ਨਕੋਦਰ,(ਗੁਰਪਾਲ ਪਾਲੀ)— ਇਥੋਂ ਦੇ ਨੇੜਲੇ ਪਿੰਡ ਢੇਰੀਆਂ ਵਿਖੇ ਸ਼ਨੀਵਾਰ ਨੂੰ ਪਤੀ ਨੇ ਗਲਾ ਘੁੱਟ ਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਕਾਰਨ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਬਾਰੇ ਸੂਚਨਾ ਮਿਲਣ 'ਤੇ ਡੀ. ਐੱਸ. ਪੀ. ਨਕੋਦਰ ਪਰਮਿੰਦਰ ਸਿੰਘ, ਸਿਟੀ ਥਾਣਾ ਮੁਖੀ ਉਸ਼ਾ ਰਾਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਿੰਡ ਢੇਰੀਆਂ ਪਹੁੰਚੇ। ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟ ਲਈ ਸਿਵਲ ਹਸਪਤਾਲ ਨਕੋਦਰ ਦੇ ਮੁਰਦਾਘਰ 'ਚ ਰਖਵਾ ਦਿੱਤਾ । ਮ੍ਰਿਤਕਾ ਦੀ ਪਛਾਣ ਰਾਜਵਿੰਦਰ ਕੌਰ ਦੇ ਰੂਪ 'ਚ ਹੋਈ ਹੈ। ਮ੍ਰਿਤਕਾ ਦੇ ਇਕ 7 ਸਾਲਾਂ ਦੀ ਲੜਕੀ ਅਤੇ 5 ਸਾਲਾਂ ਦਾ ਲੜਕਾ ਹੈ।
ਮ੍ਰਿਤਕਾ ਦਾ ਪਿਤਾ ਹੈ ਘਟਨਾ ਦਾ ਚਸ਼ਮਦੀਦ ਗਵਾਹ
ਇਸ ਸਾਰੀ ਘਟਨਾ ਦਾ ਚਸ਼ਮਦੀਦ ਗਵਾਹ ਮ੍ਰਿਤਕਾ ਰਾਜਵਿੰਦਰ ਕੌਰ ਦਾ ਪਿਤਾ ਕਰਨੈਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਰਹੀਮਪੁਰ ਹੈ, ਜਿਸ ਨੇ ਆਪਣੀਆਂ ਅੱਖਾਂ ਨਾਲ ਇਸ ਘਟਨਾ ਨੂੰ ਦੇਖਿਆ । ਸਿਟੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਪਿਤਾ ਕਰਨੈਲ ਨੇ ਕਿਹਾ ਕਿ ਰਾਜਵਿੰਦਰ ਕੌਰ ਦਾ ਵਿਆਹ 8 ਸਾਲ ਪਹਿਲਾਂ 2010 'ਚ ਕੁਲਵੀਰ ਸਿੰਘ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਕੁਲਵੀਰ ਸਿੰਘ ਅਕਸਰ ਉਨ੍ਹਾਂ ਦੀ ਲੜਕੀ ਨਾਲ ਲੜਾਈ ਝਗੜਾ ਅਤੇ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਕਰਕੇ ਉਸ ਦੀ ਲੜਕੀ ਕਈ ਵਾਰ ਉਨ੍ਹਾਂ ਕੋਲ ਆ ਜਾਂਦੀ ਸੀ। ਜਿਸ ਉਪਰੰਤ ਜਵਾਈ ਕੁਲਵੀਰ ਫਿਰ ਆਪਣੀ ਗਲਤੀ ਦਾ ਅਹਿਸਾਸ ਕਰਵਾ ਕੇ ਉਨ੍ਹਾਂ ਦੀ ਲੜਕੀ ਨੂੰ ਵਾਪਸ ਆਪਣੇ ਨਾਲ ਲੈ ਜਾਂਦਾ ਸੀ। ਕਰੀਬ 3 ਦਿਨ ਪਹਿਲਾਂ ਲੜਕੀ ਨੇ ਫੋਨ 'ਤੇ ਉਨ੍ਹਾਂ ਨੂੰ ਦੱਸਿਆਂ ਸੀ ਕਿ ਉਸ ਦਾ ਘਰ ਪਤੀ ਫਿਰ ਉਸ ਨਾਲ ਕੁੱਟਮਾਰ ਕਰਦਾ ਹੈ।
ਕਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਲੜਕੀ ਨੂੰ ਮਿਲਣ ਵਾਸਤੇ ਪਿੰਡ ਢੇਰੀਆ ਪਹੁੰਚਿਆ ਤਾਂ ਉਸ ਦੇ ਜਵਾਈ ਕੁਲਵੀਰ ਨੇ ਉਸ ਨਾਲ ਵੀ ਮਾੜਾ ਸਲੂਕ ਕੀਤਾ ਅਤੇ ਕਿਹਾ ਕਿ ਮੈਨੂੰ ਤੁਹਾਡੀ ਲੜਕੀ ਦਾ ਕੋਈ ਬੰਦੋਬਸਤ ਕਰਨਾ ਹੀ ਪਵੇਗਾ। ਜਿਸ ਉਪਰੰਤ ਲੇਟ ਹੋਣ ਕਾਰਨ ਉਹ ਆਪਣੀ ਲੜਕੀ ਦੇ ਘਰ ਹੀ ਰੁਕ ਗਿਆ ।
ਸ਼ਨੀਵਾਰ ਕਰੀਬ 3 ਵਜੇ ਜਦੋਂ ਲੜਕੀ ਦੇ ਕਮਰੇ 'ਚੋਂ ਚੀਕਾਂ ਦੀ ਅਵਾਜ਼ ਆਈ ਤਾਂ ਉਨ੍ਹਾਂ ਨੇ ਅਚਾਨਕ ਉੱਠ ਕੇ ਕਮਰੇ ਦੇ ਦਰਵਾਜੇ ਨੂੰ ਧੱਕਾ ਮਾਰ ਕੇ ਖੋਲ ਦਿੱਤਾ, ਜਿਸ ਦੌਰਾਨ ਉਸ ਨੇ ਦੇਖਿਆ ਕਿ ਉਸ ਦਾ ਜਵਾਈ ਕੁਲਵੀਰ ਉਸ ਦੀ ਲੜਕੀ ਰਾਜਵਿੰਦਰ ਕੌਰ ਦਾ ਗਲਾ ਦਬਾ ਰਿਹਾ ਸੀ, ਜਿਸ ਨੂੰ ਕਾਫੀ ਰੋਕਿਆ ਪਰ ਉਸ ਨੇ ਲੜਕੀ ਦਾ ਉਨੀ ਦੇਰ ਗਲਾ ਘੁੱਟ ਕੇ ਰੱਖਿਆ, ਜਿੰਨਾ ਚਿਰ ਉਸ ਦੀ ਮੌਤ ਨਹੀ ਹੋਈ । ਜਦੋ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਧੱਕਾ ਮਾਰ ਕੇ ਫਰਾਰ ਹੋ ਗਿਆ।
ਸਿਟੀ ਥਾਣਾ ਮੁਖੀ ਉਸ਼ਾ ਰਾਣੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਕਰਨੈਲ ਸਿੰਘ ਵਾਸੀ ਰਹੀਮਪੁਰ ਦੇ ਬਿਆਨਾਂ 'ਤੇ ਕੁਲਵੀਰ ਸਿੰਘ ਪੁੱਤਰ ਜੀਤਾ ਵਾਸੀ ਪਿੰਡ ਢੇਰੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਨੇ ਲੱਖਾਂ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ ਦੋਸ਼ੀ ਕੀਤੇ ਕਾਬੂ
NEXT STORY