ਜਲੰਧਰ (ਪੁਨੀਤ)-ਨਗਰ ਨਿਗਮ ਕਮਿਸ਼ਨਰ ਆਈ. ਏ. ਐੱਸ. ਡਾ. ਰਿਸ਼ੀਪਾਲ ਸਿੰਘ ਨੇ ਨਾਰਥ ਵਿਧਾਨ ਸਭਾ ਹਲਕੇ ਦੇ 24 ਨੋਡਲ ਆਫਿਸਰਾਂ (ਵਾਰਡ ਇੰਚਾਰਜ) ਨੂੰ ਪਬਲਿਕ ਦੀਆਂ ਸਮੱਸਿਆਵਾਂ ਹੱਲ ਕਰਨ ਸਬੰਧੀ ਟ੍ਰੇਨਿੰਗ ਦਿੱਤੀ। ਉਥੇ ਹੀ ਸਖ਼ਤ ਨਿਰਦੇਸ਼ ਦਿੱਤੇ ਗਏ ਕਿ ਹਰੇਕ ਨੋਡਲ ਆਫਿਸਰ ਆਪਣੇ ਵਾਰਡ ਦਾ ਰੋਜ਼ਾਨਾ ਮੁਆਇਨਾ ਕਰਨ ਅਤੇ ਜ਼ੋਨਲ ਕਮਿਸ਼ਨਰਾਂ ਨੂੰ ਰਿਪੋਰਟ ਭੇਜਣਾ ਯਕੀਨੀ ਬਣਾਇਆ ਜਾਵੇ। ਸਮੱਸਿਆਵਾਂ ਦੇ ਹੱਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਨਿਗਮ ਕਮਿਸ਼ਨਰ ਨੇ 4 ਕਿਲੋਮੀਟਰ ਤੋਂ ਜ਼ਿਆਦਾ ਏਰੀਆ ਵਿਚ ਫਲੈਗ ਮਾਰਚ ਕੀਤਾ ਅਤੇ ਛੋਟੀਆਂ-ਵੱਡੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਅਧਿਕਾਰੀਆਂ ਵੱਲੋਂ ਮੁੱਖ ਸੜਕਾਂ, ਤੰਗ ਗਲੀਆਂ, ਮੁਹੱਲਿਆਂ, ਬਾਜ਼ਾਰਾਂ, ਸਲੱਮ ਇਲਾਕਿਆਂ, ਪਾਸ਼ ਇਲਾਕਿਆਂ ਸਮੇਤ ਵੱਖ-ਵੱਖ ਇਲਾਕਿਆਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਸੜਕਾਂ ਦੀ ਖਸਤਾ ਹਾਲਤ ਠੀਕ ਕਰਵਾਉਣ ਲਈ ਪੈਚਵਰਕ, ਇਕਹਿਰੀ ਪੁਲੀ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੱਕੇ ਤੌਰ ’ਤੇ ਮਸ਼ੀਨ ਲਗਾਉਣਾ, ਸੀਵਰੇਜ ਜਾਮ ਖੁੱਲ੍ਹਵਾਉਣ, ਕੂੜੇ ਦੇ ਛੋਟੇ ਡੰਪਾਂ ਨੂੰ ਕਲੀਅਰ ਕਰਵਾਉਣ ਸਮੇਤ ਵੱਖ-ਵੱਖ ਹਦਾਇਤਾਂ ਦਿੱਤੀਆਂ ਗਈਆਂ।
ਫਲੈਗ ਮਾਰਚ ਵਿਚ ਨਾਰਥ ਜ਼ੋਨ ਤੋਂ ਜ਼ੋਨਲ ਕਮਿਸ਼ਨਰ ਵਿਕ੍ਰਾਂਤ ਸ਼ਰਮਾ, ‘ਆਪ’ ਦੇ ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ, ਬੌਬੀ ਢੱਲ, ਅਸਿਸਟੈਂਟ ਜ਼ੋਨਲ ਕਮਿਸ਼ਨਰ ਹਰਪ੍ਰੀਤ ਸਿੰਘ ਵਾਲੀਆ, 24 ਵਾਰਡਾਂ ਦੇ ਨੋਡਲ ਆਫਿਸਰ, ਓ. ਐਂਡ ਐੱਮ. ਦੇ ਐੱਸ. ਡੀ. ਓ. ਪ੍ਰਸ਼ਾਂਤ ਕੁਮਾਰ, ਸੈਨੇਟਰੀ ਇੰਸ. ਧੀਰਜ ਕੁਮਾਰ, ਬੀ. ਐਂਡ ਐੱਮ. ਐੱਸ. ਡੀ. ਓ. ਤਰੁਣਪ੍ਰੀਤ ਨੂੰ ਮਿਲਾ ਕੇ ਨਿਗਮ ਦੇ 50 ਤੋਂ ਜ਼ਿਆਦਾ ਅਧਿਕਾਰੀ ਅਤੇ ਢੱਲ ਦੇ 10-12 ਸਮਰਥਕ ਮੌਜੂਦ ਸਨ। 65-70 ਵਿਅਕਤੀਆਂ ਦੀ ਅਗਵਾਈ ਕਰ ਰਹੇ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਵੱਲੋਂ ਪ੍ਰਤਾਪ ਬਾਗ ਸਥਿਤ ਕੂੜੇ ਦੇ ਡੰਪ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਰੋਜ਼ਾਨਾ ਲਿਫਟਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ। ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਇਆ ਫਲੈਗ ਮਾਰਚ ਭਗਤ ਸਿੰਘ ਚੌਕ, ਪੰਜਪੀਰ ਇਲਾਕੇ ਦੀਆਂ ਤੰਗ ਗਲੀਆਂ ਵਿਚੋਂ ਹੁੰਦੇ ਹੋਏ ਇਕਹਿਰੀ ਪੁਲੀ ਪਹੁੰਚਿਆ, ਉਥੋਂ ਲੱਕੜ ਮਾਰਕੀਟ ਵਾਲੀ ਰੋਡ ’ਤੇ ਪਹੁੰਚਦੇ ਹੀ ਕਮਿਸ਼ਨਰ ਵੱਲੋਂ ਸੜਕ ਦੀ ਖਸਤਾ ਹਾਲਤ ਦੇਖ ਕੇ ਸਬੰਧਤ ਇੰਚਾਰਜ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪੈਚਵਰਕ ਕਰਵਾਉਂਦੇ ਹੋਏ ਸੜਕ ਦੀ ਮੁਰੰਮਤ ਕਰਵਾਈ ਜਾਵੇ।
ਇਹ ਵੀ ਪੜ੍ਹੋ: ਟਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 62 ਟਰੇਨਾਂ 3 ਮਹੀਨਿਆਂ ਲਈ ਰੱਦ
ਉਥੇ ਹੀ ਕਿਸ਼ਨਪੁਰਾ ਰੋਡ ’ਤੇ ਸਥਿਤ ਗੁਰੂ ਰਵਿਦਾਸ ਸਕੂਲ ਵਾਲੀ ਰੋਡ ਦਾ ਮੁਆਇਨਾ ਕੀਤਾ ਗਿਆ। ਕਾਲੀ ਸੜਕ ਦਾ ਨਿਰੀਖਣ ਕਰਦਿਆਂ ਨਿਗਮ ਕਮਿਸ਼ਨਰ ਅੰਮ੍ਰ੍ਰਿਤਸਰ-ਦਿੱਲੀ ਹਾਈਵੇਅ ਕੋਲ ਪਹੁੰਚ ਗਏ ਅਤੇ ਚੱਲ ਰਹੇ ਵੱਖ-ਵੱਖ ਕੰਮਾਂ ਦੀ ਜਾਂਚ ਕੀਤੀ। ਉਥੇ ਮੁਹੱਲਿਆਂ ਦੇ ਅੰਦਰੋਂ ਹੁੰਦੇ ਹੋਏ ਅਧਿਕਾਰੀ ਦੋਮੋਰੀਆ ਪੁਲ ਪਹੁੰਚੇ ਅਤੇ ਰਸਤੇ ’ਚ ਲੱਗੇ ਕੂੜੇ ਦੇ ਢੇਰਾਂ ਅਤੇ ਹੋਰ ਕੰਮਾਂ ’ਤੇ ਅਸੰਤੁਸ਼ਟੀ ਜਤਾਈ। ਉਥੇ ਹੀ, ਕਈ ਸਥਾਨਾਂ ’ਤੇ ਸੀਵਰੇਜ ਜਾਮ ਖੁੱਲ੍ਹਵਾਉਣ ਦ ਹੁਕਮ ਦਿੱਤੇ।
ਵਰਣਨਯੋਗ ਹੈ ਕਿ ਵੱਖ-ਵੱਖ ਨੋਡਲ ਆਫਿਸਰਾਂ ਵੱਲੋਂ ਭੇਜੀ ਗਈ ਰਿਪੋਰਟ ਵਿਚ ਆਪਣੇ ਵਾਰਡਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਇਸ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਵਾਰਡ ਵਿਚ ਕੋਈ ਸਮੱਸਿਆ ਨਹੀਂ ਹੈ। ਇਸ ਤਰ੍ਹਾਂ ਦੀ ਰਿਪੋਰਟ ਮਿਲਣ ’ਤੇ ਨਿਗਮ ਕਮਿਸ਼ਨਰ ਵੱਲੋਂ ਹੈਰਾਨੀ ਪ੍ਰਗਟਾਈ ਗਈ ਸੀ। ਗੁੱਸੇ ਵਿਚ ਆਏ ਡਾ. ਰਿਸ਼ੀਪਾਲ ਨੇ ਨੋਡਲ ਆਫਿਸਰਾਂ ਨੂੰ ਨਾਲ ਲੈ ਕੇ ਵਾਰਡ ਨਿਰੀਖਣ ਕਰਨ ਦਾ ਫ਼ੈਸਲਾ ਲਿਆ ਸੀ। ਇਸੇ ਦੇ ਮੱਦੇਨਜ਼ਰ ਨਿਗਮ ਕਮਿਸ਼ਨਰ ਵੱਲੋਂ ਨਾਰਥ ਵਿਚ ਪੈਂਦੇ 24 ਵਾਰਡਾਂ ਦੇ ਨੋਡਲ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਕਮਿਸ਼ਨਰ ਨੇ ਸਾਫ਼ ਕਿਹਾ ਕਿ ਕਲੀਨ ਚਿੱਟ ਦੇਣ ਤੋਂ ਪਹਿਲਾਂ ਆਪਣੇ ਵਾਰਡ ਦਾ ਚੰਗੀ ਤਰ੍ਹਾਂ ਮੁਆਇਨਾ ਕਰ ਲੈਣ। ਜਿਸ ਵਾਰਡ ਦੀ ਨੋਡਲ ਆਫਿਸਰ ਕਲੀਨ ਚਿੱਟ ਦੇਵੇਗਾ, ਉਸ ਵਾਰਡ ਵਿਚ ਚੈਕਿੰਗ ਕਰਵਾਈ ਜਾਵੇਗੀ। ਜੇਕਰ ਸਬੰਧਤ ਵਾਰਡ ਵਿਚ ਕੋਈ ਸਮੱਸਿਆ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਕਹਿਰੀ ਪੁਲੀ ਵਿਚੋਂ ਪਾਣੀ ਦੀ ਨਿਕਾਸੀ ਲਈ ਲੱਗੇਗੀ ਮਸ਼ੀਨ
ਇਕਹਿਰੀ ਪੁਲੀ ਵਿਚ ਥੋੜ੍ਹੀ ਜਿਹੀ ਬਰਸਾਤ ਨਾਲ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਇਸ ਪਾਣੀ ਦੀ ਕਈ ਦਿਨਾਂ ਤਕ ਨਿਕਾਸੀ ਨਹੀਂ ਹੁੰਦੀ, ਜੋ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਇਸਦੇ ਹੱਲ ਲਈ ਨਿਗਮ ਕਮਿਸ਼ਨਰ ਵੱਲੋਂ ਹੁਕਮ ਦਿੱਤੇ ਗਏ ਕਿ ਇਥੇ ਪੱਕੇ ਤੌਰ ’ਤੇ ਮੋਟਰ ਵਾਲੀ ਮਸ਼ੀਨ ਲਗਾਈ ਜਾਵੇਗੀ, ਜਿਸ ਨਾਲ ਪਾਣੀ ਦੀ ਨਿਕਾਸੀ ਹੋ ਸਕੇ। ਉਨ੍ਹਾਂ ਕਿਹਾ ਕਿ ਹੁਣ ਮੀਂਹ ਪੈਣ ਤੋਂ ਬਾਅਦ ਉਹ ਦੌਰਾ ਕਰਨਗੇ।
ਲੱਕੜ ਮਾਰਕੀਟ ’ਚ ਸੜਕ ’ਤੇ ਖੱਡਾ ਮਿਲਿਆ ਤਾਂ ਨੋਡਲ ਆਫਿਸਰ ਹੋਵੇਗਾ ਤਲਬ
ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਪੁੱਛਿਆ ਕਿ ਸੜਕਾਂ ’ਤੇ ਖੱਡੇ ਭਰਵਾਉਣ ਦੇ ਕੰਮ ਵਿਚ ਦੇਰੀ ਕਿਉਂ ਕੀਤੀ ਜਾਂਦੀ ਹੈ। ਰਿਸ਼ੀਪਾਲ ਸਿੰਘ ਨੇ ਕਿਹਾ ਕਿ ਇਕਹਿਰੀ ਪੁਲੀ ਤੋਂ ਲੱਕੜ ਮਾਰਕੀਟ ਨੂੰ ਜਾਣ ਵਾਲੀ ਰੋਡ ’ਤੇ ਪੈਚਵਰਕ ਦਾ ਕੰਮ ਤੁਰੰਤ ਪ੍ਰਭਾਵ ਨਾਲ ਪੂਰਾ ਜਾਣਾ ਚਾਹੀਦਾ ਹੈ। ਇਸ ਰੋਡ ’ਤੇ ਜੇ ਇਕ ਵੀ ਖੱਡਾ ਮਿਲਿਆ ਤਾਂ ਨੋਡਲ ਆਫਿਸਰ ਨੂੰ ਤਲਬ ਕਰਕੇ ਜਵਾਬਦੇਹੀ ਤੈਅ ਹੋਵੇਗੀ।
ਇਹ ਵੀ ਪੜ੍ਹੋ: ਘੱਟ ਸੌਣ ਵਾਲਿਆਂ ਨੂੰ ਸ਼ੂਗਰ ਦਾ ਵਧੇਰੇ ਖ਼ਤਰਾ, ਸਰਵੇਖਣ ਦੌਰਾਨ ਸਾਹਮਣੇ ਆਏ ਹੈਰਾਨੀਜਨਕ ਅੰਕੜੇ
ਥਾਂ-ਥਾਂ ਲੱਗੇ ਕੂੜੇ ਦੇ ਢੇਰ ਦੇਖ ਕੇ ਅਸੰਤੁਸ਼ਟ ਦਿਸੇ ਕਮਿਸ਼ਨਰ
4 ਕਿਲੋਮੀਟਰ ਦੇ ਏਰੀਏ ਵਿਚ ਨਿਰੀਖਣ ਕਰਦਿਆਂ ਨਿਗਮ ਕਮਿਸ਼ਨਰ ਵੱਖ-ਵੱਖ ਕੰਮਾਂ ਤੋਂ ਅਸੰਤੁਸ਼ਟ ਨਜ਼ਰ ਆਏ। ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਸਨ, ਇਸ ’ਤੇ ਉਨ੍ਹਾਂ ਨੇ ਕਿਹਾ ਕਿ ਸੋਮਵਾਰ ਤੋਂ ਬਾਅਦ ਕਿਸੇ ਵੀ ਸਮੇਂ ਇਲਾਕੇ ਵਿਚ ਰਾਊਂਡ ਕੀਤਾ ਜਾਵੇਗਾ। ਜੋ ਵੀ ਸਮੱਸਿਆਵਾਂ ਦਿਖਾਈ ਦੇ ਰਹੀਆਂ ਹਨ, ਉਹ ਦੁਬਾਰਾ ਨਜ਼ਰ ਨਹੀਂ ਆਉਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰ ਹਟਾਉਣ ਅਤੇ ਹੋਰ ਕੰਮਾਂ ਨੂੰ ਪੂਰਾ ਕਰਵਾਉਣ ਤੋਂ ਬਾਅਦ ਕਲੀਨ ਏਰੀਆ ਦੀ ਫੋਟੋ ਗਰੁੱਪ ਵਿਚ ਪਾਈ ਜਾਵੇ।
ਢੰਨ ਮੁਹੱਲੇ ਵਿਚ ਛੱਪੜ ਦੀ ਸਫ਼ਾਈ ਕਰਵਾਉਣ ਦੇ ਨਿਰਦੇਸ਼
ਨਿਗਮ ਕਮਿਸ਼ਨਰ ਨੇ ਢੰਨ ਮੁਹੱਲੇ ਦੀਆਂ ਗਲੀਆਂ ਦਾ ਨਿਰੀਖਣ ਕੀਤਾ। ਇਸ ਦੌਰਾਨ ਛੱਪੜਾਂ ਵਿਚ ਗੰਦਗੀ ਦੇਖ ਕੇ ਕਮਿਸ਼ਨਰ ਨੇ ਚਿੰਤਾ ਪ੍ਰਗਟ ਕੀਤੀ ਅਤੇ ਤੁਰੰਤ ਨਿਰਦੇਸ਼ ਦਿੰਦਿਆਂ ਕਿਹਾ ਕਿ ਛੱਪੜਾਂ ਦੀ ਸਫ਼ਾਈ ਕਰਵਾਉਣ ਸਮੇਤ ਉਕਤ ਵਾਰਡਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਰਿਪੋਰਟ ਭੇਜੀ ਜਾਵੇ। ਢੱਲ ਨੇ ਕਮਿਸ਼ਨਰ ਨਾਲ ਵੱਖ-ਵੱਖ ਯੋਜਨਾਵਾਂ ’ਤੇ ਵਿਚਾਰ-ਚਰਚਾ ਕੀਤੀ।
ਇਹ ਵੀ ਪੜ੍ਹੋ: ਗੋਰਾਇਆ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਗਲੀ-ਸੜੀ ਲਾਸ਼, ਮੰਜ਼ਰ ਵੇਖ ਸਹਿਮੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਪੰਜਾਬ ਸਰਕਾਰ ਨੇ ਸੂਬੇ ਦੇ ਹਰੇਕ ਲੋੜਵੰਦ ਦੀ ਬਾਂਹ ਫੜੀ: ਬ੍ਰਹਮ ਸ਼ੰਕਰ ਜਿੰਪਾ
NEXT STORY