ਅਦਾਕਾਰਾ ਆਲੀਆ ਭੱਟ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ 25 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ’ਚ ਆਲੀਆ ਲੇਡੀ ਡੌਨ ਦੀ ਭੂਮਿਕਾ ’ਚ ਨਜ਼ਰ ਆਵੇਗੀ। ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ’ਚ ਉਸ ਤੋਂ ਇਲਾਵਾ ਸ਼ਾਂਤਨੂ ਮਹੇਸ਼ਵਰੀ, ਵਿਜੇ ਰਾਜ, ਇੰਦਰਾ ਤਿਵਾਰੀ, ਸੀਮਾ ਪਾਹਵਾ, ਵਰੁਣ ਕਪੂਰ ਤੇ ਜਿਮ ਸਰਬ ਦੀਆਂ ਵੀ ਭੂਮਿਕਾਵਾਂ ਹਨ। ਅਜੇ ਦੇਵਗਨ ਫ਼ਿਲਮ ’ਚ ਕਰੀਮ ਲਾਲਾ ਦੇ ਕਿਰਦਾਰ ’ਚ ਹੈ। ਗੰਗੂਬਾਈ ਉਸ ਦੁਨੀਆ ’ਤੇ ਰਾਜ ਕਰਦੀ ਸੀ, ਜਿਸ ’ਚ ਔਰਤਾਂ ਦੇ ਖੜ੍ਹੇ ਹੋਣ ’ਤੇ ਹੀ ਉਸ ਨੂੰ ਬਦਚਲਨ ਕਹਿ ਦਿੱਤਾ ਜਾਂਦਾ ਹੈ ਪਰ ਗੰਗੂਬਾਈ ਦਾ ਸਾਰੇ ਸਨਮਾਨ ਕਰਦੇ ਸਨ। ਕਿਹਾ ਜਾ ਰਿਹਾ ਹੈ ਕਿ ਗੰਗੂਬਾਈ ਕਿਸੇ ਲੜਕੀ ਨੂੰ ਉਸ ਦੀ ਮਰਜ਼ੀ ਤੋਂ ਬਿਨਾਂ ਕੋਠੇ ’ਚ ਨਹੀਂ ਰੱਖਦੀ ਸੀ। ਗੰਗੂਬਾਈ ਨੇ ਸੈਕਸ ਵਰਕਰਾਂ ਤੇ ਅਨਾਥ ਬੱਚਿਆਂ ਦੀ ਬਹੁਤ ਮਦਦ ਕੀਤੀ ਸੀ, ਇਸ ਲਈ ਉਨ੍ਹਾਂ ਨੂੰ ਗੰਗੂਬਾਈ ਕਾਠੀਆਵਾੜੀ ਕਹਿੰਦੇ ਸਨ। ਆਲੀਆ ਭੱਟ ਨੇ ਫ਼ਿਲਮ ਨਾਲ ਜੁੜੇ ਆਪਣੇ ਤਜਰਬਿਆਂ ’ਤੇ ‘ਪੰਜਾਬ ਕੇਸਰੀ’, ‘ਨਵੋਦਿਆ ਟਾਈਮਜ਼’, ‘ਜਗ ਬਾਣੀ’ ਤੇ ‘ਹਿੰਦ ਸਮਾਚਾਰ’ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਖ਼ਾਸ ਗੱਲਬਾਤ ’ਚ ਬੋਲੀ ਆਲੀਆ ਭੱਟ
ਭਾਗਾਂ ਵਾਲੀ ਹਾਂ ਜੋ ਅਜੇ ਤਕ ਮੈਨੂੰ ਚੰਗੀ ਸਕ੍ਰਿਪਟ ਤੇ ਬਿਹਤਰੀਨ ਡਾਇਰੈਕਟਰਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ
ਮੈਂ ਪੂਰੀ ਤਰ੍ਹਾਂ ਡਾਇਰੈਕਟਰ ਦੀ ਐਕਟਰ ਹਾਂ। ਮੈਨੂੰ ਲੱਗਦਾ ਹੈ ਮੈਂ ਭਾਗਾਂ ਵਾਲੀ ਰਹੀ ਹਾਂ ਕਿ ਹੁਣ ਤਕ ਮੈਂ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ, ਉਨ੍ਹਾਂ ਦੀ ਸਕ੍ਰਿਪਟ ਤੇ ਡਾਇਰੈਕਟਰ ਬਹੁਤ ਸ਼ਾਨਦਾਰ ਰਹੇ ਹਨ। ਇਹ ਦੋਵੇਂ ਚੀਜ਼ਾਂ ਬਹੁਤ ਅਹਿਮ ਹਨ। ਇਨ੍ਹਾਂ ਦੋਵਾਂ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਇਕ ਅਦਾਕਾਰ ਬਿਹਤਰ ਕੰਮ ਕਰ ਸਕਦਾ ਹੈ। ਆਪਣੀ ਗੱਲ ਕਰਾਂ ਤਾਂ ਮੈਂ ਪੂਰੀ ਤਰ੍ਹਾਂ ਇਕ ਡਾਇਰੈਕਟਰ ਦੀ ਐਕਟਰ ਹਾਂ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਆਪਣੇ ਅਦਾਕਾਰ ਤੋਂ ਤੁਸੀਂ ਕਿਹੋ ਜਿਹਾ ਕੰਮ ਲੈਣਾ ਹੈ। ਇਸ ਨਾਲ ਅਦਾਕਾਰ ਦਾ ਕੰਮ ਸੌਖਾ ਹੋ ਜਾਂਦਾ ਹੈ। ਖ਼ਾਸ ਤੌਰ ’ਤੇ ਉਸ ਵੇਲੇ ਚੀਜ਼ਾਂ ਹੋਰ ਨਿਖਰ ਕੇ ਆਉਂਦੀਆਂ ਹਨ, ਜਦੋਂ ਤਜਰਬੇਕਾਰ ਡਾਇਰੈਕਟਰਾਂ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਦਾ ਹੈ। ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨਾ ਸੁਪਨਾ ਸੱਚ ਹੋਣ ਵਰਗਾ ਹੈ। ਉਹ ਟਿਪੀਕਲ ਬਣਾਈ ਗਈ ਬਾਊਂਡਰੀ ਤੋਂ ਬਾਹਰ ਜਾ ਕੇ ਕੰਮ ਕਰਦੇ ਹਨ। ਉਨ੍ਹਾਂ ਦੀਆਂ ਫ਼ਿਲਮਾਂ ’ਚ ਐਕਟਰਾਂ ਨੂੰ ਵੱਖਰੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ, ਜੋ ਸਭ ਦੀ ਸੋਚ ਤੋਂ ਵੱਖ ਹੁੰਦਾ ਹੈ। ਅੱਜ ਜਦੋਂ ਫਿਲਮ ਦੇ ਟਰੇਲਰ ਨੂੰ ਇੰਨਾ ਚੰਗਾ ਰਿਸਪਾਂਸ ਮਿਲ ਰਿਹਾ ਹੈ ਤਾਂ ਇਸ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ। ਮੈਂ ਉਹੀ ਕੀਤਾ ਜੋ ਮੇਰੇ ਡਾਇਰੈਕਟਰ ਨੇ ਮੇਰੇ ਕੋਲੋਂ ਕਰਵਾਇਆ। ਸੰਜੇ ਨਾਲ ਕੰਮ ਕਰਨਾ ਇਕ ਲਾਈਫ ਚੇਂਜਿੰਗ ਐਕਸਪੀਰੀਐਂਸ ਹੈ। ਮੇਰੇ ਲਈ ਇਹ ਵੱਡਾ ਚੈਲੇਂਜ ਸੀ। ਜੇ ਮੈਂ ਇਕੋ ਤਰ੍ਹਾਂ ਦੇ ਰੋਲ ਤੇ ਸਕ੍ਰਿਪਟ ਚੁਣਦੀ ਰਹਾਂਗੀ ਤਾਂ ਕੁਝ ਵੱਖਰਾ ਕਿਵੇਂ ਕਰ ਸਕਾਂਗੀ?
ਕਰੀਅਰ ਦਾ ਸਭ ਤੋਂ ਚੈਲੇਂਜਿੰਗ ਰੋਲ
ਗੰਗੂੂਬਾਈ ਵਰਗਾ ਰੋਲ ਮੈਂ ਪਹਿਲਾਂ ਕਦੇ ਨਹੀਂ ਨਿਭਾਇਆ। ਅਜਿਹਾ ਕਰੈਕਟਰ, ਜਿਸ ਨਾਲ ਮੈਂ ਰਿਲੇਟ ਨਹੀਂ ਕਰਦੀ। ਉਸ ਦੀ ਦੁਨੀਆ ਬਾਰੇ ਮੈਨੂੰ ਕੁਝ ਨਹੀਂ ਪਤਾ। ਅਜਿਹੀ ਹਾਲਤ ’ਚ ਫਰੰਟ ਫੁੱਟ ’ਤੇ ਆ ਕੇ ਇੰਨਾ ਬੋਲਡ ਰੋਲ ਮੈਂ ਪਹਿਲੀ ਵਾਰ ਕਰ ਰਹੀ ਹਾਂ। ਇਸ ਰੋਲ ਵਿਚ ਇੰਨੇ ਸ਼ੇਡਜ਼ ਹਨ, ਕੁਝ ਤਾਂ ਕੁਝ ਸੈਕੰਡਜ਼ ਲਈ ਹਨ। ਡਾਂਸ ਹੋਵੇ, ਡਾਇਲਾਗ ਡਲਿਵਰੀ ਜਾ ਬਾਡੀ ਲੈਂਗਵੇਜ, ਹਰ ਚੀਜ਼ ’ਤੇ ਕੰਮ ਕੀਤਾ ਹੈ। ਇਨ੍ਹਾਂ ਨੂੰ ਸ਼ਿੱਦਤ ਨਾਲ ਵਿਖਾਉਣਾ, ਮੈਂ ਕਦੇ ਸੋਚ ਨਹੀਂ ਸਕਦੀ ਸੀ ਕਿ ਇਸ ਤਰ੍ਹਾਂ ਦਾ ਕੰਮ ਮੈਂ ਕਦੇ ਕਰ ਸਕਾਂਗੀ ਪਰ ਸੰਜੇ ਦੀ ਇਸ ਵਿਚ ਅਹਿਮ ਭੂਮਿਕਾ ਰਹੀ ਹੈ। ਹਰ ਫਿਲਮ, ਹਰ ਕਰੈਕਟਰ ਇਕ ਨਵਾਂ ਚੈਲੇਂਜ ਲੈ ਕੇ ਆਉਂਦਾ ਹੈ ਪਰ ਸੱਚ ਕਹਾਂ ਤਾਂ ਇਹ ਮੇਰੇ ਕਰੀਅਰ ਵਿਚ ਹੁਣ ਤਕ ਦਾ ਸਭ ਤੋਂ ਚੈਲੇਂਜਿੰਗ ਰੋਲ ਰਿਹਾ ਹੈ।
ਹੁਣ ਮੈਂ ਆਪਣੇ ਕੰਮ ਨੂੰ ਇੰਜੁਆਏ ਕਰਨ ਲੱਗੀ ਹਾਂ
ਕਦੇ-ਕਦੇ ਸਮਾਂ ਕਿਵੇਂ ਨਿਕਲ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਫਿਲਮ ਜਗਤ ਵਿਚ 10 ਸਾਲ ਹੋ ਗਏ ਹਨ। ਅਜੇ ਵੀ ਕਈ ਵਾਰ ਲੱਗਦਾ ਹੈ ਕਿ ਕੁਝ ਸਾਲ ਪਹਿਲਾਂ ਹੀ ਡੈਬਿਊ ਹੋਇਆ ਸੀ। ਖਾਸ ਤੌਰ ’ਤੇ ਉਸ ਵੇਲੇ ਜਦੋਂ ਪਿਛਲੇ 2 ਸਾਲ ਕੋਵਿਡ ਨਾਲ ਨਿਕਲੇ ਹਨ। ਇਕ ਐਕਟਰ ਦੇ ਤੌਰ ’ਤੇ ਮੈਂ ਬਹੁਤ ਵਿਕਾਸ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਸ਼ਾਂਤ ਹੋ ਗਈ ਹਾਂ। ਆਪਣੇ ਕੰਮ ਨੂੰ ਇੰਜੁਆਏ ਕਰਨ ਲੱਗੀ ਹਾਂ ਬਿਨਾਂ ਕਿਸੇ ਸਟ੍ਰੈੱਸ ਦੇ। ਇਸ ਦਾ ਕੀ ਬਣੇਗਾ, ਫ਼ਿਲਮ ਚੱਲੇਗੀ ਜਾਂ ਨਹੀਂ, ਇਸ ਸਭ ਦਾ ਅਸਰ ਤੁਹਾਡੇ ਕੰਮ ’ਤੇ ਨਜ਼ਰ ਆਉਂਦਾ ਹੈ। ‘ਸਟੂਡੈਂਟ ਆਫ ਦਿ ਯੀਅਰ’ ਦੇ ਆਪਣੇ ਪਹਿਲੇ ਦਿਨ ਦਾ ਸ਼ੂਟ ਮੈਨੂੰ ਅਜੇ ਵੀ ਯਾਦ ਹੈ। ਮੈਂ ਕਿੰਨੀ ਨਰਵਸ ਸੀ। ਅਸੀਂ ਫਿਲਮ ਦੇ ਗਾਣੇ ‘ਰਾਧਾ ਤੇਰੀ ਚੁਨਰੀ’ ਦੀ ਸ਼ੂਟਿੰਗ ਕਰ ਰਹੇ ਸੀ। ਮੈਂ ਕਿਸੇ ਨਾਲ ਗੱਲ ਤਕ ਨਹੀਂ ਕਰਦੀ ਸੀ। ਮੈਂ ਅਜਿਹਾ ਵਤੀਰਾ ਕਰ ਰਹੀ ਸੀ ਜਿਵੇਂ ਮੈਂ ਸਕੂਲ ’ਚ ਹੋਵਾਂ। ਹਾਲਾਂਕਿ ਮੈਂ ਅੱਜ ਵੀ ਨਵੇਂ ਪ੍ਰਾਜੈਕਟਾਂ ਨੂੰ ਲੈ ਕੇ ਨਰਵਸ ਰਹਿੰਦੀ ਹਾਂ, ਜੋ ਕਿ ਨਾਰਮਲ ਹੈ। ਮੇਰੇ ਪਿਤਾ ਨੇ ਮੈਨੂੰ ਕਈ ਸਾਲ ਪਹਿਲਾਂ ਕਿਹਾ ਸੀ ਕਿ ਜਦੋਂ ਤੂੰ ਐਕਟਰ ਬਣੇਂਗੀ ਤਾਂ ਹਰ ਵੱਡੇ ਸ਼ਾਟ ’ਤੇ, ਫ਼ਿਲਮ ’ਤੇ ਤੂੰ ਨਰਵਸ ਹੋਵੇਂਗੀ ਕਿਉਂਕਿ ਤੂੰ ਸਪਾਟ ਲਾਈਟ ’ਤੇ ਏਂ। ਸਾਰਿਆਂ ਦੀਆਂ ਨਜ਼ਰਾਂ ਤੇਰੇ ’ਤੇ ਹਨ।
ਮੇਰਾ ਕੋਈ ਡ੍ਰੀਮ ਪ੍ਰਾਜੈਕਟ ਨਹੀਂ
ਲੋਕ ਅਕਸਰ ਮੈਨੂੰ ਪੁੱਛਦੇ ਹਨ ਕਿ ਆਲੀਆ, ਤੁਹਾਡਾ ਕੋਈ ਅਜਿਹਾ ਕਿਰਦਾਰ ਹੈ, ਜੋ ਤੁਸੀਂ ਨਿਭਾਉਣਾ ਚਾਹੁੰਦੇ ਹੋ? ਕੋਈ ਡ੍ਰੀਮ ਪ੍ਰਾਜੈਕਟ? ਪਰ ਸੱਚ ਕਹਾਂ ਤਾਂ ਮੇਰਾ ਅਜਿਹਾ ਕੋਈ ਡ੍ਰੀਮ ਪ੍ਰਾਜੈਕਟ ਨਹੀਂ ਹੈ। ਮੇਰਾ ਹਰ ਕਿਰਦਾਰ ਮੇਰੇ ਦਿਲ ਦੇ ਬਹੁਤ ਨੇੜੇ ਹੈ। ਉਸ ਦੇ ਲਈ ਮੈਂ ਬਹੁਤ ਮਿਹਨਤ ਕੀਤੀ ਹੈ। ਜਿਨ੍ਹਾਂ ਕਿਰਦਾਰਾਂ ਨੂੰ ਮੈਂ ਹੁਣ ਤਕ ਨਿਭਾਇਆ ਹੈ, ਉਹ ਵੀ ਮੇਰੇ ਦਿਮਾਗ ਵਿਚ ਨਹੀਂ ਸਨ। ਫਿਲਹਾਲ ਮੈਂ ਕਹਿ ਸਕਦੀ ਹਾਂ ਕਿ ਮੇਰਾ ਅਜਿਹਾ ਕੋਈ ਡ੍ਰੀਮ ਰੋਲ ਜਾਂ ਪ੍ਰਾਜੈਕਟ ਨਹੀਂ, ਜੋ ਮੈਂ ਕਰਨਾ ਚਾਹੁੰਦੀ ਹਾਂ।
ਜਦੋਂ ਵੀ ਵਿਆਹ ਕਰਾਵਾਂਗੀ, ਸਭ ਨੂੰ ਪਤਾ ਹੋਵੇਗਾ
ਮੈਂ ਬਹੁਤ ਟਰਾਂਸਪੇਰੈਂਟ ਇਨਸਾਨ ਹਾਂ। ਕੰਮ ਕਰਨ ਤੋਂ ਬਾਅਦ ਮੇਰੇ ਦੋਸਤਾਂ, ਮੇਰੇ ਪਰਿਵਾਰ, ਮੇਰੇ ਪੈਟਸ ਨਾਲ ਸਮਾਂ ਬਿਤਾਉਣਾ ਮੈਨੂੰ ਪਸੰਦ ਹੈ। ਹਾਲਾਂਕਿ ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਗੱਲ ਨਹੀਂ ਕਰਦੀ ਪਰ ਫਿਲਹਾਲ ਵਿਆਹ ਬਾਰੇ ਇੰਨਾ ਹੀ ਕਹਿ ਸਕਦੀ ਹਾਂ ਕਿ ਜਦੋਂ ਵੀ ਮੇਰਾ ਵਿਆਹ ਹੋਵੇਗਾ, ਦੁਨੀਆ ਨੂੰ, ਮੇਰੇ ਪ੍ਰਸ਼ੰਸਕਾਂ ਨੂੰ ਪਤਾ ਹੋਵੇਗਾ ਪਰ ਇਹ ਕਦੋਂ ਹੋਵੇਗਾ, ਇਹ ਅਜੇ ਤੈਅ ਨਹੀਂ।
ਇਹ ਥੀਏਟਰ ਵਾਲੀ ਫ਼ਿਲਮ ਹੈ
ਕੋਵਿਡ ’ਚ ਜਿੱਥੇ ਕਈ ਵੱਡੀਆਂ ਫ਼ਿਲਮਾਂ ਓ. ਟੀ. ਟੀ. ’ਤੇ ਰਿਲੀਜ਼ ਹੋਈਆਂ ਹਨ, ਉੱਥੇ ਹੀ ਆਲੀਆ ਦਾ ਕਹਿਣਾ ਹੈ ਕਿ ਇਹ ਫ਼ਿਲਮ ਥੀਏਟਰ ਲਈ ਬਣੀ ਹੈ। ਕੁਝ ਫ਼ਿਲਮਾਂ ਵੇਖਣ ਦਾ ਮਜ਼ਾ ਵੱਡੀ ਸਕ੍ਰੀਨ ’ਤੇ ਹੀ ਆਉਂਦਾ ਹੈ। ਇਹ ਉਨ੍ਹਾਂ ’ਚੋਂ ਇਕ ਹੈ। ਮੇਰਾ ਮੰਨਣਾ ਹੈ ਕਿ ਲੋਕਾਂ ਦੀਆਂ ਉਮੀਦਾਂ ’ਤੇ ਇਹ ਫ਼ਿਲਮ ਖਰੀ ਉਤਰੇਗੀ। ਇਸ ਨੂੰ ਵੇਖ ਕੇ ਕੋਈ ਨਿਰਾਸ਼ ਨਹੀਂ ਹੋਵੇਗਾ, ਇਹ ਮੈਂ ਜ਼ਰੂਰ ਕਹਿ ਸਕਦੀ ਹਾਂ। ਇਸ ਤਰ੍ਹਾਂ ਦੀਆਂ ਫ਼ਿਲਮਾਂ ਰੋਜ਼ ਨਹੀਂ ਬਣਦੀਆਂ।
ਮੇਰਾ ਹਰ ਕਿਰਦਾਰ ਲਰਨਿੰਗ ਪ੍ਰੋਸੈੱਸ ਹੈ
ਮੇਰੀ ਹਰ ਫ਼ਿਲਮ ਮੇਰੇ ਲਈ ਲਰਨਿੰਗ ਪ੍ਰੋਸੈੱਸ ਰਹੀ ਹੈ। ਹਰ ਫ਼ਿਲਮ ਤੋਂ ਸਿੱਖ ਰਹੀ ਹਾਂ। ਇਕ ਐਕਟਰ, ਇਕ ਇਨਸਾਨ ਦੇ ਤੌਰ ’ਤੇ ਮੈਂ ਖ਼ੁਦ ਨੂੰ ਬਹੁਤ ਵੱਖਰਾ ਮਹਿਸੂਸ ਕਰਦੀ ਹਾਂ। ਸਮੇਂ ਦੇ ਨਾਲ ਤਬਦੀਲੀ ਜ਼ਰੂਰੀ ਹੈ। ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਅੰਦਰੋਂ ਖ਼ੁਸ਼ੀ ਮਿਲਦੀ ਹੈ ਕਿ ਤੁਸੀਂ ਵੱਖਰਾ ਕਰ ਰਹੇ ਹੋ। ਦਰਸ਼ਕ ਜਦੋਂ ਉਸ ਕੰਮ ਨੂੰ ਪਸੰਦ ਕਰਦੇ ਹਨ ਤਾਂ ਤੁਹਾਨੂੰ ਹੋਰ ਚੰਗਾ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਮੈਂ ਉਹ ਕੰਮ ਨਹੀਂ ਕਰਨਾ ਚਾਹੁੰਦੀ ਜੋ ਸਭ ਕਰ ਰਹੇ ਹਨ।
ਘਰ ’ਚ ਕੰਮ ਲੈ ਕੇ ਨਹੀਂ ਜਾਂਦੀ
ਮੇਰੇ ਪਰਿਵਾਰ ਦਾ ਫ਼ਿਲਮੀ ਪਿਛੋਕੜ ਹੈ ਪਰ ਮੈਂ ਅੱਜ ਤਕ ਕਦੇ ਮੰਮੀ-ਪਾਪਾ ਤੋਂ ਸਲਾਹ ਨਹੀਂ ਲਈ ਅਤੇ ਨਾ ਹੀ ਉਹ ਮੇਰਾ ਮਾਰਗਦਰਸ਼ਨ ਕਰਦੇ ਹਨ। ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਮੇਰੇ ਵਲੋਂ ਫ਼ਿਲਮ ਸਾਈਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਮੈਂ ਇਹ ਫ਼ਿਲਮ ਕਰ ਰਹੀ ਹਾਂ। ਮੈਂ ਕੰਮ ਘਰ ਲਿਆਉਣ ਵਾਲਿਆਂ ’ਚੋਂ ਨਹੀਂ ਹਾਂ। ਮਹੇਸ਼ ਭੱਟ ਬੇਸ਼ੱਕ ਮੇਰੇ ਪਿਤਾ ਹਨ ਪਰ ਉਹ ਕੰਮ ਨੂੰ ਲੈ ਕੇ ਬਹੁਤ ਪ੍ਰੋਫੈਸ਼ਨਲ ਹਨ। ਜੇ ਉਨ੍ਹਾਂ ਨੂੰ ਕੁਝ ਠੀਕ ਨਹੀਂ ਲੱਗਦਾ ਤਾਂ ਤੁਹਾਡੇ ਮੂੰਹ ’ਤੇ ਕਹਿ ਦੇਣਗੇ। ਉਨ੍ਹਾਂ ਨੇ ‘ਗੰਗੂਬਾਈ’ ਵੇਖੀ ਹੈ। ਮੈਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਨੂੰ ਫ਼ਿਲਮ ਚੰਗੀ ਲੱਗੀ ਹੈ।
ਐਮਾਜ਼ੋਨ ਪ੍ਰਾਈਮ ਵੀਡੀਓ ਨੇ ‘ਮਾਡਰਨ ਲਵ’ ਦੇ ਲੋਕਲ ਇੰਡੀਅਨ ਐਡਾਪਟੇਸ਼ਨ ਦਾ ਕੀਤਾ ਐਲਾਨ
NEXT STORY