ਫਿਲੌਰ (ਭਾਖੜੀ)-ਸਥਾਨਕ ਸ਼ਹਿਰ ਦੇ ਮੁੱਹਲਾ ਕਾਜੀਆਂ ਵਿਚ 100 ਸਾਲ ਪੁਰਾਣੇ ਖੰਡਰ ਮਕਾਨ ਵਿਚ ਦਰਜਨਾਂ ਕੋਬਰਾ, ਅਜਗਰ ਅਤੇ ਹੋਰ ਖਤਰਨਾਕ ਪ੍ਰਜਾਤੀ ਦੇ ਸੱਪਾਂ ਨੇ ਪੱਕੇ ਤੌਰ 'ਤੇ ਡੇਰਾ ਜਮਾਇਆ ਹੋਇਆ ਹੈ, ਜਿਸ ਕਾਰਨ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਆਲਮ ਇਹ ਹੋ ਚੁੱਕਾ ਹੈ ਕਿ ਉਸ ਖੰਡਰ ਘਰ ਦੇ ਅੰਦਰੋਂ ਲੋਕਾਂ ਨੂੰ ਹਰ ਸਮੇਂ ਸੱਪਾਂ ਦੇ ਫੁੰਕਾਰਨ ਦੀਆਂ ਪਹਿਲਾਂ ਆਵਾਜ਼ਾਂ ਆਉਂਦੀਆਂ ਸਨ, ਹੁਣ ਇਹ ਜ਼ਹਿਰੀਲੇ ਸੱਪ ਲੋਕਾਂ ਦੇ ਘਰਾਂ ਵਿਚ ਜਾਣਾ ਸ਼ੁਰੂ ਹੋ ਗਏ ਹਨ। ਕੁਝ ਦਿਨ ਪਹਿਲਾਂ ਇਕ ਕੋਬਰਾ ਸੱਪ ਗੁਆਂਢੀ ਸਾਈਂ ਰਾਮ ਦੇ ਘਰ ਦਾਖਲ ਹੋ ਕੇ ਛੱਤ ਦੇ ਉੱਪਰ ਲੱਗੇ ਪੱਖੇ ਨਾਲ ਲਿਪਟ ਗਿਆ, ਜਿਸ ਨੂੰ ਬੜੀ ਮੁਸ਼ਕਲ ਨਾਲ ਸਪੇਰੇ ਨੇ ਆ ਕੇ ਫੜਿਆ, ਜਿਸ ਦੇ ਨਿਕਲ ਜਾਣ ਤੋਂ ਬਾਅਦ ਵੀ ਪਰਿਵਾਰ ਦੇ ਮੈਂਬਰ ਡਰ ਦੇ ਮਾਹੌਲ ਵਿਚ ਆਪਣੇ ਘਰ ਵਿਚ ਰਹਿ ਰਹੇ ਹਨ।
ਵਿਦੇਸ਼ ਤੋਂ ਪਰਤੀ ਐੱਨ. ਆਰ. ਆਈ. ਔਰਤ ਨੇ ਉਸੇ ਮੁਹੱਲੇ ਵਿਚ ਇਕ ਨਵਾਂ ਘਰ ਖਰੀਦਿਆ, ਜਿਉਂ ਹੀ ਉਹ ਘਰ ਦੀ ਸਫਾਈ ਕਰਨ ਲੱਗੀ ਤਾਂ ਘਰ ਦੇ ਅੰਦਰ ਇਕ, ਦੋ ਨਹੀਂ ਅੱਧਾ ਦਰਜਨ ਜ਼ਹਿਰੀਲੇ ਸੱਪ ਘੁੰਮਦੇ ਦੇਖ ਕੇ ਔਰਤ ਚੀਕਦੀ ਹੋਈ ਘਰੋਂ ਬਾਹਰ ਭੱਜ ਆਈ। ਆਖਰਕਾਰ ਸਪੇਰੇ ਨੇ ਮਦਦ ਕੀਤੀ, ਜਿਨ੍ਹਾਂ ਨੇ ਸੱਪਾਂ ਨੂੰ ਆ ਕੇ ਫੜਿਆ ਅਤੇ ਘਰ ਨੂੰ ਸੱਪਾਂ ਤੋਂ ਮੁਕਤ ਕਰਵਾਇਆ। ਉਸ ਖੰਡਰ ਘਰ 'ਚ ਰਹਿਣ ਵਾਲੇ ਸੱਪਾਂ ਦੀ ਮੁਹੱਲਾ ਨਿਵਾਸੀਆਂ ਦੇ ਦਿਲਾਂ ਵਿਚ ਇੰਨੀ ਦਹਿਸ਼ਤ ਪੈ ਗਈ ਹੈ ਕਿ ਨਾ ਤਾਂ ਉਹ ਖੁਦ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਖੇਡਣ ਲਈ ਭੇਜਦੇ ਹਨ। ਕੁਝ ਦਿਨ ਪਹਿਲਾਂ ਜਦੋਂ ਮੁਹੱਲੇ ਦੀ ਔਰਤ ਦੁੱਧ ਲੈਣ ਲਈ ਉੱਥੋਂ ਗੁਜ਼ਰ ਰਹੀ ਸੀ ਤਾਂ ਉਸ ਨੇ ਘਰ ਦੇ ਅੰਦਰ ਇਕ 10 ਫੁੱਟ ਦੇ ਮੋਟੇ ਅਜਗਰ ਨੂੰ ਕਤੂਰਾ ਜਿਊਂਦਾ ਨਿਗਲਦੇ ਦੇਖ ਕੇ ਉਹ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਈ। ਲੋਕਾਂ ਮੁਤਾਬਕ ਉਸ ਖੰਡਰ ਘਰ ਵਿਚ ਇਕ ਕੁੱਤੀ ਸੂਈ ਹੋਈ ਹੈ, ਜਿਸ ਦੇ ਇਕ-ਇਕ ਕਰ ਕੇ ਸਾਰੇ ਬੱਚੇ ਸੱਪ ਨਿਗਲ ਗਏ। ਸੀਨੀਅਰ ਐਡਵੋਕੇਟ ਰਾਜ ਕੁਮਾਰ ਨੇ ਦੱਸਿਆ ਕਿ ਮੁਹੱਲਾ ਨਿਵਾਸੀਆਂ ਨੇ ਕਈ ਵਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਉਸ ਖੰਡਰ ਘਰ ਨੂੰ ਡੇਗਣ ਦੀ ਸ਼ਿਕਾਇਤ ਕੀਤੀ ਹੈ ਪਰ ਕਿਸੇ ਨੇ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਮੁਹੱਲਾ ਨਿਵਾਸੀਆਂ ਨੇ ਐੱਸ. ਡੀ. ਐੱਮ. ਨੂੰ ਸਬੂਤ ਵਜੋਂ ਸੌਂਪਿਆ ਸੱਪ
ਮੁਹੱਲਾ ਕਾਜੀਆਂ 'ਚ ਪਏ ਖੰਡਰ ਘਰ 'ਚ ਸੱਪ ਹੋਣ ਦੀ ਸੂਚਨਾ ਦੇਣ ਤੋਂ ਬਾਅਦ ਵੀ ਜਦੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਬੀਤੇ ਦਿਨ ਮੁਹੱਲਾ ਨਿਵਾਸੀ ਉਸ ਖੰਡਰ ਘਰ ਤੋਂ ਨਿਕਲੇ ਵੱਡੇ ਸੱਪ ਨੂੰ ਮਾਰ ਕੇ ਇਕ ਲਿਫਾਫੇ ਵਿਚ ਪਾ ਕੇ ਸਮਾਗਮ ਵਿਚ ਸ਼ਾਮਲ ਹੋਣ ਆਏ ਐੱਸ. ਡੀ. ਐੱਮ. ਦੇ ਕੋਲ ਲੈ ਗਏ। ਜਿਉਂ ਹੀ ਲੋਕਾਂ ਨੇ ਐੱਸ. ਡੀ. ਐੱਮ. ਨੂੰ ਉਹ ਲਿਫਾਫਾ ਸਬੂਤ ਵਜੋਂ ਸੌਂਪਿਆ ਤਾਂ ਐੱਸ. ਡੀ. ਐੱਮ. ਦੇ ਪੁੱਛਣ 'ਤੇ ਕਿ ਲਿਫਾਫੇ ਵਿਚ ਕੀ ਹੈ ਤਾਂ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਵਿਚ 6 ਫੁੱਟ ਲੰਬਾ ਮਰਿਆ ਹੋਇਆ ਸੱਪ ਹੈ ਤਾਂ ਇਹ ਗੱਲ ਸੁਣਦੇ ਹੀ ਐੱਸ. ਡੀ. ਐੱਮ. ਹੜਬੜਾ ਗਏ। ਉਨ੍ਹਾਂ ਨੇ ਤੁਰੰਤ ਲਿਫਾਫਾ ਬਾਹਰ ਵੱਲ ਸੁੱਟਦੇ ਹੋਏ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਕਾਰਵਾਈ ਕਰਦੇ ਹੋਏ ਉਸ ਖੰਡਰ ਘਰ ਨੂੰ ਡੇਗ ਦੇਣ। ਅੱਜ ਨਗਰ ਕੌਂਸਲ ਨੇ ਉਸ ਘਰ ਦੇ ਮਾਲਕਾਂ ਨੂੰ ਮਕਾਨ ਦਾ ਮਲਬਾ ਡੇਗਣ ਲਈ ਪੱਤਰ ਭੇਜ ਕੇ ਸੂਚਿਤ ਕੀਤਾ।
ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ
NEXT STORY