ਹੁਸ਼ਿਆਰਪੁਰ (ਅਮਰਿੰਦਰ)— ਅਣਪਛਾਤੀ ਕਾਰ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋਏ ਆਪਣੇ ਇਕਲੌਤੇ ਪੁੱਤਰ ਸਾਹਿਲ (24) ਦੀ ਬੀਤੀ ਦੇਰ ਰਾਤ ਮੌਤ ਦੀ ਖਬਰ ਸੁਣਦੇ ਹੀ ਪਿਤਾ ਨੇ ਵੀ ਦੋਮ ਤੋੜ ਦਿੱਤਾ। ਗੁਰੂ ਨਾਨਕ ਕਾਲੋਨੀ ਬਜਵਾੜਾ ਦਾ ਰਹਿਣ ਵਾਲਾ ਤਿਲਕ ਸਿੰਘ ਆਪਣੇ ਜਵਾਨ ਪੁੱਤ ਦੀ ਮੌਤ ਦਾ ਦੁੱਖ ਨਹੀਂ ਸੀ ਬਰਦਾਸ਼ਤ ਕਰ ਸਕਿਆ। ਪਰਿਵਾਰਕ ਮੈਂਬਰ ਉਸ ਨੂੰ ਹੌਂਸਲਾ ਦੇ ਰਹੇ ਸਨ ਪਰ ਰਾਤ 11 ਵਜੇ ਦੇ ਕਰੀਬ ਉਸ ਨੇ ਵੀ ਦਮ ਤੋੜ ਦਿੱਤਾ। ਬੁੱਧਵਾਰ ਸ਼ਾਮੀਂ ਘਰ 'ਚੋਂ ਪਿਉ-ਪੁੱਤ ਦੀਆਂ ਅੰਤਿਮ ਸੰਸਕਾਰ ਲਈ ਇਕੱਠੀਆਂ ਨਿਕਲੀਆਂ ਮ੍ਰਿਤਕ ਦੇਹਾਂ ਦੇਖ ਕੇ ਪਰਿਵਾਰ ਹੀ ਨਹੀਂ, ਸਗੋਂ ਮੌਕੇ 'ਤੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।
ਹਾਦਸੇ 'ਚ ਜ਼ਖਮੀ ਹੋਇਆ ਸੀ ਸਾਹਿਲ
ਥਾਣਾ ਮਾਡਲ ਟਾਊਨ ਪੁਲਸ ਕੋਲ ਦਰਜ ਸ਼ਿਕਾਇਤ ਅਨੁਸਾਰ ਸਾਹਿਲ ਫਗਵਾੜਾ ਰੋਡ ਸਥਿਤ ਅਨਾਜ ਮੰਡੀ 'ਚ ਕੰਮ ਕਰਦਾ ਸੀ। ਸੋਮਵਾਰ ਸ਼ਾਮੀਂ ਉਹ ਆਪਣੇ ਮੋਟਰਸਾਈਕਲ 'ਤੇ ਜਦੋਂ ਖਾਨਪੁਰੀ ਗੇਟ ਵੱਲੋਂ ਬੱਸ ਸਟੈਂਡ ਵੱਲ ਪਰਤ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਸਾਹਿਲ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਅਤੇ ਬਾਅਦ 'ਚ ਸ਼ਹਿਰ ਦੇ ਹੀ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਸੀ। ਹਸਪਤਾਲ 'ਚ ਹਾਲਤ ਵਿਗੜਦੀ ਵੇਖ ਕੇ ਉਸ ਨੂੰ ਬਿਹਤਰ ਇਲਾਜ ਲਈ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਮੰਗਲਵਾਰ ਨੂੰ ਲੁਧਿਆਣਾ ਵਿਚ ਵੀ ਡਾਕਟਰਾਂ ਨੇ ਜਦੋਂ ਜਵਾਬ ਦੇ ਦਿੱਤਾ ਤਾਂ ਪਰਿਵਾਰਕ ਮੈਂਬਰ ਸਾਹਿਲ ਨੂੰ ਲੈ ਕੇ ਹੁਸ਼ਿਆਰਪੁਰ ਪਰਤ ਰਹੇ ਸਨ ਕਿ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

ਪਰਿਵਾਰ ਰੋ-ਰੋ ਕੇ ਬੇਹਾਲ
ਮੰਗਲਵਾਰ ਦੇਰ ਸ਼ਾਮ ਗੁਰੂ ਨਾਨਕ ਕਾਲੋਨੀ ਸਥਿਤ ਘਰ 'ਚ ਜਿਉਂ ਹੀ ਸਾਹਿਲ ਦੀ ਲਾਸ਼ ਪਹੁੰਚੀ ਤਾਂ ਪਰਿਵਾਰ ਰੋ-ਰੋ ਕੇ ਬੇਹਾਲ ਹੋ ਗਿਆ। ਰਿਟਾਇਰਡ ਬੈਂਕ ਅਧਿਕਾਰੀ ਤਿਲਕ ਸਿੰਘ ਆਪਣੇ ਇਕਲੌਤੇ ਪੁੱਤ ਦੀ ਲਾਸ਼ ਨਾਲ ਲਿਪਟ ਕੇ ਰੋਈ ਜਾ ਰਹੇ ਸਨ। ਤਿਲਕ ਸਿੰਘ ਨੂੰ ਪਰਿਵਾਰਕ ਮੈਂਬਰ ਵਾਰ-ਵਾਰ ਹੌਂਸਲਾ ਦੇ ਰਹੇ ਸਨ ਪਰ ਰਾਤੀਂ 11 ਵਜੇ ਦੇ ਕਰੀਬ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਵੀ ਮੌਤ ਹੋ ਗਈ। ਮ੍ਰਿਤਕ ਸਾਹਿਲ 2 ਭੈਣਾਂ ਮੋਨਿਕਾ ਅਤੇ ਕੰਚਨ ਦਾ ਇਕਲੌਤਾ ਭਰਾ ਸੀ।
ਪੁਲਸ ਵੱਲੋਂ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ
ਸਿਵਲ ਹਸਪਤਾਲ 'ਚ ਮ੍ਰਿਤਕ ਸਾਹਿਲ ਦੇ ਪਰਿਵਾਰ ਦੀ ਹਾਜ਼ਰੀ 'ਚ ਥਾਣਾ ਮਾਡਲ ਟਾਊਨ 'ਚ ਤਾਇਨਾਤ ਪੁਲਸ ਅਧਿਕਾਰੀ ਹੰਸ ਰਾਜ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਫਿਲਹਾਲ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਘਟਨਾ ਸਥਾਨ 'ਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਅਤੇ ਵਾਇਰਲ ਵੀਡੀਓ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫੁਟੇਜ ਦੇ ਸਹਾਰੇ ਪੁਲਸ ਛੇਤੀ ਹੀ ਕਾਰ ਚਾਲਕ ਦੀ ਭਾਲ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਵੇਗੀ।
ਪ੍ਰੇਮ ਵਿਆਹ ਦਾ ਖਤਰਨਾਕ ਅੰਜਾਮ, ਦੋਸਤਾਂ ਅੱਗੇ ਪਰੋਸਦਾ ਰਿਹਾ ਪਤਨੀ (ਵੀਡੀਓ)
NEXT STORY