 ਨੂੰ ਸ਼ੌਰਿਆ ਚੱਕਰ, ਦੇਖੋ ਪੂਰੀ ਲਿਸਟ
ਕਾਲਾ ਸੰਘਿਆਂ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਜਗਰੂਪ ਸਿੰਘ ਪੁੱਤਰ ਲੁਭਾਇਆ ਸਿੰਘ ਨੇ ਦੋਸ਼ ਲਾਇਆ ਹੈ ਕਿ ਉਹ ਬੀਤੀ ਰਾਤ ਕਰੀਬ ਸਵਾ 7 ਸ਼ਾਮ ਆਪਣੀ ਰੈਡੀਮੇਡ ਕੱਪੜੇ ਦੀ ਦੁਕਾਨ ਬੰਦ ਕਰਕੇ ਨਜ਼ਦੀਕ ਪੈਂਦੇ ਆਪਣੇ ਘਰ ਅਜੇ ਪਹੁੰਚਿਆ ਹੀ ਸੀ ਕਿ ਉਸਨੇ ਬਾਹਰ ਉੱਚੀ-ਉੱਚੀ ਰੌਲਾ ਰੱਪਾ ਪੈਣ ਦੀ ਆਵਾਜ਼ ਸੁਣੀ। ਜਦੋਂ ਉਸਨੇ ਬਾਹਰ ਨਿਕਲ ਕੇ ਦੇਖਿਆ ਤਾਂ ਗੁਰਪ੍ਰਤਾਪ ਸਿੰਘ ਉਰਫ਼ ਗੈਰੀ ਪੁੱਤਰ ਕੁਲਬੀਰ ਸਿੰਘ ਜਿਸ ਦੇ ਹੱਥ ਵਿੱਚ ਕਥਿਤ ਰਿਵਾਲਵਰ ਸੀ ਅਤੇ ਉਸਦੇ ਨਾਲ ਉਸਦਾ ਦਾਦਾ ਨਰਿੰਦਰ ਸਿੰਘ ਪੁੱਤਰ ਅਜੈਬ ਸਿੰਘ ਅਤੇ ਗੁਰਪ੍ਰਤਾਪ ਸਿੰਘ ਗੈਰੀ ਦੀ ਪਤਨੀ ਵਾਸੀ ਆਲਮਗੀਰ (ਕਾਲਾ ਸੰਘਿਆਂ), ਜੋ ਕਿ ਇੱਕ ਇਨੋਵਾ ਕਾਰ ਵਿਚੋਂ ਉਤਰ ਕੇ ਆਏ ਤੇ ਗੁਰਪ੍ਰਤਾਪ ਸਿੰਘ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਕਥਿਤ ਤੌਰ ‘ਤੇ ਤਿੰਨੋਂ ਜਣੇ ਉੱਚੀ-ਉੱਚੀ ਗਾਲੀ ਗਲੋਚ ਕਰਨ ਲੱਗੇ। ਗੁਰਪ੍ਰਤਾਪ ਸਿੰਘ ਨੇ ਹੱਥ ਵਿੱਚ ਫੜੇ ਰਿਵਾਲਵਰ ਨਾਲ 4-5 ਹਵਾਈ ਫਾਇਰ ਕੀਤੇ ਤੇ ਉਨਾਂ ਦੇ ਗੇਟ ਵਿੱਚ ਲੱਤ ਮਾਰੀ।
ਜਗਰੂਪ ਸਿੰਘ ਨੇ ਆਪਣੇ ਦੋਸ਼ਾਂ ਵਿੱਚ ਅੱਗੇ ਇਹ ਵੀ ਦੋਸ਼ ਲਾਇਆ ਕਿ ਬੀਤੀ 18 ਨਵੰਬਰ 2024 ਨੂੰ ਗੁਰਪ੍ਰਤਾਪ ਸਿੰਘ ਗੈਰੀ ਉਹਨਾਂ ਦੀ ਰੈਡੀਮੇਡ ਦੇ ਕੱਪੜੇ ਦੀ ਦੁਕਾਨ ਉੱਤੇ ਆਇਆ ਸੀ, ਜਿੱਥੇ ਉਸਨੇ ਮੇਰੀ ਪਤਨੀ ਹਰਪ੍ਰੀਤ ਕੌਰ ਨੂੰ ਵੀ ਕਥਿਤ ਤੌਰ ‘ਤੇ ਧਮਕੀਆਂ ਦਿੱਤੀਆਂ ਸਨ ਤੇ ਉਸ ਦਿਨ ਵੀ ਰਿਵਾਲਵਰ ਉਸ ਦੇ ਪਾਸ ਸੀ। ਜਗਰੂਪ ਸਿੰਘ ਨੇ ਆਪਣੀ ਪਤਨੀ ਹਰਪ੍ਰੀਤ ਕੌਰ ਦੇ ਨਾਲ ਪੁਲਸ ਪਾਸ ਹਾਜ਼ਰ ਹੋ ਕੇ ਉਕਤ ਆਪਣੇ ਬਿਆਨ ਇਸ ਘਟਨਾ ਬਾਬਤ ਪੁਲਸ ਨੂੰ ਦਰਜ ਕਰਵਾ ਦਿੱਤੇ ਹਨ ਅਤੇ ਪੁਲਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਫਰਨੀਚਰ ਬਾਜ਼ਾਰ 'ਚ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ, 10 ਘੰਟੇ ਬਾਅਦ ਪਾਇਆ ਕਾਬੂ
ਕਾਲਾ ਸੰਘਿਆਂ ਗੋਲੀ ਕਾਂਡ ਘਟਨਾ ਸਥਾਨ ਦਾ ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਵੱਲੋਂ ਦੌਰਾ
ਇਸੇ ਦੌਰਾਨ ਡੀ. ਐੱਸ. ਪੀ. ਦੀਪਕਰਨ ਸਿੰਘ ਤੇ ਐੱਸ. ਐੱਚ. ਓ. ਥਾਣਾ ਸਦਰ ਕਪੂਰਥਲਾ ਗੌਰਵ ਧੀਰ ਵੱਲੋਂ ਕਾਲਾ ਸੰਘਿਆਂ ਗੋਲੀਕਾਂਡ ਤੋਂ ਪੈਦਾ ਹੋਏ ਹਾਲਾਤਾਂ ਦੀ ਜਾਂਚ ਕਰਨ ਲਈ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਪੀੜਤ ਪਰਿਵਾਰ ਦੇ ਨਾਲ ਰਾਬਤਾ ਕਰਕੇ ਜਿੱਥੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ, ਉੱਥੇ ਹੀ ਉਹਨਾਂ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਨੂੰ ਵੀ ਵੇਖਿਆ ਗਿਆ ਜਿਸ ਵਿਚ ਇਹ ਘਟਨਾ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਸ ਅਧਿਕਾਰੀਆਂ ਵੱਲੋਂ ਮਿਲੀ ਆਊਟਪੁਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕਰਨ ਲਈ ਸਥਾਨਕ ਪੁਲਸ ਨੂੰ ਆਦੇਸ਼ ਦਿੱਤੇ ਗਏ ਹਨ।
ਨਰਿੰਦਰ ਸਿੰਘ ਸੰਘਾ ਦੇ ਰਿਵਾਲਵਰ ਦਾ ਲਾਇਸੈਂਸ ਕੈਂਸਲ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ : ਚੌਂਕੀ ਇੰਚਾਰਜ
ਇਸੇ ਦੌਰਾਨ ਪੁਲਸ ਚੌਂਕੀ ਕਾਲਾ ਸੰਘਿਆਂ ਦੇ ਇੰਚਾਰਜ ਏ. ਐਸ. ਆਈ. ਅਮਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇੰਕਸ਼ਾਫ ਕੀਤਾ ਕਿ ਬੀਤੀ ਰਾਤ ਕਾਮਰੇਡ ਲੁਭਾਇਆ ਸਿੰਘ ਦੇ ਗ੍ਰਹਿ ਮੂਹਰੇ ਵਾਪਰੇ ਗੋਲੀਕਾਂਡ ਦੇ ਵਿੱਚ ਮੁਲਜ਼ਮ ਗੁਰਪ੍ਰਤਾਪ ਸਿੰਘ ਗੈਰੀ ਵੱਲੋਂ ਕਥਿਤ ਤੌਰ ‘ਤੇ ਆਪਣੇ ਦਾਦਾ ਨਰਿੰਦਰ ਸਿੰਘ ਸੰਘਾ ਦਾ ਲਾਇਸੈਂਸੀ ਰਿਵਾਲਵਰ ਕਥਿਤ ਤੌਰ ‘ਤੇ ਵਰਤਿਆ ਗਿਆ ਹੈ, ਜੋ ਕਿ ਗੈਰ ਕਾਨੂੰਨੀ ਹੈ ਅਤੇ ਉਸ ਦੀ ਗਲਤ ਵਰਤੋਂ ਕਰਨ ਕਰਕੇ ਅਤੇ ਨਰਿੰਦਰ ਸਿੰਘ ਸੰਘਾ ਦੇ ਓਲਡਏਜ਼ ਹੋਣ ਕਰਕੇ ਇਸ ਲਾਇਸੈਂਸ ਨੂੰ ਕੈਂਸਲ ਕਰਨ ਦੀ ਉਹਨਾਂ ਵੱਲੋਂ ਸਿਫਾਰਸ਼ ਕੀਤੀ ਜਾਵੇਗੀ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸੇ ਦੌਰਾਨ ਉਹਨਾਂ ਦੱਸਿਆ ਕਿ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਲੈ ਲਈ ਗਈ ਹੈ ਅਤੇ ਟੀਮਾਂ ਬਣਾ ਕੇ ਇਸ ਬਾਬਤ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੇ ਫੋਨ ਵੀ ਬੰਦ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਘਰੋਂ ਨਿਕਲਣ ਲੱਗੇ ਹੋ ਤਾਂ ਪਹਿਲਾਂ ਹੀ ਪਾ ਲਓ ਹੈਲਮਟ' ! ਅੱਜ ਤੋਂ ਸ਼ੁਰੂ ਹੋ ਰਿਹੈ ਆਨਲਾਈਨ ਚਲਾਨ ਸਿਸਟਮ
NEXT STORY