ਜਲੰਧਰ (ਖੁਰਾਣਾ)— 2007 ਤੋਂ ਲੈ ਕੇ 2017 ਤੱਕ ਲਗਾਤਾਰ 10 ਸਾਲ ਪੰਜਾਬ 'ਚ ਅਕਾਲੀ-ਭਾਜਪਾ ਦੀ ਸਰਕਾਰ ਰਹੀ, ਜਿਸ ਦੌਰਾਨ ਨਾਰਥ ਖੇਤਰ ਦੇ ਵਿਧਾਇਕ ਕੇ. ਡੀ. ਭੰਡਾਰੀ ਨੇ ਸ਼ਹਿਰ ਦੀ ਕਾਫੀ ਪੁਰਾਣੀ ਸਮੱਸਿਆ ਨੂੰ ਖਤਮ ਕਰਦੇ ਹੋਏ ਚੰਦਨ ਨਗਰ ਅੰਡਰਬ੍ਰਿਜ ਦਾ ਨਿਰਮਾਣ ਕੰਮ ਪੂਰਾ ਕਰਕੇ ਸ਼ਹਿਰ ਨੂੰ ਇਕ ਤੋਹਫਾ ਦਿੱਤਾ ਸੀ। ਇਸ ਅੰਡਰਬ੍ਰਿਜ ਕਾਰਨ ਸ਼ਹਿਰ ਦੇ ਇਕ ਹਿੱਸੇ ਨੂੰ ਪੇਸ਼ ਆ ਰਹੀ ਫਾਟਕਾਂ ਦੀ ਸਮੱਸਿਆ ਦਾ ਕਾਫ਼ੀ ਹੱਦ ਤੱਕ ਹੱਲ ਹੋ ਗਿਆ ਸੀ ਪਰ ਅਜੇ ਤੱਕ ਪਿਛਲੇ ਕੁਝ ਸਮਾਂ ਤੋਂ ਇਹ ਅੰਡਰਬ੍ਰਿਜ ਹੈਵੀ ਟ੍ਰੈਫਿਕ ਲਈ ਬੰਦ ਪਿਆ ਹੈ, ਜਿਸ ਕਾਰਨ ਹੁਣ ਸ਼ਹਿਰ ਵਾਸੀਆਂ ਨੂੰ ਫਿਰ ਫਾਟਕਾਂ ਦੀ ਸਮੱਸਿਆ ਪੇਸ਼ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸੋਢਲ ਤੋਂ ਜੋ ਸਟਾਰਮ ਵਾਟਰ ਸੀਵਰ ਕਾਲਾ ਸੰਘਿਆ ਡਰੇਨ ਤੱਕ ਪਾਇਆ ਜਾਣਾ ਹੈ, ਉਸ ਦੇ ਤਹਿਤ ਸ਼ਿਵ ਨਗਰ ਦਾ ਖੇਤਰ ਵੀ ਉਸ ਪ੍ਰਾਜੈਕਟ ਨਾਲ ਜੋੜ ਦਿੱਤਾ ਗਿਆ। ਖੇਤਰ ਵਾਸੀ ਦੱਸਦੇ ਹਨ ਕਿ ਸ਼ਿਵ ਨਗਰ 'ਚ ਵੀ ਗੁਰਦੁਆਰੇ ਤੱਕ ਬਰਸਾਤੀ ਪਾਣੀ ਦੀ ਸਮੱਸਿਆ ਰਹਿੰਦੀ ਸੀ, ਜਿਸ ਕਾਰਨ ਇਸ ਖੇਤਰ ਨੂੰ ਵੀ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਨਾਲ ਜੋੜਿਆ ਗਿਆ ਹੈ। ਸ਼ਿਵ ਨਗਰ ਦੀ ਮੇਨ ਸੜਕ 'ਤੇ ਪਾਈਪਾਂ ਪਾਉਣ ਲਈ ਪੁਟਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਸੜਕ 'ਚੋਂ ਨਿਕਲੀ ਮਿੱਟੀ ਨੇ ਇਨ੍ਹੀਂ ਦਿਨੀਂ ਹੋਈਆਂ ਬਰਸਾਤਾਂ 'ਚ ਚਿੱਕੜ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਸ਼ਿਵ ਨਗਰ ਵਾਸੀ ਕਾਫ਼ੀ ਪ੍ਰੇਸ਼ਾਨ ਹਨ।

ਕੀ ਅੰਡਰਬ੍ਰਿਜ 'ਚ ਕੀਤੇ ਗਏ ਸੁਰਾਖਾਂ ਕਾਰਨ ਪਾਉਣੀ ਪਈ ਪਾਈਪ ਲਾਈਨ
ਮੇਨ ਸੜਕ 'ਤੇ ਮਿੱਟੀ ਅਤੇ ਦਲਦਲ ਦੀ ਸਮੱਸਿਆ ਬਾਰੇ ਦੱਸਦਿਆਂ ਸ਼ਿਵ ਨਗਰ ਵਾਸੀਆਂ ਨੇ ਕਿਹਾ ਕਿ ਕਾਫੀ ਸਮਾਂ ਪਹਿਲਾਂ ਖੇਤਰ ਦੇ ਕੌਂਸਲਰ ਵਿੱਕੀ ਕਾਲੀਆ ਨੇ ਅੰਡਰਬ੍ਰਿਜ ਦੀਆਂ ਕੰਧਾਂ 'ਚ ਸੁਰਾਖ ਕਰ ਕੇ ਉਪਰੀ ਸੜਕਾਂ ਦੇ ਸਾਰੇ ਬਰਸਾਤੀ ਪਾਣੀ ਦਾ ਨਿਕਾਸ ਅੰਡਰਬ੍ਰਿਜ ਦੇ ਅੰਡਰਗਰਾਊਂਡ ਟੈਂਕ 'ਚ ਕਰ ਦਿੱਤਾ ਸੀ, ਜਿਸ ਕਾਰਨ ਥੋੜ੍ਹੇ ਮੀਂਹ ਕਾਰਨ ਵੀ ਅੰਡਰਗਰਾਊਂਡ ਟੈਂਕ ਭਰ ਜਾਂਦਾ ਸੀ। ਇਸ ਪਾਣੀ ਨੂੰ ਉਪਰੋਂ ਪੰਪ ਕਰਕੇ ਸ਼ਿਵ ਨਗਰ ਵੱਲ ਛੱਡਿਆ ਜਾਂਦਾ ਸੀ। ਸ਼ਿਵ ਨਗਰ ਵਾਸੀਆਂ ਨੇ ਦੱਸਿਆ ਕਿ ਹੁਣ ਅੰਡਰਬ੍ਰਿਜ ਤੱਕ ਸਟਾਰਮ ਵਾਟਰ ਸੀਵਰ ਲਾਈਨ ਇਸ ਕਾਰਨ ਜੋੜੀ ਗਈ ਹੈ ਕਿਉਂਕਿ ਪਾਣੀ ਦੀ ਪੰਪਿੰਗ 'ਚ ਸਮੱਸਿਆ ਆ ਰਹੀ ਸੀ।
ਦੂਜੇ ਪਾਸੇ ਜਦੋਂ ਕੌਂਸਲਰ ਵਿੱਕੀ ਕਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੰਪ ਦਾ ਪਾਣੀ ਪਹਿਲਾਂ ਸੀਵਰ ਲਾਈਨ 'ਚ ਜਾਂਦਾ ਸੀ, ਜੋ ਬਰਸਾਤਾਂ ਦੇ ਮੌਸਮ 'ਚ ਭਰ ਜਾਂਦਾ ਸੀ ਅਤੇ ਸਮੱਸਿਆ ਆਉਂਦੀ ਸੀ, ਹੁਣ ਸਟਾਰਮ ਵਾਟਰ ਲਾਈਨ ਪੈਣ ਕਾਰਨ ਅਜਿਹੀ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਨੇ ਇਸ ਗੱਲ ਤੋਂ ਮਨ੍ਹਾ ਕੀਤਾ ਕਿ ਅੰਡਰਬ੍ਰਿਜ ਦੀਆਂ ਕੰਧਾਂ 'ਚ ਸੁਰਾਖ ਕਰਨ ਨਾਲ ਪੰਪਿੰਗ ਦੀ ਸਮੱਸਿਆ ਨੂੰ ਦੇਖਦੇ ਹੋਏ ਸ਼ਿਵ ਨਗਰ ਖੇਤਰ 'ਚ ਪੁਟਾਈ ਕਰਵਾਈ ਜਾ ਰਹੀ ਹੈ।
ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਗਈ 6ਵੀਂ ਪ੍ਰਭਾਤਫੇਰੀ
NEXT STORY