ਕਪੂਰਥਲਾ, (ਮਹਾਜਨ)- ਕਪੂਰਥਲਾ ਦੇ ਬੇਬੇ ਨਾਨਕੀ ਮਾਰਗ ’ਤੇ ਸੋਮਵਾਰ ਦੀ ਦੇਰ ਰਾਤ ਮੋਟਰਸਾਈਕਲ ਤੇ ਕਾਰ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਜਿਸ ਨੂੰ ਉਸਦੇ ਚਾਚੇ ਅਤੇ ਭਰਾ ਨੇ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ। ਡਿਊਟੀ ਡਾਕਟਰ ਨੇ ਜ਼ਖਮੀ ਦਾ ਮੁੱਢਲਾ ਇਲਾਜ ਕਰ ਕੇ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੰਗਲਵਾਰ ਦੁਪਹਿਰ ਕਰੀਬ 12 ਵਜੇ ਉਸਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀ ਹੈ। ਮ੍ਰਿਤਕ ਦੇ ਭਰਾ ਜੀਵਨ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰ ਚਾਲਕ ਲਵ ਕੁਮਾਰ ਵਾਸੀ ਤਰਲੋਕਪੁਰਾ ਜਲੰਧਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਪਾਲ (40) ਪੁੱਤਰ ਸਲਵਿੰਦਰ ਵਾਸੀ ਪਜੀਆ ਜੋ ਐੱਲ. ਆਈ. ਸੀ. ’ਚ ਏਜੰਟ ਦਾ ਕੰਮ ਕਰਦਾ ਹੈ। ਸੋਮਵਾਰ ਦੀ ਦੇਰ ਰਾਤ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜ਼ਰੂਰੀ ਸਾਮਾਨ ਖਰੀਦਣ ਤੋਂ ਬਾਅਦ ਘਰ ਪਰਤ ਰਿਹਾ ਸੀ ਤੇ ਉਸਦਾ ਭਰਾ ਜੀਵਨ ਕੁਮਾਰ ਅਤੇ ਚਾਚਾ ਇਕ ਹੋਰ ਮੋਟਰਸਾਈਕਲ ’ਤੇ ਉਸਦੇ ਪਿੱਛੇ ਆ ਰਹੇ ਸਨ। ਜਦੋਂ ਉਹ ਬੇਬੇ ਨਾਨਕੀ ਮਾਰਗ ’ਤੇ ਬਾਬਾ ਪੀਰ ਦੇ ਕੋਲ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ਕਾਰਣ ਮ੍ਰਿਤਕ ਸਤਪਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਐੱਸ. ਐੱਚ. ਓ. ਹਰਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦਾ ਲੋਕਾਂ ਨੇ ਪਿੱਛਾ ਕੀਤਾ ਪਰ ਕਾਰ ਚਾਲਕ ਹਨ੍ਹੇਰੇ ਦਾ ਫਾਇਦਾ ਉੱਠਾ ਕੇ ਆਪਣੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ ਤੇ ਚਾਲਕ ਨੂੰ ਫਡ਼ਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਰਿਫਰੈਸ਼ਰ ਕੋਰਸ ਕਰਨ ਲਈ ਖੁਦ ਮੁਫ਼ਤ ਆਨਲਾਈਨ ਅਪਲਾਈ ਕਰਨ ਲੋਕ, ਕਿਸੇ ਦੇ ਝਾਂਸੇ ’ਚ ਨਾ ਆਉਣ : ਅਪਨੀਤ ਰਿਆਤ
NEXT STORY