ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਪਿਆਰ ਇਕ ਅਜਿਹਾ ਵਿਸ਼ਾ ਰਿਹਾ ਹੈ, ਜਿਸ ’ਤੇ ਕਈ ਤਰ੍ਹਾਂ ਦੀਆਂ ਫ਼ਿਲਮਾਂ ਬਣ ਚੁੱਕੀਆਂ ਹਨ। ਫ਼ਿਲਮ ਮੇਕਰਜ਼ ਨੇ ਵੱਖ-ਵੱਖ ਢੰਗ ਨਾਲ ਪਿਆਰ ਦੀ ਪਰਿਭਾਸ਼ਾ ਪੇਸ਼ ਕੀਤੀ ਹੈ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਇਸੇ ਕੜੀ ’ਚ ਮਸ਼ਹੂਰ ਫ਼ਿਲਮ ਮੇਕਰ ਤੇ ਡਾਇਰੈਕਟਰ ਅਨੁਰਾਗ ਕਸ਼ਯਪ ਇਕ ਨਵੀਂ ਕਹਾਣੀ ਲੈ ਕੇ ਆਏ ਹਨ, ਜਿਸ ਦਾ ਨਾਂ ਹੈ ‘ਆਲਮੋਸਟ ਪਿਆਰ ਵਿਦ ਡੀਜੇ ਮੁਹੱਬਤ’। ਇਸ ਫ਼ਿਲਮ ’ਚ ਅਦਾਕਾਰਾ ਅਲਾਇਆ ਐੱਫ. ਤੇ ਕਰਨ ਮਹਿਤਾ ਨੇ ਮੁੱਖ ਕਿਰਦਾਰ ਨਿਭਾਏ ਹਨ। ਦੱਸ ਦੇਈਏ ਕਿ ਕਰਨ ਮਹਿਤਾ ਨੇ ਇਸ ਫ਼ਿਲਮ ਜ਼ਰੀਏ ਬਾਲੀਵੁੱਡ ’ਚ ਆਪਣਾ ਡੈਬਿਊ ਕੀਤਾ ਹੈ। ‘ਆਲਮੋਸਟ ਪਿਆਰ ਵਿਦ ਡੀਜੇ ਮੁਹੱਬਤ’ 3 ਫਰਵਰੀ, 2023 ਨੂੰ ਸਿਨੇਮਾਘਰਾਂ ’ਚ ਦਸਤਕ ਦੇ ਚੁੱਕੀ ਹੈ। ਇਸ ਖ਼ਾਸ ਮੌਕੇ ’ਤੇ ਫ਼ਿਲਮ ਦੇ ਡਾਇਰੈਕਟਰ ਤੇ ਅਦਾਕਾਰ ਕਰਨ ਮਹਿਤਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਡੀਜੇ ਮੁਹੱਬਤ ਲਈ ਸ਼ਾਹਰੁਖ ਨਹੀਂ ਤਾਂ ਕੌਣ... ਇਹ ਵੱਡਾ ਸਵਾਲ ਸੀ : ਅਨੁਰਾਗ
ਇਸ ਫ਼ਿਲਮ ਦਾ ਟਾਈਟਲ ‘ਆਲਮੋਸਟ ਪਿਆਰ ਵਿਦ ਡੀਜੇ ਮੁਹੱਬਤ’ ਹੀ ਕਿਉਂ ਰੱਖਿਆ ਗਿਆ ਹੈ?
ਇਹ ਫ਼ਿਲਮ ਇਕ ਪਾਡਕਾਸਟ ਹੈ, ਜਿਸ ’ਚ ਵਿੱਕੀ ਕੌਸ਼ਲ ਡੀਜੇ ਮੁਹੱਬਤ ਦਾ ਰੋਲ ਨਿਭਾਅ ਰਹੇ ਹਨ। ਡੀਜੇ ਮੁਹੱਬਤ ਬਾਰੇ ਕੋਈ ਨਹੀਂ ਜਾਣਦਾ ਹੈ। ਇਥੋਂ ਤਕ ਕਿ ਫ਼ਿਲਮ ਦੇ ਕਿਰਦਾਰ ਵੀ ਇਸ ਬਾਰੇ ਨਹੀਂ ਜਾਣਦੇ ਹਨ ਤੇ ਕਿਸੇ ਨੇ ਉਨ੍ਹਾਂ ਨੂੰ ਵੇਖਿਆ ਵੀ ਨਹੀਂ ਹੈ। ਸਿਰਫ ਉਨ੍ਹਾਂ ਦੇ ਪਾਡਕਾਸਟ ਸੁਣ ਕੇ ਲੋਕ ਖ਼ੁਦ ਨੂੰ ਉਨ੍ਹਾਂ ਨੂੰ ਕਨੈਕਟ ਕਰ ਲੈਂਦੇ ਹਨ। ਇਸ ਦੇ ਨਾਲ ਕਰਨ ਤੇ ਅਲਾਇਆ ਦੀਆਂ ਦੋ ਵੱਖ-ਵੱਖ ਕਹਾਣੀਆਂ ਚੱਲ ਰਹੀਆਂ ਹਨ, ਜਿਸ ਨੂੰ ਫ਼ਿਲਮ ’ਚ ਵਿਖਾਇਆ ਗਿਆ ਹੈ।
ਇਸ ਪਿਆਰੀ ਕਹਾਣੀ ’ਚ ਬਾਕੀ ਕਹਾਣੀਆਂ ਨਾਲੋਂ ਕੀ ਵੱਖਰਾ ਵਿਖਾਇਆ ਹੈ?
ਅੱਜ-ਕੱਲ ਦੀ ਦੁਨੀਆ ’ਚ ਪਿਆਰ ਨੂੰ ਵੱਖ-ਵੱਖ ਤਰ੍ਹਾਂ ਨਾਲ ਦੇਖਣ ਦੇ ਕੀ ਮਾਇਨੇ ਤੇ ਤਰੀਕੇ ਹਨ ਤੇ ਨੌਜਵਾਨ ਵਰਗ ਕਿਸ ਤਰ੍ਹਾਂ ਆਪਣੀ ਜ਼ਿੰਦਗੀ, ਇੰਸਪੀਰੇਸ਼ਨ ਤੇ ਮੁਹੱਬਤ ਨੂੰ ਨੈਵੀਗੇਟ ਕਰਦਾ ਹੈ। ਉਥੇ ਹੀ ਜਦੋਂ ਤਕ ਉਹ ਪਿਆਰ ਦੇ ਮਹੱਤਵ ਨੂੰ ਸਮਝ ਪਾਉਂਦੇ ਹਨ ਉਦੋਂ ਤਕ ਉਨ੍ਹਾਂ ਦੇ ਮਾਤਾ-ਪਿਤਾ ਵਿਚਕਾਰ ਆ ਜਾਂਦੇ ਹਨ। ਇਸ ਉਧੇੜ-ਬੁਣ ਨੂੰ ਫ਼ਿਲਮ ’ਚ ਮੁੱਖ ਤੌਰ ’ਤੇ ਵਿਖਾਇਆ ਗਿਆ ਹੈ।
ਤੁਹਾਡੇ ਲਈ ਪਿਆਰ ਕੀ ਹੈ ਜਾਂ ਤੁਸੀਂ ਇਸ ਸ਼ਬਦ ਨੂੰ ਕਿਸ ਤਰ੍ਹਾਂ ਨਾਲ ਪਰਿਭਾਸ਼ਿਤ ਕਰੋਗੇ?
ਮੇਰੇ ਲਈ ਪਿਆਰ ਬਹੁਤ ਵੱਖ ਹੈ। ਮੈਂ ਜਿਸ ਨਾਲ ਵੀ ਪਿਆਰ ਕਰਦਾ ਹਾਂ, ਪੂਰੇ ਮਨ ਤੇ ਦਿਲੋਂ ਕਰਦਾ ਹਾਂ। ਮੇਰੇ ਪਿਆਰ ’ਚ ਆਨਰਸ਼ਿਪ ਨਹੀਂ ਹੁੰਦੀ ਹੈ। ਭਾਵੇਂ ਉਹ ਮੇਰੇ ਬੱਚੇ ਹੋਣ ਜਾਂ ਕੋਈ ਹੋਰ ਜਾਂ ਫਿਰ ਕੋਈ ਐਕਟਰ ਹੀ ਹੋਵੇ, ਮੈਂ ਉਨ੍ਹਾਂ ਨੂੰ ਇਹ ਨਹੀਂ ਕਹਿੰਦਾ ਹਾਂ ਕਿ ਤੁਹਾਨੂੰ ਸਿਰਫ ਮੈਂ ਹੀ ਲਾਂਚ ਕਰਾਂਗਾ। ਮੈਨੂੰ ਸਿਰਫ ਫ਼ਿਲਮ ਬਣਾਉਣੀ ਹੁੰਦੀ ਹੈ। ਫ਼ਿਲਮ ਬਣਾਉਣ ਤੋਂ ਬਾਅਦ ਐਕਟਰ ਦੀ ਖ਼ੁਦ ਦੀ ਮਰਜ਼ੀ ਹੁੰਦੀ ਹੈ, ਉਹ ਭਾਵੇਂ ਜਿਸ ਨਾਲ ਮਰਜ਼ੀ ਫ਼ਿਲਮ ਕਰੇ, ਮੇਰੇ ਵਲੋਂ ਕੋਈ ਬਾਊਂਡੇਸ਼ਨ ਨਹੀਂ ਹੁੰਦੀ ਹੈ।
ਫ਼ਿਲਮ ਦੀ ਕਾਸਟਿੰਗ ਤੁਸੀਂ ਕਿਵੇਂ ਫਾਈਨਲ ਕੀਤੀ?
ਮੈਂ ਪਹਿਲਾਂ ਹੀ ਸੋਚ ਲਿਆ ਸੀ ਕਿ ਜਦੋਂ ਤਕ ਮੈਨੂੰ ਫ਼ਿਲਮ ਲਈ ਕੈਰੇਕਟਰਸ ਨਹੀਂ ਮਿਲਦੇ, ਉਦੋਂ ਤਕ ਮੈਂ ਫ਼ਿਲਮ ਸ਼ੁਰੂ ਨਹੀਂ ਕਰਾਂਗਾ। ਇਸ ਤੋਂ ਬਾਅਦ ਮੈਨੂੰ ਪਹਿਲਾਂ ਕਰਨ ਮਿਲਿਆ ਫਿਰ ਅਲਾਇਆ। ਫਿਰ ਜਦੋਂ ਮੈਨੂੰ ਦੋਵੇਂ ਮਿਲ ਗਏ ਤਾਂ ਮੈਂ ਸੋਚਿਆ ਕਿ ਚਲੋ ਕੰਮ ਸ਼ੁਰੂ ਕਰ ਦਿੰਦੇ ਹਾਂ, ਇਸ ਤੋਂ ਬਾਅਦ ਮੈਂ ਫ਼ਿਲਮ ਦੀ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ। ਫਿਰ ਮੈਂ ਡੀਜੇ ਮੁਹੱਬਤ ਨੂੰ ਲੱਭਣਾ ਸ਼ੁਰੂ ਕੀਤਾ। ਸਾਡੇ ਜ਼ਮਾਨੇ ’ਚ ਤਾਂ ਸ਼ਾਹਰੁਖ ਖ਼ਾਨ ਡੀਜੇ ਮੁਹੱਬਤ ਸੀ। ਫਿਰ ਹੁਣ ਸ਼ਾਹਰੁਖ ਖ਼ਾਨ ਨਹੀਂ ਤਾਂ ਕੌਣ... ਇਹ ਸਭ ਤੋਂ ਵੱਡਾ ਸਵਾਲ ਸੀ। ਜਦੋਂ ਮੈਂ ਇਸ ਬਾਰੇ ਸਭ ਤੋਂ ਪੁੱਛਿਆ ਤਾਂ ਸਾਰਿਆਂ ਨੇ ਇਕੱਠੇ ਬੋਲਿਆ ਕਿ ਵਿੱਕੀ ਕੌਸ਼ਲ। ਫਿਰ ਮੈਂ ਇਸ ਕਿਰਦਾਰ ਬਾਰੇ ਵਿੱਕੀ ਨੂੰ ਦੱਸਿਆ ਤਾਂ ਉਹ ਮੰਨ ਗਏ।
ਤੁਸੀਂ ਸ਼ੁਰੂਆਤ ਤੋਂ ਹੀ ਨਿਊ ਕਮਰਜ਼ ਦੇ ਨਾਲ ਕੰਮ ਕੀਤਾ ਹੈ ਤਾਂ ਅਜਿਹੀ ਕਿਹੜੀ ਕੁਆਲਿਟੀ ਤੁਹਾਨੂੰ ਉਨ੍ਹਾਂ ਦੀ ਚੰਗੀ ਲੱਗਦੀ ਹੈ, ਜੋ ਸਟਾਰਜ਼ ’ਚ ਨਹੀਂ ਮਿਲਦੀ ਹੈ?
ਜੋ ਨਵੇਂ ਲੋਕ ਹੁੰਦੇ ਹਨ, ਉਹ ਕੰਮ ਦੇ ਭੁੱਖੇ ਹੁੰਦੇ ਹਨ। ਸਿੱਖਣ ਤੇ ਕੰਮ ਕਰਨ ਲਈ ਉਹ ਮੇਰੇ ’ਤੇ ਭਰੋਸਾ ਕਰ ਪਾਉਂਦੇ ਹਨ ਜਾਂ ਮੈਂ ਕਹਾਂ ਉਨ੍ਹਾਂ ਕੋਲ ਭਰੋਸਾ ਕਰਨ ਤੋਂ ਇਲਾਵਾ ਕੋਈ ਦੂਜਾ ਆਪਸ਼ਨ ਨਹੀਂ ਹੁੰਦਾ। ਉਥੇ ਹੀ ਮੇਰਾ ਕੰਮ ਕਰਨ ਦਾ ਤਰੀਕਾ ਵੀ ਕਾਫ਼ੀ ਵੱਖ ਹੈ। ਇਕ ਤਾਂ ਮੈਂ ਬਹੁਤ ਸਲੋਅ ਕੰਮ ਕਰਦਾ ਹਾਂ, ਦੂਜਾ ਜੋ ਲੋਕ ਬਾਹਰੋਂ ਕੰਮ ਕਰਕੇ ਆਉਂਦੇ ਹਨ, ਉਹ ਮੇਰੇ ਨਾਲ ਕੰਮ ਕਰਨ ਦੌਰਾਨ ਘਬਰਾ ਜਾਂਦੇ ਹਨ।
ਪਿਆਰ ਦੀ ਕੋਈ ਫਿਕਸਡ ਡੈਫੀਨੇਸ਼ਨ ਨਹੀਂ : ਕਰਨ
ਇਸ ਫ਼ਿਲਮ ’ਚ ਤੁਸੀਂ ਜੋ ਕਿਰਦਾਰ ਨਿਭਾਇਆ, ਉਸ ਨੂੰ ਤੁਸੀਂ ਅਸਲ ਜ਼ਿੰਦਗੀ ’ਚ ਕਿੰਨਾ ਰਿਲੇਟੇਬਲ ਕਰ ਪਾਉਂਦੇ ਹੋ ਤੇ ਤੁਹਾਡੇ ਮੁਤਾਬਕ ਪਿਆਰ ਕੀ ਹੈ?
ਮੈਂ ਸੱਚ ਕਹਾਂ ਤਾਂ ਅਨੁਰਾਗ ਸਰ ਨੇ ਮੈਨੂੰ ਇਸ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਹੁਣ ਤਕ ਜਿੰਨੇ ਵੀ ਇੰਟਰਵਿਊ ਹੋਏ ਹਨ, ਉਨ੍ਹਾਂ ’ਚ ਮੈਂ ਪਿਆਰ ਬਾਰੇ ਕੁਝ ਨਾ ਕੁਝ ਬੋਲ ਦਿੱਤਾ ਹੈ ਕਿ ਪਿਆਰ ਦਾ ਮਤਲਬ ਹੁੰਦਾ ਹੈ ਪਿਆਰ ਵੰਡਣਾ, ਖ਼ੁਦ ਨਾਲ ਪਿਆਰ ਕਰਨਾ... ਪਰ ਹੁਣ ਸਰ ਨੇ ਕੁਝ ਹੋਰ ਹੀ ਕਹਿ ਦਿੱਤਾ ਹੈ, ਜਿਸ ਨਾਲ ਮੇਰਾ ਪੂਰਾ ਥੌਟ ਪ੍ਰੋਸੈੱਸ ਹੀ ਚੇਂਜ ਹੋ ਗਿਆ ਪਰ ਹੁਣੇ, ਜੋ ਸਰ ਨੇ ਬੋਲਿਆ ਹੈ, ਮੈਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਪਿਆਰ ਦੀ ਕੋਈ ਫਿਕਸਡ ਡੈਫੀਨੇਸ਼ਨ ਨਹੀਂ ਹੋ ਸਕਦੀ।
ਅਨੁਰਾਗ ਕਸ਼ਯਪ ਨਾਲ ਕੰਮ ਕਰਨਾ ਲੋਕਾਂ ਦਾ ਸੁਪਨਾ ਹੁੰਦਾ ਹੈ ਤੇ ਤੁਹਾਨੂੰ ਇਹ ਮੌਕਾ ਮਿਲਿਆ ਹੈ ਤਾਂ ਤੁਹਾਨੂੰ ਉਨ੍ਹਾਂ ਤੋਂ ਕੰਮ ਦੌਰਾਨ ਕੀ-ਕੀ ਸਿੱਖਣ ਨੂੰ ਮਿਲਿਆ?
ਸਰ ਦਾ ਜੋ ਕੰਮ ਕਰਨ ਦਾ ਤਰੀਕਾ ਹੈ ਉਸ ਤੋਂ ਮੈਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਹਨ ਤੇ ਸਭ ਤੋਂ ਵੱਡੀ ਗੱਲ ਕਿ ਸਰ ਕੁਝ ਤਿਆਰੀ ਕਰਨ ਨੂੰ ਨਹੀਂ ਕਹਿੰਦੇ। ਕਿਸੇ ’ਤੇ ਨਿਰਭਰ ਨਾ ਰਹਿ ਕੇ ਸਾਰੀਆਂ ਚੀਜ਼ਾਂ ਆਪਣੇ-ਆਪ ਪੂਰੇ ਕਾਨਫੀਡੈਂਸ ਨਾਲ ਕਰਨਾ... ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਮੈਂ ਇਹੀ ਚੀਜ਼ ਬਹੁਤ ਚੰਗੀ ਤਰ੍ਹਾਂ ਸਿੱਖੀ ਹੈ। ਇਸ ਫੇਜ਼ ’ਚ ਜੋ ਤੁਸੀ ਸਿੱਖਦੇ ਹੋ ਉਹ ਪੂਰੀ ਜ਼ਿੰਦਗੀ ਤੁਹਾਡੇ ਨਾਲ ਰਹਿੰਦਾ ਹੈ ਤੇ ਮੈਂ ਸਰ ਤੋਂ ਅਜਿਹੀਆਂ ਬਹੁਤ ਚੀਜ਼ਾਂ ਸਿੱਖੀਆਂ ਹਨ, ਜਿਨ੍ਹਾਂ ਨੂੰ ਮੈਂ ਅੱਗੇ ਵੀ ਵਰਤਾਂਗਾ।
ਤੁਹਾਡਾ ਪਹਿਲਾ ਪਿਆਰ ਕੌਣ ਹੈ?
ਅਜੇ ਤਾਂ ਮੇਰਾ ਪਹਿਲਾ ਪਿਆਰ ਮੇਰਾ ਕੰਮ ਹੀ ਹੈ। ਜੋ ਮੈਂ ਚਾਹੁੰਦਾ ਹਾਂ ਕਿ ਪੂਰੀ ਮਿਹਨਤ ਨਾਲ ਚੰਗੀ ਤਰ੍ਹਾਂ ਕਰ ਸਕਾਂ।
ਇਹ ਤੁਹਾਡੀ ਪਹਿਲੀ ਫ਼ਿਲਮ ਹੈ ਤਾਂ ਇਸ ਲਈ ਤੁਸੀ ਕਿੰਨੇ ਐਕਸਾਈਟਿਡ ਹੋ?
ਮੈਨੂੰ ਜਿਵੇਂ ਹੀ ਇਹ ਫ਼ਿਲਮ ਆਫ਼ਰ ਹੋਈ ਤਾਂ ਮੇਰੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ਮੈਂ ਇਸ ਫ਼ਿਲਮ ਦੀ ਸ਼ੁਰੂਆਤ ’ਚ ਹੀ ਸੋਚ ਲਿਆ ਸੀ ਕਿ ਮੈਂ ਅਨੁਰਾਗ ਸਰ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣੀਆਂ ਹਨ ਕਿਉਂਕਿ ਮੈਂ ਉਨ੍ਹਾਂ ਦੇ ਕੰਮ ਬਾਰੇ ਕਾਫ਼ੀ ਸੁਣਿਆ ਤੇ ਵੇਖਿਆ ਹੈ। ਫ਼ਿਲਮ ਦੇ ਨਾਲ-ਨਾਲ ਮੈਂ ਸਰ ਦੇ ਨਾਲ ਕੰਮ ਕਰਨ ਨੂੰ ਲੈ ਕੇ ਵੀ ਕਾਫ਼ੀ ਐਕਸਾਈਟਿਡ ਸੀ। ਇਸ ਦੇ ਨਾਲ ਮੈਂ ਉਮੀਦ ਕਰਦਾ ਹਾਂ ਕਿ ਲੋਕ ਮੇਰੀ ਮਿਹਨਤ ਤੇ ਕੰਮ ਨੂੰ ਪਸੰਦ ਕਰਨਗੇ।
‘ਪਠਾਨ’ ਨੇ ‘ਦੰਗਲ’ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ, ਜੋ ਹੁਣ ਤਕ ਕੋਈ ਬਾਲੀਵੁੱਡ ਫ਼ਿਲਮ ਨਹੀਂ ਕਰ ਸਕੀ
NEXT STORY