ਜਲੰਧਰ (ਬਿਊਰੋ)- ਸਿਨੇਮਾ ਦਰਸ਼ਕਾਂ ਲਈ ਇਤਿਹਾਸਕ ਵਿਸ਼ੇ ’ਤੇ ਬਣੀ ਫਿਲਮ ‘ਗੁਰੂ ਨਾਨਕ ਜਹਾਜ਼’ ਰਿਲੀਜ਼ ਲਈ ਬਿਲਕੁੱਲ ਤਿਆਰ ਹੈ। ਤਰਸੇਮ ਜੱਸੜ ਦੀ ਇਸ ਫਿਲਮ ਦਾ ਹਾਲ ਹੀ ’ਚ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ‘ਗੁਰੂ ਨਾਨਕ ਜਹਾਜ਼’ ਫਿਲਮ 1914 ’ਚ ਵਾਪਰੀ ਸੱਚੀ ਘਟਨਾ ’ਤੇ ਆਧਾਰਿਤ ਹੈ। ਇਸ ਘਟਨਾ ਨੂੰ ਵੱਡੀ ਸਕ੍ਰੀਨ ’ਤੇ ਦਿਖਾਉਣ ਦਾ ਜਿਗਰਾ ਕੀਤਾ ਹੈ ‘ਵਿਹਲੀ ਜਨਤਾ ਫ਼ਿਲਮਜ਼’ ਨੇ ਜਿਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਇਸ ਫਿਲਮ ਨੂੰ ਫਿਲਮਾਇਆ ਗਿਆ ਹੈ।
ਹਾਲ ਹੀ ’ਚ ਰਿਲੀਜ਼ ਹੋਏ ਟਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਕਹਾਣੀ ਤੇ ਕਲਾਕਾਰਾਂ ਦੀ ਅਦਾਕਾਰੀ ’ਤੇ ਖ਼ੂਬ ਮਿਹਨਤ ਕੀਤੀ ਗਈ ਹੈ ਤੇ ਇਸ ਇਤਿਹਾਸਕ ਫਿਲਮ ’ਚ ਮੁੱਖ ਕਿਰਦਾਰ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨਿਭਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਮਾਰਕ ਬੈਨਿੰਗਟਨ, ਐਡਬਰਡ ਸੋਨਨਬਲਿਕ, ਬਲਵਿੰਦਰ ਬੁਲੇਟ, ਅਮਨ ਧਾਲੀਵਾਲ, ਹਰਸ਼ਰਨ ਸਿੰਘ ਤੇ ਸਤਿੰਦਰ ਕਸੋਨਾ ਸਮੇਤ ਕਈ ਕਲਾਕਾਰ ਬਾਕਮਾਲ ਅਦਾਕਾਰੀ ਕਰਦੇ ਇਸ ਫਿਲਮ ’ਚ ਨਜ਼ਰ ਆਉਣਗੇ।
ਟਰੇਲਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫਿਲਮ ਨੂੰ ਹਰ ਪੱਖੋਂ ਵਧੀਆ ਬਣਾਉਣ ’ਚ ਫਿਲਮ ਦੀ ਟੀਮ ਤੇ ਖ਼ਾਸਕਰ ਤਰਸੇਮ ਜੱਸੜ ਨੇ ਕੋਈ ਕਸਰ ਨਹੀਂ ਛੱਡੀ ਹੋਵੇਗੀ। ਫਿਲਮ ਦੀ ਰਿਲੀਜ਼ ਨੂੰ ਕੁਝ ਹੀ ਦਿਨ ਬਾਕੀ ਹਨ ਪਰ ਦਰਸ਼ਕਾਂ ਦਾ ਉਤਸ਼ਾਹ ਟਰੇਲਰ ਦੇ ਹੁਣ ਤੱਕ ਹੋਏ 5 ਮਿਲੀਅਨ ਤੋਂ ਵੱਧ ਵਿਊਜ਼ ਤੋਂ ਲਗਾਇਆ ਜਾ ਸਕਦਾ ਹੈ।
ਫਿਲਮ ’ਚ ਵੀ. ਐੱਫ. ਐਕਸ., ਐਕਸ਼ਨ ਤੋਂ ਲੈ ਕੇ ਹਰੇਕ ਕੰਮ ਸ਼ਿੱਦਤ ਨਾਲ ਕੀਤਾ ਗਿਆ ਹੈ। ਫਿਲਮ ਨੂੰ ਡਾਇਰੈਕਟ ਸ਼ਰਨ ਆਰਟ ਵਾਲੇ ਸ਼ਰਨਦੀਪ ਸਿੰਘ ਨੇ ਕੀਤਾ ਹੈ ਤੇ ਫਿਲਮ ਦੀ ਕਹਾਣੀ ਹਰਨਵ ਵੀਰ ਸਿੰਘ ਤੇ ਸ਼ਰਨ ਆਰਟ ਨੇ ਲਿਖੀ ਹੈ ਤੇ ਨਿਰਮਾਤਾ ਮਨਪ੍ਰੀਤ ਜੌਹਲ ਹਨ, ਜਿਸ ਨੂੰ ਸਹਿ-ਨਿਰਮਿਤ ਕੀਤਾ ਹੈ ਕਰਮਜੀਤ ਸਿੰਘ ਜੌਹਲ ਨੇ। ਆਉਂਦੀ 1 ਮਈ ਨੂੰ ‘ਗੁਰੂ ਨਾਨਕ ਜਹਾਜ਼’ ਫਿਲਮ ਵੱਡੇ ਪੱਧਰ ’ਤੇ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਜਾ ਰਹੀ ਹੈ।
ਪਹਿਲਗਾਮ ਅੱਤਵਾਦੀ ਅਟੈਕ 'ਤੇ ਭੜਕੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ
NEXT STORY