ਨੈਸ਼ਨਲ ਡੈਸਕ : ਮਸ਼ਹੂਰ ਬਾਲੀਵੁੱਡ ਤੇ ਸਾਊਥ ਇੰਡੀਅਨ ਅਦਾਕਾਰਾ ਰਕੁਲਪ੍ਰੀਤ ਸਿੰਘ ਦੇ ਭਰਾ ਅਮਨਪ੍ਰੀਤ ਸਿੰਘ ਤਸਕਰੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਤੋਂ ਇਲਾਵਾ ਪੁਲਸ ਨੇ 4 ਹੋਰ ਲੋਕਾਂ ਨੂੰ ਵੀ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਕੋਲੋਂ ਮੌਕੇ ਤੋਂ 2.6 ਕਿਲੋਗ੍ਰਾਮ ਕੋਕੀਨ ਤੋਂ ਇਲਾਵਾ 2 ਪਾਸਪੋਰਟ, 2 ਮੋਟਰਸਾਈਕਲ ਤੇ 10 ਦੇ ਕਰੀਬ ਮੋਬਾਈਲ ਵੀ ਬਰਾਮਦ ਕੀਤੇ ਹਨ। ਪੁਲਸ ਨੇ ਉਨ੍ਹਾਂ ਦੇ ਨਾਰਕੋ ਟੈਸਟ ਵੀ ਕਰਵਾਏ ਹਨ, ਜਿਨ੍ਹਾਂ 'ਚੋਂ ਅਮਨਪ੍ਰੀਤ ਸਣੇ 5 ਦੇ ਟੈਸਟ ਪਾਜ਼ਟਿਵ ਆਏ ਹਨ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਨਸ਼ਿਆਂ ਦੇ ਮਾਮਲੇ ਵਿਚ ਮਸ਼ਹੂਰ ਹਸਤੀਆਂ ਦੇ ਨਾਂ ਜੁੜੇ ਹਨ, ਇਸ ਤੋਂ ਪਹਿਲਾਂ ਵੀ ਬਾਵੀਵੁੱਡ ਸਿਤਾਰਿਆਂ ਦੇ ਨਾਂ ਨਸ਼ਿਆਂ ਨਾਲ ਜੁੜਦੇ ਰਹੇ ਹਨ। ਇਨ੍ਹਾਂ ਮਾਮਲਿਆਂ 'ਚ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਰਕੁਲ ਪ੍ਰੀਤ ਸਿੰਘ ਤੇ ਸ਼ਰੱਧਾ ਕਪੂਰ ਨੂੰ ਵੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਸਵਾਲਾਂ ਮਗਰੋਂ ਉਨ੍ਹਾਂ 'ਤੇ ਇਸ ਸਬੰਧੀ ਕੋਈ ਚਾਰਜ ਨਹੀਂ ਲਾਇਆ ਗਿਆ। ਇਸੇ ਦੌਰਾਨ ਅਰਜੁਨ ਰਾਮਪਾਲ ਦੇ ਉਸ ਦੀ ਗਰਲਫ੍ਰੈਂਡ ਗੇਬ੍ਰੀਏਲਾ ਡੇਮੇਟਰਾਈਡਸ ਨੂੰ ਵੀ ਸੰਮਣ ਕੀਤਾ ਗਿਆ ਸੀ ਪਰ ਬਾਅਦ 'ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
1 ਸੁਸ਼ਾਂਤ ਸਿੰਘ ਰਾਜਪੂਤ

ਸੁਸ਼ਾਂਤ ਦੀ ਮੌਤ ਤੋਂ ਬਾਅਦ ਰੀਆ ਨੂੰ ਐੱਨਸੀਈ ਨੇ 8 ਸਤੰਬਰ ਨੂੰ ਗ੍ਰਿਫਤਾਰ ਕਰ ਲਿਆ ਤੇ ਰੀਆ ਤੇ ਉਸ ਦੇ ਭਰਾ 'ਤੇ ਸੁਸ਼ਾਂਤ ਨੂੰ ਮਾਰੀਜੁਆਨਾ ਸਪਲਾਈ ਕਰਨ ਦੇ ਦੋਸ਼ ਲੱਗੇ, ਹਾਲਾਂਕਿ ਉਸ ਦੇ ਕੋਲੋਂ ਕੋਈ ਨਸ਼ੀਲਾ ਪਰਾਦਥ ਬਰਾਮਦ ਨਹੀਂ ਹੋਇਆ। ਉਸ ਨੂੰ ਸੱਤ ਅਕਤੂਬਰ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਅਜੇ ਤੱਕ ਵੀ ਉਸ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ।
2 ਆਰੀਅਨ ਖਾਨ

ਇਸੇ ਤਰ੍ਹਾਂ ਬਾਲੀਵੁੱਡ ਨਾਲ ਸਬੰਧਿਤ ਇਕ ਹੋਰ ਵੱਡੀ ਘਟਨਾ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੌਰਾਨ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਨਾਂ ਡਰੱਗ ਮਾਮਲੇ 'ਚ ਸਾਹਮਣੇ ਆਇਆ। ਐੱਨਸੀਬੀ ਵੱਲੋਂ ਅਦਾਕਾਰ ਦੇ ਬੇਟੇ ਨੂੰ ਮੁੰਬਈ ਨੇੜੇ ਕਰੂਜ਼ ਪਾਰਟੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਜ਼ਮਾਨਤ ਤੱਕ ਤਕਰੀਬਨ ਇਕ ਮਹੀਨਾ ਆਰੀਅਨ ਖਾਨ ਕਸਟਡੀ ਵਿਚ ਰਿਹਾ ਸੀ। ਕਈ ਸਿਤਾਰਿਆਂ ਨੇ ਆਰੀਅਨ ਖਾਨ ਦੀ ਸਪੋਰਟ ਕੀਤੀ ਸੀ ਤੇ ਕਿਹਾ ਕਿ ਮਸ਼ਹੂਰ ਸਿਤਾਰੇ ਦੇ ਬੇਟੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
3. ਪ੍ਰਤੀਕ ਬੱਬਰ

ਅਦਾਕਾਰ ਤੇ ਸਿਆਸਤਦਾਨ ਰਾਜ ਬੱਬਰ ਦੇ ਬੇਟੇ ਅਦਾਕਾਰ ਪ੍ਰਤੀਕ ਬੱਬਰ ਦਾ ਨਾਂ ਵੀ ਡਰੱਗ ਨਾਲ ਜੁੜਿਆ ਸੀ। ਉਸ ਨੇ ਸਾਲ 2020 ਵਿਚ ਇਸ ਸਬੰਧੀ ਖੁਦ ਖੁਲਾਸਾ ਕੀਤਾ ਸੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਪਹਿਲੀ ਵਾਰ 13 ਸਾਲ ਦੀ ਉਮਰ 'ਚ ਨਸ਼ੇ ਦੇ ਸੰਪਰਕ 'ਚ ਆਇਆ ਸੀ ਤੇ ਨਸ਼ਾ ਛੁਡਾਊ ਕੇਂਦਰ ਜਾਣ ਤੱਕ ਇਸ ਨਾਲ ਜੂਝਦਾ ਰਿਹਾ।
4. ਸੰਜੇ ਦੱਤ

ਸੰਜੇ ਦੱਤ 1982 ਵਿਚ ਡਰੱਗਜ਼ ਮਾਮਲੇ ਵਿਚ ਗ੍ਰਿਫਤਾਰ ਹੋਇਆ ਸੀ ਤੇ ਇਸ ਤੋਂ ਬਾਅਦ ਉਸ ਨੇ ਇਸ ਬਾਰੇ ਖੁਦ ਵੀ ਖੁਲਾਸਾ ਕੀਤਾ। ਉਸ ਨੇ ਮੰਨਿਆ ਕਿ ਉਹ ਕਈ ਸਾਲਾਂ ਤਕ ਡਰੱਗਸ ਦੇ ਸੰਪਰਕ ਵਿਚ ਰਿਹਾ ਤੇ ਇਸੇ ਦੌਰਾਨ ਉਹ ਅਮਰੀਕਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਵੀ ਰਿਹਾ। ਉਸ ਨੇ ਕਈ ਇੰਟਰਵਿਊਜ਼ ਦੌਰਾਨ ਉਸ ਵੱਲੋਂ ਲਏ ਜਾਣ ਵਾਲੇ ਨਸ਼ਿਆਂ ਬਾਰੇ ਵੀ ਖੁੱਲ ਕੇ ਗੱਲ ਕੀਤੀ।
5. ਫਰਦੀਨ ਖਾਨ

ਬਾਲੀਵੁੱਡ ਤੋਂ 12 ਸਾਲ ਦੂਰ ਰਹਿਣ ਵਾਲੇ ਅਦਾਕਾਰ ਫਰਦੀਨ ਖਾਨ ਦਾ ਵੀ ਨਾਮ ਡਰੱਗਜ਼ ਮਾਮਲੇ ਨਾਲ ਜੁੜਿਆ ਸੀ। ਅਦਾਕਾਰ ਨੂੰ 2001 ਵਿਚ ਕੋਕੀਨ ਖਰੀਦਣ ਸਬੰਧੀ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 2012 ਵਿਚ ਕੇਈਐੱਮ ਹਸਪਤਾਲ ਵਿਚ ਇਲਾਜ ਤੋਂ ਬਾਅਦ ਉਸ ਤੋਂ ਕੋਕੀਨ ਦੇ ਚਾਰਜ ਹਟਾਏ ਗਏ ਸਨ ਤੇ ਇਸ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਸ ਨੇ ਮੁੜ ਕੋਕੀਨ ਦੀ ਵਰਤੋਂ ਕੀਤੀ ਤਾਂ ਉਸ ਦੀ ਸਿਹਤ 'ਤੇ ਇਸ ਦਾ ਬਹੁਤ ਮਾੜਾ ਅਸਰ ਪਵੇਗਾ।
6. ਅਰਮਾਨ ਕੋਹਲੀ

ਅਦਾਕਾਰ ਤੇ ਬਿੱਗ ਬਾਸ ਫੇਮ ਅਰਮਾਨ ਕੋਹਲੀ ਨੂੰ ਅਗਸਤ 2021 ਵਿਚ ਉਸ ਦੀ ਰਿਹਾਇਸ਼ ਤੋਂ ਡਰੱਗਜ਼ ਬਰਾਮਦ ਹੋਣ ਤੋਂ ਬਾਅਦ ਐੱਨਸੀਬੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਉਸ ਤੋਂ ਥੋੜੀ ਮਾਤਰਾ 'ਚ ਕੋਕੀਨ ਬਰਾਮਦ ਕੀਤੀ ਗਈ ਸੀ ਤੇ ਅਦਾਕਾਰ ਨੂੰ ਨਸ਼ੇ ਦੀ ਹਾਲਤ ਵਿਚ ਪਾਇਆ ਗਿਆ ਸੀ।
ਕਸੂਤਾ ਫ਼ਸਿਆ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਭਰਾ, ਪੁਲਸ ਨੇ ਨਸ਼ਾ ਤਸਕਰੀ ਮਾਮਲੇ 'ਚ ਕੀਤਾ ਗ੍ਰਿਫ਼ਤਾਰ
NEXT STORY