ਜਲੰਧਰ(ਮਾਹੀ) - ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਨਵੇਂ ਤਰੀਕੇ ਨਾਲ ਝੋਨੇ ਦੀ ਬੀਜਾਈ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਾਲ ਸਿੱਧੀ ਬੀਜਾਈ ਦਾ ਰਕਬਾ ਵਧਿਆ ਹੈ। ਪਿਛਲੇ ਸਾਲ ਇਹ 1093 ਏਕੜ ਸੀ ਜੋ ਹੁਣ 1500 ਏਕੜ ਹੋ ਗਿਆ ਹੈ। ਇਸ ਦੇ ਨਾਲ ਹੀ ਸਿੱਧੀ ਬੀਜਾਈ ਕਰਨ ਵਾਲੇ ਕਿਸਾਨਾਂ ਨੂੰ ਵੀ 1500 ਰੁਪਏ ਦਿੱਤੇ ਜਾਂਦੇ ਹਨ।
ਖੇਤੀਬਾੜੀ ਵਿਭਾਗ ਦੇ ਚੀਫ਼ ਡਾ. ਜਸਵੰਤ ਰਾਏ ਨੇ ਦੱਸਿਆ ਕਿ ਝੋਨੇ ਦੀ ਬੀਜਾਈ ਸ਼ੁਰੂ ਹੋ ਗਈ ਹੈ। ਕਿਸਾਨ ਬਿਨਾਂ ਪਾਣੀ ਦੀ ਵਰਤੋਂ ਕੀਤੇ ਡੀ. ਐੱਸ. ਆਰ. ਮਸ਼ੀਨਾਂ ਦੀ ਵਰਤੋਂ ਕਰ ਕੇ ਆਪਣੇ ਖੇਤਾਂ ’ਚ ਝੋਨੇ ਦੀ ਸਿੱਧੀ ਬੀਜਾਈ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬੀਜਾਈ ਕਰਨ ਦੀ ਅਪੀਲ ਕੀਤੀ ਸੀ।
ਪੈਸੇ, ਸਮੇ ਤੇ ਤੇਲ ਦੀ ਬੱਚਤ ਹੋਵੇਗੀ
ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਵਾਇਤੀ ਢੰਗ ਨਾਲ ਝੋਨੇ ਦੀ ਬੀਜਾਈ ਲਈ ਮਜ਼ਦੂਰੀ ਦਾ ਖਰਚਾ 3000 ਤੋਂ 5000 ਰੁਪਏ ਪ੍ਰਤੀ ਏਕੜ ਹੁੰਦਾ ਹੈ ਪਰ ਸਿੱਧੀ ਬਿਜਾਈ ਨਾਲ ਸਾਰੀ ਮਜ਼ਦੂਰੀ ਦੀ ਬੱਚਤ ਹੁੰਦੀ ਹੈ। ਡੀ. ਐੱਸ. ਆਰ. ਵਿਧੀ ’ਚ ਸਿਰਫ 2 ਮਜ਼ਦੂਰ ਇਕ ਟਰੈਕਟਰ ਤੇ ਡੀ. ਐੱਸ. ਆਰ. ਮਸ਼ੀਨ ਨਾਲ ਇਕ ਦਿਨ ’ਚ ਕਈ ਏਕੜ ਖੇਤ ’ਚ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ।
ਡੀ. ਐੱਸ. ਆਰ. ਵਿਧੀ ਰਾਹੀਂ ਝੋਨੇ ਦੀ ਬੀਜਾਈ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਬਚੇਗਾ, ਕਿਉਂਕਿ ਇਸ ਵਿਧੀ ’ਚ ਖੇਤ ਨੂੰ ਪਾਣੀ ਨਾਲ ਨਹੀਂ ਭਰਨਾ ਪੈਂਦਾ। ਸਿੱਧੀ ਬੀਜਾਈ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਿਧੀ ਨੂੰ ਅਪਣਾ ਕੇ ਉਹ ਪ੍ਰਤੀ ਏਕੜ ਵੱਧ ਝਾੜ ਪ੍ਰਾਪਤ ਕਰਨਗੇ।
ਸਿੱਧੀ ਕਰਨ ਨਾਲ ਪੈਸੇ ਤੇ ਪਾਣੀ ਦੀ ਹੁੰਦੀ ਹੈ ਬੱਚਤ : ਨੰਬਰਦਾਰ ਜੁਗਲ ਕਿਸ਼ੋਰ ਸ਼ੈਲੀ
ਇਸ ਸਬੰਧੀ ਨੰਬਰਦਾਰ ਜੁਗਲ ਕਿਸ਼ੋਰ ਸ਼ੈਲੀ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬੀਜਾਈ ਕਰਨ ਨਾਲ ਨਾ ਸਿਰਫ਼ ਪੈਸੇ ਤੇ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੀ ਬੀਜਾਈ ਦੇ ਝੋਨੇ ਨੂੰ ਸਮੇਂ ਸਿਰ ਦਵਾਈਆਂ ਦਾ ਛਿੜਕਾਅ ਕਰਨਾ ਪੈਂਦਾ ਹੈ ਤੇ ਦੇਖਭਾਲ ਕਰਨੀ ਪੈਂਦੀ ਹੈ। ਸਿੱਧੀ ਬੀਜਾਈ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ ਤੇ ਹੁਣ ਜ਼ਿਆਦਾਤਰ ਕਿਸਾਨ ਇਸ ਤਕਨੀਕ ਵੱਲ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਕਨੀਕ ਨਾਲ ਲੇਬਰ ਦੇ ਨਾਲ-ਨਾਲ ਪਾਣੀ ਦੀ ਵੀ ਕਾਫੀ ਬੱਚਤ ਹੁੰਦੀ ਹੈ। ਇਸ ਲਈ ਸਾਰੇ ਕਿਸਾਨ ਭਰਾਵਾਂ ਨੂੰ ਇਸ ਸਕੀਮ ਦਾ ਲਾਭ ਉਠਾਉਣਾ ਚਾਹੀਦਾ ਹੈ।
ਫ਼ੌਜ ਦੇ ਟਰੱਕ ਨਾਲ ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਦੀ ਟੱਕਰ ਨਾਲ ਲੱਗੀਆਂ 5 ਪਲਟੀਆਂ
NEXT STORY