ਅਮਿਤਾਭ ਬੱਚਨ ਅਤੇ ਨੀਨਾ ਗੁਪਤਾ ਦੇ ਨਾਲ ‘ਗੁੱਡਬਾਏ’ ਤੋਂ ਹਿੰਦੀ ਸਿਨੇਮਾ ’ਚ ਕਦਮ ਰੱਖਣ ਜਾ ਰਹੀ ਰਸ਼ਮਿਕਾ ਮੰਦਾਨਾ ਨੇ ਕਿਹਾ ਕਿ ਉਸਦਾ ਕਿਰਦਾਰ ਤਾਰਾ ਉਸ ਦੇ ਅਸਲ ਅਕਸ ਤੋਂ ਬਿਲਕੁਲ ਉਲਟ ਹੈ ਅਤੇ ਉਸ ਨੇ ‘ਬਿੱਗ ਬੀ’ ਦੇ ਨਾਲ ਕੰਮ ਕਰਨ ਬਾਰੇ ’ਚ ਇਕ ਕਿੱਸਾ ਵੀ ਸਾਂਝਾ ਕੀਤਾ। ਉਸਨੇ ਕਿਹਾ ਕਿ ਅਸਲ ’ਚ ਤਾਰਾ ਉਸਦੀ ਭੈਣ ਸ਼ਿਮਨ ਵਾਂਗ ਹੈ ਜੋ ਉਸ ਤੋਂ 16 ਸਾਲ ਛੋਟੀ ਹੈ ਅਤੇ ਉਸ ਨੂੰ ਜੋ ਕੁਝ ਵੀ ਕਰਨ ਲਈ ਕਿਹਾ ਜਾਂਦਾ ਹੈ, ਉਸ ਦੇ ਲਈ ਲਾਜ਼ੀਕਲ ਸਪੱਸ਼ਟੀਕਰਨ ਦੀ ਮੰਗ ਕਰਦੀ ਹੈ।
ਮੈਂ ‘ਤਾਰਾ’ ਵਾਂਗ ਬਿਲਕੁਲ ਨਹੀਂ
ਰਸ਼ਮਿਕਾ ਨੇ ਇਕ ਇੰਟਰਵਿਊ ’ਚ ਕਿਹਾ, ‘‘ਮੈਂ ਤਾਰਾ ਵਾਂਗ ਬਿਲਕੁਲ ਵੀ ਨਹੀਂ ਹਾਂ ਜੋ ਰੀਤੀ-ਰਿਵਾਜ਼ਾਂ ’ਚ ਭਰੋਸਾ ਨਹੀਂ ਕਰਦੀ ਅਤੇ ਹਰ ਚੀਜ਼ ’ਤੇ ਸਵਾਲ ਉਠਾਉਂਦੀ ਹੈ। ਮੈਨੂੰ ਸਾਰੇ ਰੀਤੀ-ਰਿਵਾਜ਼ਾਂ ਅਤੇ ਅੰਧਵਿਸ਼ਵਾਸਾਂ ’ਚ ਬਹੁਤ ਭਰੋਸਾ ਹੈ। ਮੈਨੂੰ ਲੱਗਦਾ ਹੈ ਕਿ ਮੇਰੀ ਭੈਣ ਉਸ (ਤਾਰਾ) ਦੀ ਤਰ੍ਹਾਂ ਵਧੇਰੇ ਹੈ। ਉਹ ਹਰ ਚੀਜ਼ ਦੇ ਲਈ ਸਪੱਸ਼ਟੀਕਰਨ ਚਾਹੁੰਦੀ ਹੈ। ਜਿਵੇਂ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ ਜਾਂ ਮੈਨੂੰ ਅਜਿਹਾ ਕਰਨ ਦੇ ਲਈ ਕਿਉਂ ਕਿਹਾ ਗਿਆ ਹੈ? ਤਾਂ ਹਾਂ, ਤਾਰਾ ਅਤੇ ਮੇਰੀ ਭੈਣ ਇਸ ਤਰ੍ਹਾਂ ਨਾਲ ਕਾਫੀ ਮਿਲਦੀਆਂ-ਜੁਲਦੀਆਂ ਹਨ।’’
ਉਸਨੇ ਆਪਣੀ ਭੈਣ ਦੇ ਨਾਲ ਆਪਣੇ ਬੰਧਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੇ ਵਿਚਾਲੇ ਦਾ ਰਿਸ਼ਤਾ ਦੋ ਭੈਣਾਂ ਦੀ ਬਜਾਏ ਇਕ ਮਾਂ ਅਤੇ ਧੀ ਵਾਂਗ ਜ਼ਿਆਦਾ ਹੈ। ਰਸ਼ਮਿਕਾ ਨੇ ਕਿਹਾ, ‘‘ਮੇਰੀ ਭੈਣ ਮੇਰੇ ਬਹੁਤ ਨੇੜੇ ਹੈ ਅਤੇ ਆਪਣੇ ਦੋਸਤਾਂ ਬਾਰੇ ਸਭ ਕੁਝ ਸਾਂਝਾ ਕਰਦੀ ਹੈ। ਜੇਕਰ ਉਸ ਦਾ ਉਨ੍ਹਾਂ ਨਾਲ ਝਗੜਾ ਹੁੰਦਾ ਹੈ ਤਾਂ ਉਹ ਮੈਨੂੰ ਇਸ ਬਾਰੇ ਦੱਸਦੀ ਹੈ, ਮਾਂ ਨੂੰ ਨਹੀਂ।’’
26 ਸਾਲਾ ਅਦਾਕਾਰਾ ਜਿਸ ਨੂੰ ‘ਪੁਸ਼ਪਾ’ ਤੋਂ ਬਾਅਦ ਹੁਣ ‘ਨੈਸ਼ਨਲ ਕ੍ਰਸ਼’ ਵੀ ਕਿਹਾ ਜਾਂਦਾ ਹੈ, ਰਸ਼ਮਿਕਾ ਨੇ ਕਿਹਾ ਕਿ ਸ਼ੂਟਿੰਗ ਦੇ ਸ਼ੁਰੂਆਤੀ ਦਿਨਾਂ ’ਚ ਉਹ ਆਪਣੇ ਪਿੱਲੇ ਦੇ ਨਾਲ ਆਈ ਸੀ ਕਿਉਂਕਿ ਉਹ ਬਹੁਤ ਛੋਟੀ ਸੀ।
ਅਦਾਕਾਰਾ ਨੇ ਅੱਗੇ ਕਿਹਾ, ‘‘ਇਸ ਸਭ ਦੇ ਦਰਮਿਆਨ ਮੈਨੂੰ ਪਤਾ ਲੱਗਾ ਕਿ ਉਹ ਬੀਮਾਰ ਸੀ ਅਤੇ ਤਣਾਅ ’ਚ ਸੀ ਪਰ ਜਿਵੇਂ ਹੀ ਸੈੱਟ ’ਤੇ ਮੌਜੂਦ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ, ਉਹ ਤੁਰੰਤ ਇਕ ਪਸ਼ੂ ਡਾਕਟਰ ਨੂੰ ਲੈ ਆਏ। ਇਹ ਉਹ ਊਰਜਾ ਹੈ ਜੋ ਸਾਡੇ ਕੋਲ ਸੈੱਟ ’ਤੇ ਸੀ। ਇਹ ਬਹੁਤ ਖਾਸ ਸੀ।’’
ਸ਼ੁਰੂ ’ਚ ਬਹੁਤ ਡਰ ਲੱਗਦਾ ਸੀ
ਹਿੰਦੀ ਸਿਨੇਮਾ ’ਚ ਆਪਣੀ ਐਂਟਰੀ ਬਾਰੇ ਗੱਲ ਕਰਦੇ ਹੋਏ ਰਸ਼ਮਿਕਾ ਨੇ ਦੱਸਿਆ, ‘‘ਮੈਨੂੰ ਲੱਗਦਾ ਹੈ ਕਿ ਸ਼ੁਰੂ ’ਚ ਇਹ ਬਹੁਤ ਡਰਾਉਣ ਵਾਲਾ ਸੀ ਪਰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇਹ ਇਕ ਅਜਿਹੇ ਬਿੰਦੂ ’ਤੇ ਆ ਗਿਆ ਜਦੋਂ ਅਸੀਂ ਸਾਰੇ ਇਕ ਪਰਿਵਾਰ ਦੇ ਰੂਪ ’ਚ ਇੰਨੀ ਖੂਬਸੂਰਤੀ ਨਾਲ ਘੁਲ-ਮਿਲ ਗਏ।’’
‘ਬਿੱਗ ਬੀ’ ਦੇ ਨਾਲ ਸਕ੍ਰੀਨ ਸਾਂਝੀ ਕਰਨ ਬਾਰੇ ਰਸ਼ਮਿਕਾ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੇਰੇ ਲਈ ਬੱਚਨ ਸਰ ਪ੍ਰੋਫੈਸ਼ਨਲਿਜ਼ਮ ਦੀ ਤਸਵੀਰ ਹਨ। ਬੇਸ਼ੱਕ ਉਨ੍ਹਾਂ ਦੀ ਆਪਣੀ ਆਭਾ ਹੈ ਪਰ ਉਹ ਸਭ ਤੋਂ ਵਧ ਪੇਸ਼ੇਵਰ ਹਨ ਅਤੇ ਦਿਲ ਤੋਂ ਇਕ ਸਾਧਾਰਨ ਆਦਮੀ ਹੈ। ਇਹ ਸੰਯੋਜਨ ਬਹੁਤ ਖੂਬਸੂਰਤ ਹੈ।’’
ਜਦੋਂ ਵੀ ਉਹ ‘ਬਿੱਗ ਬੀ’ ਅਤੇ ਨੀਨਾ ਗੁਪਤਾ ਦੇ ਨਾਲ ਸ਼ੂਟਿੰਗ ਕਰ ਰਹੀ ਹੁੰਦੀ, ਰਸ਼ਮਿਕਾ ਨੂੰ ਇਕ ਵੱਡੀ ਸ਼ਿਕਾਇਤ ਹੁੰਦੀ ਸੀ, ‘‘ਹਰ ਕੋਈ ਇੰਨੀ ਚੰਗੀ ਤਰ੍ਹਾਂ ਘੁਲ-ਮਿਲ ਜਾਂਦਾ ਸੀ ਅਤੇ ਮਜ਼ੇ ਕਰਦਾ ਸੀ। ਮੈਂ ਇਸ ਨੂੰ ਨੋਟਿਸ ਕਰਦੀ ਅਤੇ ਉਨ੍ਹਾਂ ਨੂੰ ਪੁੱਛਦੀ-ਤੁਸੀਂ ਲੋਕ ਇਕ ਦੂਸਰੇ ਨੂੰ ਕਿਵੇਂ ਜਾਣਦੇ ਹੋ? ਅਤੇ ਉਹ ਕਹਿੰਦੇ ਸਨ ਕਿ ਅਸੀਂ ਲੰਬੇ ਸਮੇਂ ਤੋਂ ਨਾਲ ਕੰਮ ਕਰ ਰਹੇ ਹਾਂ। ਉਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਦੇ ਸਮੂਹ ਦਾ ਹਿੱਸਾ ਬਣਨਾ ਚਾਹੁੰਦੀ ਹਾਂ।’’
ਖੂਬ ਮਸਤੀ ਕਰਦੇ ਹਾਂ
ਸੈੱਟ ’ਤੇ ਇਕ ਘਟਨਾ ਨੂੰ ਯਾਦ ਕਰਦੇ ਹੋਏ, ਰਸ਼ਮਿਕਾ ਨੇ ਕਿਹਾ, ‘‘ਅਸੀਂ ਆਪਣੀਆਂ ਲਾਈਨਾਂ ਪੜ੍ਹ ਰਹੇ ਸੀ ਅਤੇ ਡਾਇਲਾਗ ਦਾ ਅਭਿਆਸ ਕਰ ਰਹੇ ਸੀ ਕਿਉਂਕਿ ਵਿਕਾਸ (ਬਹਿਲ) ਸਰ ਇਕ ਵਾਰ ’ਚ ਸਭ ਤੋਂ ਲੰਬਾ ਕੱਟ ਚਾਹੁੰਦੇ ਸਨ। ਬੱਚਨ ਸਰ ਉਥੇ ਪਹੁੰਚੇ ਸਨ, ਮੈਂ ਉਥੇ ਸੀ ਅਤੇ ਹੋਰ ਵੀ ਸਨ। ਅਚਾਨਕ, ਬੱਚਨ ਸਾਹਿਬ ਨੇ ਕਿਹਾ - ਹੁਣ ਮੈਂ ਘਰ ਜਾਣਾ ਚਾਹੁੰਦਾ ਹਾਂ। ਅਸੀਂ ਸਮਾਂ ਕਿਉਂ ਬਰਬਾਦ ਕਰ ਰਹੇ ਹਾਂ? ਮੈਂ ਸੋਚ ਰਹੀ ਸੀ ਕੀ ਮੈਂ ਕੁਝ ਗਲਤ ਕਿਹਾ ਕਿਉਂਕਿ ਇਹ ਲਾਈਨ ਡਾਇਲਾਗ ’ਚ ਨਹੀਂ ਸੀ। ਅਸੀਂ ਸਭ ਇੰਝ ਹੀ ਖੂਬ ਮਸਤੀ ਕਰਦੇ ਹਾਂ।’’
ਭੂਮਿਕਾ ਨਿਭਾਉਣ ਦੇ ਲਈ ਆਪਣੀ ਸ਼ੁਰੂਆਤੀ ਝਿਜਕ ਦਾ ਜ਼ਿਕਰ ਕਰਦੇ ਹੋਏ, ਰਸ਼ਮਿਕਾ ਨੇ ਕਿਹਾ, ‘‘ਜਦੋਂ ਵਿਕਾਸ ਸਰ ਸਕ੍ਰਿਪਟ ਦੇ ਨਾਲ ਆਏ ਤਾਂ ਮੈਨੂੰ ਲੱਗਾ ਕਿ ਮੈਂ ਇਹ ਕਿਵੇਂ ਕਰਾਂਗੀ। ਮੈਂ ਸਿਰਫ਼ ਮਸਤੀ ਕਰਨ ਵਾਲੀ ਅਤੇ ਆਰਾਮ ਪਸੰਦ ਵਿਅਕਤੀ ਹਾਂ ਅਤੇ ਮੈਂ ਉਨ੍ਹਾਂ ਤੋਂ ਪੁੱਛਿਆ- ‘ਕੀ ਤੁਸੀਂ ਸਹੀ ਵਿਅਕਤੀ ਨਾਲ ਸੰਪਰਕ ਕੀਤਾ ਹੈ?’’ ਚਰਿੱਤਰ ਮੇਰੇ ਬਿਲਕੁਲ ਉਲਟ ਹੈ ਪਰ ਉਨ੍ਹਾਂ ਨੇ ਮੇਰੇ ’ਤੇ ਭਰੋਸਾ ਦਿਖਾਇਆ।’’
ਅੱਖਾਂ ਨਾਲ ਪ੍ਰਗਟ ਕੀਤੀਆਂ ਭਾਵਨਾਵਾਂ
ਉਸਨੇ ਦੱਸਿਆ, ‘‘ਮੈਨੂੰ ਹੁਣ ਹੀ ਪਤਾ ਲੱਗਾ ਹੈ ਕਿ ਮੇਰੀਆਂ ਅੱਖਾਂ ਉਦਾਸੀ ਜਾਂ ਗੁੱਸੇ ਪ੍ਰਗਟ ਕਰ ਸਕਦੀਆਂ ਹਨ ਅਤੇ ਇਹ ਦੋ ਭਾਵਨਾਵਾਂ ਹਨ ਜਿਨ੍ਹਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਪ੍ਰਗਟ ਕਰ ਸਕਦੀ ਹਾਂ। ਅਜੇ ਮੈਂ ਆਪਣੀ ਕਲਾ ਨਾਲ ਪ੍ਰਯੋਗ ਕਰ ਰਹੀ ਹਾਂ, ਕੋਈ ਕੰਮ ਵਾਰ-ਵਾਰ ਕਰਨ ’ਚ ਕੋਈ ਮਜ਼ਾ ਨਹੀਂ ਹੈ।’’
ਰਸ਼ਮਿਕਾ, ਜਿਸਨੇ 2016 ਦੀ ਕੰਨੜ ਫ਼ਿਲਮ ‘ਕਿਰਿਕ ਪਾਰਟੀ’ ਨਾਲ ਅਭਿਨੈ ਦੀ ਸ਼ੁਰੂਆਤ ਕੀਤੀ ਅਤੇ ਤੇਲਗੂ ’ਚ ‘ਚਲੋ’ ਅਤੇ ਤਮਿਲ ’ਚ ‘ਸੁਲਤਾਨ’ ਦੇ ਨਾਲ ਲਾਂਚਿਗ ਕੀਤੀ, ਹੁਣ ਉਹ ‘ਗੁਡਬਾਏ’ ਦੇ ਨਾਲ ਬਾਲੀਵੁੱਡ ’ਚ ਪ੍ਰਵੇਸ਼ ਕਰ ਰਹੀ ਹੈ। ਵਿਕਾਸ ਬਹਿਲ ਵਲੋਂ ਨਿਰਦੇਸ਼ਿਤ ਅਤੇ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਵਲੋਂ ਨਿਰਮਿਤ ਇਸ ਫ਼ਿਲਮ ’ਚ ਸਹਾਇਕ ਭੂਮਿਕਾਵਾਂ ’ਚ ਸੁਨੀਲ ਗ੍ਰੋਵਰ, ਪਾਵੇਲ ਗੁਲਾਟੀ, ਆਸ਼ੀਸ਼ ਵਿਦਿਆਰਥੀ, ਏਲੀ ਅਵਰਾਮ, ਸਾਹਿਲ ਮਹਿਤਾ ਅਤੇ ਸ਼ਿਵਿਨ ਨਾਰੰਗ ਵੀ ਹਨ।’’ ‘ਗੁਡਬਾਏ’ 7 ਅਕਤੂਬਰ ਨੂੰ ਰਿਲੀਜ਼ ਹੋਵੇਗੀ।
'ਕੁੜੀਆਂ ਨੂੰ ਜੇ ਘਰੋਂ ਹਮਾਇਤ ਮਿਲੇ ਤਾਂ ਉਹ ਇਕੱਠੀਆਂ ਕਈ ਕੰਮ ਕਰ ਸਕਦੀਆਂ ਹਨ'
NEXT STORY