ਟਾਂਡਾ ਉਡ਼ਮੁਡ਼ (ਪੰਡਿਤ,ਮੋਮੀ)— ਅੱਡਾ ਸਰਾਂ ਵਿਖੇ ਬੀਤੀ ਰਾਤ ਸ਼ਰਾਰਤੀ ਅਨਸਰਾਂ ਵਲੋਂ ਫੋਟੋ ਸਟੂਡੀਓ ਨੂੰ ਤੇਲ ਪਾ ਕੇ ਅੱਗ ਲਗਾ ਦਿੱਤੀ। ਜਿਸ ਕਾਰਨ ਸਟੂਡੀਓ ਸੰਚਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਨੁਕਸਾਨ ਦਾ ਸ਼ਿਕਾਰ ਹੋਏ ਸਟੂਡੀਓ ਦੇ ਮਾਲਕ ਲਖਵੀਰ ਸਿੰਘ ਪੁੱਤਰ ਸ਼ਿਵ ਸਿੰਘ ਨਿਵਾਸੀ ਬਾਬਕ ਨੇ ਦੱਸਿਆ ਕਿ ਉਹ ਬੀਤੀ ਰਾਤ 8 ਵਜੇ ਦੁਕਾਨ ਬੰਦ ਕਰ ਕੇ ਗਿਆ ਸੀ। ਅਜੇ ਉਹ ਘਰ ਪਹੁੰਚਿਆ ਹੀ ਸੀ ਕਿ ਉਸਨੂੰ ਸਟੂਡੀਓ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਕਰੀਬ 8.30 ਵਜੇ ਜਦੋ ਉਹ ਮੌਕੇ ’ਤੇ ਪਹੁੰਚਿਆ ਤਾਂ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਸ ਸਮੇ ਤੱਕ ਅੱਗ ਨਾਲ ਕਾਫੀ ਨੁਕਸਾਨ ਹੋ ਚੁੱਕਾ ਸੀ।
ਲਖਵੀਰ ਸਿੰਘ ਨੇ ਦੱਸਿਆ ਕਿ ਦੁਕਾਨ ਦੇ ਪਿੱਛੇ ਬਣੇ ਰੋਸ਼ਨਦਾਨ ਰਾਹੀਂ ਸ਼ਰਾਰਤੀ ਅਨਸਰਾਂ ਵਲੋਂ ਪੈਟਰੋਲ ਪਾਕੇ ਦੁਕਾਨ ਨੂੰ ਅੱਗ ਲਾਈ ਗਈ ਅਤੇ ਉੱਥੋਂ ਤੇਲ ਦੀ ਖਾਲੀ ਕੈਨੀ ਵੀ ਮਿਲੀ ਹੈ। ਉਸ ਨੇ ਦੱਸਿਆ ਕਿ ਕਿ ਅੱਗ ਕਾਰਨ ਦੁਕਾਨ ਦੀ ਫਿਟਿੰਗ, ਕੈਮਰੇ ਅਤੇ ਹੋਰ ਸਾਮਾਨ ਨਸ਼ਟ ਹੋਇਆ ਹੈ ਅਤੇ ਕੰਪਿਊਟਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉਸਨੇ ਦੱਸਿਆ ਕਿ ਉਸਦਾ ਲਗਭਗ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸੂਚਨਾ ਮਿਲਣ ’ਤੇ ਅੱਡਾ ਸਰਾਂ ਚੌਂਕੀ ਇੰਚਾਰਜ ਐੱਸ. ਆਈ. ਜਸਵੀਰ ਸਿੰਘ ਬਰਾਡ਼ ਨੇ ਮੌਕੇ ’ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਅੱਡਾ ਸਰਾਂ ਵਿਖੇ ਹੀ ਇਕ ਮਨਿਆਰੀ ਦੀ ਦੁਕਾਨ ਵਿਚ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ ਸੀ।
ਹੁਸ਼ਿਆਰਪੁਰ: ਦੁਕਾਨਦਾਰ ਦੇ ਕਤਲ ਕਾਂਡ ’ਚ ਪੁਲਸ ਦੇ ਹੱਥ ਅਜੇ ਵੀ ਖਾਲੀ
NEXT STORY