ਜਲੰਧਰ (ਮਹੇਸ਼)– ਬਸਤੀ ਬਾਵਾ ਖੇਲ ਨਿਵਾਸੀ ਇਕ ਮਰੀਜ਼ ਦੇ ਪੱਖ ਵਿਚ ਆਏ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਜੌਹਲ ਹਸਪਤਾਲ ਰਾਮਾ ਮੰਡੀ ਦੇ ਮਾਲਕ ਡਾ. ਬਲਜੀਤ ਸਿੰਘ ਜੌਹਲ ’ਤੇ ਥਾਣਾ ਰਾਮਾ ਮੰਡੀ ਵਿਚ ਐੱਸ. ਸੀ./ਐੱਸ. ਟੀ. ਐਕਟ ਤਹਿਤ ਕੇਸ ਦਰਜ ਕਰਵਾਇਆ ਹੈ। ਉਮੇਸ਼ ਸਾਹ ਪੁੱਤਰ ਸਤਨਾਰਾਇਣ ਸ਼ਾਹ ਨਿਵਾਸੀ ਪਿੰਡ ਗੋਰਾ ਡਾਵਰ, ਥਾਣਾ ਬੈਕੁੰਠਪੁਰ, ਜ਼ਿਲ੍ਹਾ ਗੋਪਾਲਗੰਜ (ਬਿਹਾਰ), ਹਾਲ ਵਾਸੀ ਪਿਆਰੇ ਪੰਛੀ ਦਾ ਵਿਹੜਾ, ਬਸਤੀ ਬਾਵਾ ਖੇਲ ਜਲੰਧਰ ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਉਸ ਨੇ 23 ਅਗਸਤ ਨੂੰ ਸਵੇਰੇ ਤੜਕੇ 4 ਵਜੇ ਆਪਣੀ ਗਰਭਵਤੀ ਪਤਨੀ ਉਰਮਿਲਾ ਦੇਵੀ ਨੂੰ ਜੌਹਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ। 24 ਅਗਸਤ ਨੂੰ ਸ਼ਾਮੀਂ 5 ਵਜੇ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਪੈਂਡਿੰਗ ਬਿੱਲ 1 ਲੱਖ 28 ਹਜ਼ਾਰ ਰੁਪਏ ਬਣਿਆ ਹੈ। ਬਿੱਲ ਜਮ੍ਹਾ ਕਰਵਾ ਕੇ ਉਹ ਆਪਣੀ ਪਤਨੀ ਦੀ ਲਾਸ਼ ਹਸਪਤਾਲ ਵਿਚੋਂ ਲਿਜਾ ਸਕਦਾ ਹੈ।
ਉਮੇਸ਼ ਨੇ ਕਿਹਾ ਕਿ ਉਸ ਨੇ ਡਾਕਟਰ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਐੱਸ. ਸੀ./ਐੱਸ. ਟੀ. ਵਰਗ ਨਾਲ ਸੰਬੰਧ ਰੱਖਦਾ ਹੈ ਅਤੇ ਇੰਨੇ ਪੈਸੇ ਦੇਣ ਦੀ ਉਸ ਦੀ ਹੈਸੀਅਤ ਨਹੀਂ ਹੈ, ਜਿਸ ਤੋਂ ਬਾਅਦ ਡਾਕਟਰ ਨੇ ਉਸ ਨੂੰ ਜਾਤੀ-ਸੂਚਕ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਉਮੇਸ਼ ਨੇ ਕਿਹਾ ਕਿ ਹਸਪਤਾਲ ਦੇ ਸਟਾਫ਼ ਨੂੰ ਉਸ ਨੇ ਕਿਹਾ ਕਿ ਉਹ ਪੈਸੇ ਲੈ ਕੇ ਆਉਂਦਾ ਹੈ। ਹਸਪਤਾਲ ਵਿਚੋਂ ਬਾਹਰ ਆ ਕੇ ਉਸ ਨੇ ਡਾਕਟਰ ਜੌਹਲ ’ਤੇ ਕਈ ਗੰਭੀਰ ਦੋਸ਼ ਲਾਉਂਦਿਆਂ ਪੂਰੇ ਮਾਮਲੇ ਦੀ ਜਾਣਕਾਰੀ ਆਪਣੇ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਦਿੱਤੀ। ਉਹ ਤੁਰੰਤ ਹਸਪਤਾਲ ਪਹੁੰਚੇ ਅਤੇ ਉਸ ਨੂੰ ਉਸ ਦੀ ਪਤਨੀ ਦੀ ਲਾਸ਼ ਦਿਵਾਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਹਰਭਜਨ ਲਾਲ ਨੇ ਦੱਸਿਆ ਕਿ ਉਮੇਸ਼ ਦੇ ਬਿਆਨਾਂ ’ਤੇ ਪੁਲਸ ਨੇ ਡਾਕਟਰ ਜੌਹਲ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ
ਆਈ. ਐੱਮ. ਏ. ਦੀ ਚਿਤਾਵਨੀ : ਡਾ. ਜੌਹਲ ’ਤੇ ਦਰਜ ਕੀਤਾ ਝੂਠਾ ਕੇਸ ਖਾਰਜ ਨਾ ਕੀਤਾ ਤਾਂ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਵਿਚ ਬੰਦ ਰੱਖੀਆਂ ਜਾਣਗੀਆਂ ਮੈਡੀਕਲ ਸੇਵਾਵਾਂ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਡਾ. ਬਲਜੀਤ ਸਿੰਘ ਜੌਹਲ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਐੱਸ. ਸੀ./ਐੱਸ. ਟੀ. ਐਕਟ ਤਹਿਤ ਦਰਜ ਕੀਤੇ ਗਏ ਝੂਠੇ ਕੇਸ ਨੂੰ ਖਾਰਿਜ ਨਾ ਕੀਤਾ ਗਿਆ ਤਾਂ ਆਈ. ਐੱਮ. ਏ. ਇਸਦੇ ਰੋਸ ਵਜੋਂ ਪੂਰੇ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਵਿਚ ਮੈਡੀਕਲ ਸੇਵਾਵਾਂ ਪੂਰੀ ਤਰ੍ਹਾਂ ਬੰਦ ਰੱਖੇਗੀ। ਐਮਰਜੈਂਸੀ ਕੇਸ ਅਤੇ ਓ. ਪੀ. ਡੀ. ਵੀ ਨਹੀਂ ਦੇਖੀ ਜਾਵੇਗੀ। ਇਸ ਸਬੰਧ ਵਿਚ ਐਸੋਸੀਏਸ਼ਨ ਵੱਲੋਂ ਆਈ. ਐੱਮ. ਏ. ਹਾਊਸ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਨੇ ਹਿੱਸਾ ਲਿਆ ਅਤੇ ਡਾ. ਜੌਹਲ ’ਤੇ ਦਰਜ ਕੀਤੇ ਗਏ ਝੂਠੇ ਕੇਸ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ।
ਜ਼ਿਲ੍ਹਾ ਪ੍ਰਧਾਨ ਆਲੋਕ ਲਾਲਵਾਨੀ, ਸਾਬਕਾ ਪੰਜਾਬ ਪ੍ਰਧਾਨ ਡਾ. ਯਸ਼ ਸ਼ਰਮਾ, ਸਕੱਤਰ ਡਾ. ਆਰ. ਐੱਸ. ਬੱਲ, ਆਈ. ਐੱਮ. ਏ. ਦੇ ਰਾਸ਼ਟਰੀ ਮੀਤ ਪ੍ਰਧਾਨ ਡਾ. ਨਵਜੋਤ ਸਿੰਘ ਦਹੀਆ, ਡਾ. ਯੋਗੇਸ਼ਵਰ ਸੂਦ, ਡਾ. ਅਮਰਜੀਤ ਸਿੰਘ, ਡਾ. ਰਾਜੀਵ ਸੂਦ, ਡਾ. ਮੁਲਤਾਨੀ, ਡਾ. ਮੁਕੇਸ਼ ਗੁਪਤਾ, ਡਾ. ਜੇ. ਪੀ. ਸਿੰਘ, ਡਾ. ਅਸ਼ਮੀਤ ਸਿੰਘ, ਡਾ. ਪੰਕਜ ਲਾਲ, ਡਾ. ਰਾਕੇਸ਼ ਆਦਿ ਮੁੱਖ ਰੂਪ ਵਿਚ ਇਸ ਮੌਕੇ ਮੌਜੂਦ ਸਨ। ਮੀਟਿੰਗ ਤੋਂ ਬਾਅਦ ਆਈ. ਐੱਮ. ਏ. ਦਾ ਵਫਦ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੂੰ ਮਿਲਣ ਉਨ੍ਹਾਂ ਦੇ ਆਫਿਸ ਪਹੁੰਚਿਆ ਅਤੇ ਪੂਰੇ ਮਾਮਲੇ ਤੋਂ ਜਾਣੂ ਕਰਵਾਇਆ। ਸਾਰੇ ਡਾਕਟਰਾਂ ਨੇ ਸੀ. ਪੀ. ਕੋਲੋਂ ਮੰਗ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਜਾਂਚ ਦੇ ਡਾ. ਜੌਹਲ ’ਤੇ ਐੱਫ. ਆਈ. ਆਰ. ਦਰਜ ਕਰਨਾ ਗਲਤ ਹੈ, ਜਿਸ ਨੂੰ ਲੈ ਕੇ ਹੋਰ ਡਾਕਟਰਾਂ ਵਿਚ ਵੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: PRTC ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਸਰਕਾਰੀ ਬੱਸਾਂ ਦਾ ਅੱਜ ਬਾਅਦ ਦੁਪਹਿਰ ਹੋ ਸਕਦੈ ਚੱਕਾ ਜਾਮ
ਪੁਲਸ ਕਮਿਸ਼ਨਰ ਨੇ ਡੀ. ਸੀ. ਪੀ. ਇਨਵੈਸਟੀਗੇਸ਼ਨ ਨੂੰ ਸੌਂਪੀ ਜਾਂਚ
ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਆਈ. ਐੱਮ. ਏ. ਨਾਲ ਮੀਟਿੰਗ ਉਪਰੰਤ ਡਾ. ਬੀ. ਐੱਸ. ਜੌਹਲ ’ਤੇ ਥਾਣਾ ਰਾਮਾ ਮੰਡੀ ਵਿਚ ਐੱਸ. ਸੀ./ਐੱਸ. ਟੀ. ਐਕਟ ਤਹਿਤ ਦਰਜ ਕੀਤੀ ਐੱਫ਼. ਆਈ. ਆਰ. ਦੀ ਜਾਂਚ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੂੰ ਸੌਂਪੀ ਹੈ। ਤੇਜਾ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਆਪਣੀ ਰਿਪੋਰਟ ਸੀ. ਪੀ. ਨੂੰ ਸੌਂਪਣਗੇ। ਪੁਲਸ ਕਮਿਸ਼ਨਰ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਪੂਰੇ ਇਨਸਾਫ਼ ਦਾ ਭਰੋਸਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਘੇਰੀ ‘ਆਪ’, SIT ਵੱਲੋਂ ਤਲਬ ਕਰਨ ’ਤੇ ਦਿੱਤੀ ਇਹ ਪ੍ਰਤੀਕਿਰਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਿੱਖਿਆ ਤੇ ਖੇਡ ਵਿਭਾਗ 'ਚ ਤਾਲਮੇਲ ਦੀ ਘਾਟ, ਟੂਰਨਾਮੈਂਟਾਂ ਦੀਆਂ ਤਰੀਕਾਂ 'ਚ ਟਕਰਾਅ
NEXT STORY