ਮੁੰਬਈ- ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦਾ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਨੈੱਟਫਲਿਕਸ ’ਤੇ ਧਮਾਲ ਮਚਾ ਰਿਹਾ ਹੈ। ਸ਼ੋਅ ਦਾ ਪਹਿਲਾ ਸੀਜ਼ਨ 21 ਜੂਨ ਤੋਂ ਸ਼ੁਰੂ ਹੋਇਆ, ਜਿਸ ਵਿਚ ਕਈ ਵੱਡੇ ਸਿਤਾਰੇ ਤੇ ਕ੍ਰਿਕਟਰ ਸ਼ਾਮਲ ਹੋਏ। ਕੀਕੂ ਸ਼ਾਰਦਾ ਤੇ ਅਰਚਨਾ ਪੂਰਨ ਸਿੰਘ ਇਸ ਸ਼ੋਅ ਦਾ ਅਹਿਮ ਹਿੱਸਾ ਹਨ। ਜਿੱਥੇ ਅਰਚਨਾ ਪੂਰਨ ਸਿੰਘ ਆਪਣੇ ਕਮਾਲ ਦੇ ਹਾਸੇ ਨਾਲ ਲੋਕਾਂ ਨੂੰ ਹਸਾਉਂਦੀ ਰਹਿੰਦੀ ਹੈ, ਉੱਥੇ ਹੀ ਕੀਕੂ ਸ਼ਾਰਦਾ ਆਪਣੇ ਮਜ਼ੇਦਾਰ ਐਕਟ ਨਾਲ ਦਰਸ਼ਕਾਂ ਨੂੰ ਲੋਟ-ਪੋਟ ਕਰਦਾ ਰਹਿੰਦਾ ਹੈ। ਸ਼ੋਅ ਬਾਰੇ ਕੀਕੂ ਸ਼ਾਰਦਾ ਅਤੇ ਅਰਚਨਾ ਪੂਰਨ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਲਈ ਪੱਤਰਕਾਰ ਜਯੋਤਸਨਾ ਰਾਵਤ ਨਾਲ ਖ਼ਾਸ ਗੱਲਬਾਤ ਕੀਤੀ।
ਅਰਚਨਾ ਪੂਰਨ ਸਿੰਘ
ਪ੍ਰ. ਤੁਸੀਂ ਇੰਨੇ ਸਾਲਾਂ ਤੋਂ ਸ਼ੋਅ ਦਾ ਹਿੱਸਾ ਹੋ, ਕਿਵੇਂ ਦਾ ਅਨੁਭਵ ਰਿਹਾ?
ਜਿਸ ਸ਼ੋਅ ਨੂੰ ਲੋਕ ਸਿਰਫ਼ ਇਕ ਵਾਰ ਲਾਈਵ ਦੇਖਣ ਨੂੰ ਤਰਸਦੇ ਹਨ, ਉਸ ਨੂੰ ਮੈਂ ਹਰ ਹਫ਼ਤੇ ਸਭ ਤੋਂ ਨੇੜਿਓਂ, ਲਾਈਵ ਅਤੇ ਸਪੈਸ਼ਲ ਸੀਟ ’ਤੇ ਬੈਠ ਕੇ ਦੇਖਦੀ ਹਾਂ। ਕਪਿਲ, ਸੁਨੀਲ, ਕ੍ਰਿਸ਼ਨਾ, ਕੀਕੂ ਇਨ੍ਹਾਂ ਸਭ ਨਾਲ ਸਟੇਜ ਸਾਂਝੀ ਕਰਨਾ ਕਿਸੇ ਵਰਦਾਨ ਤੋਂ ਘੱਟ ਨਹੀਂ। ਅਸੀਂ 15-17 ਸਾਲਾਂ ਤੋਂ ਨਾਲ ਹਾਂ ਅਤੇ ਇਸ ਸਫ਼ਰ ਵਿਚ ਜੋ ਆਪਣਾਪਣ ਹੈ, ਉਹ ਬੇਮਿਸਾਲ ਹੈ। ਕਪਿਲ ਨੇ ਜਦੋਂ ਸ਼ੁਰੂਆਤ ਕੀਤੀ ਸੀ, ਉਦੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਸ਼ੋਅ ਇਸ ਕਦਰ ਇਤਿਹਾਸ ਰਚ ਦੇਵੇਗਾ। ਇਸ ਨੇ ਭਾਰਤੀ ਕਾਮੇਡੀ ਦੀ ਦਿਸ਼ਾ ਹੀ ਬਦਲ ਦਿੱਤੀ।
ਪ੍ਰ. ਕਈ ਵਾਰ ਜਦੋਂ ਇਨਸਾਨ ਦਾ ਮੂਡ ਠੀਕ ਨਹੀਂ ਹੁੰਦਾ, ਉਦੋਂ ਵੀ ਤੁਹਾਨੂੰ ਸ਼ੋਅ ’ਤੇ ਜਾਣਾ ਪੈਂਦਾ ਹੈ। ਅਜਿਹੇ ਵਿਚ ਤੁਸੀਂ ਹਾਸੇ ਨੂੰ ਕਿਵੇਂ ਬਣਾਈ ਰੱਖਦੇ ਹੋ?
ਅਜਿਹੇ ਕਈ ਮੌਕੇ ਆਏ, ਜਦੋਂ ਮੈਂ ਬਹੁਤ ਪ੍ਰੇਸ਼ਾਨ ਜਾਂ ਦੁਖੀ ਰਹੀ ਹਾਂ, ਇੱਥੋਂ ਤੱਕ ਕਿ ਮੇਰੀ ਸੱਸ ਦੇ ਦਿਹਾਂਤ ਵਾਲੇ ਦਿਨ ਵੀ ਸ਼ੂਟਿੰਗ ਕਰਨੀ ਪਈ ਸੀ। ਤੁਹਾਨੂੰ ਦੱਸ ਦੇਵਾਂ ਕਿ ਜਿਉਂ ਹੀ ਕੈਮਰਾ ਆਨ ਹੁੰਦਾ ਹੈ, ਲਾਈਟਾਂ ਜਗਦੀਆਂ ਹਨ ਅਤੇ ਕਪਿਲ ਮੰਚ ’ਤੇ ਆਉਂਦਾ ਹੈ, ਇਕ ਵੱਖਰਾ ਹੀ ਜਾਦੂ ਹੁੰਦਾ ਹੈ। ਉਸ ਮਾਹੌਲ ਵਿਚ ਤੁਸੀਂ ਹੱਸਣ ’ਤੇ ਮਜਬੂਰ ਹੋ ਜਾਂਦੇ ਹੋ। ਕਪਿਲ ਦਾ ਸ਼ੋਅ ਇਕ ਤਰ੍ਹਾਂ ਦੀ ਥੈਰੇਪੀ ਹੈ, ਜੋ ਅੰਦਰੋਂ ਤੁਹਾਡੀ ਤਕਲੀਫ਼ ਨੂੰ ਹਲਕਾ ਕਰ ਦਿੰਦਾ ਹੈ। ਇਸ ਲਈ ਜਦੋਂ ਲੋਕ ਕਹਿੰਦੇ ਹਨ ਕਿ ਅਸੀਂ ਡਿਪ੍ਰੈਸ਼ਨ ’ਚ ਸੀ ਅਤੇ ਤੁਹਾਡਾ ਸ਼ੋਅ ਦੇਖ ਕੇ ਮੁਸਕਰਾਏ ਤਾਂ ਲੱਗਦਾ ਹੈ ਕਿ ਇਹੀ ਅਸਲੀ ਕੰਮ ਹੈ ਲੋਕਾਂ ਦੇ ਚਿਹਰੇ ’ਤੇ ਮੁਸਕਾਨ ਲਿਆਉਣਾ।
ਪ੍ਰ . ਸ਼ੋਅ ਵਿਚ ਅਜਿਹਾ ਕੌਣ ਹੈ, ਜੋ ਤੁਹਾਨੂੰ ਹਰ ਹਾਲ ਵਿਚ ਹਸਾ ਦਿੰਦਾ ਹੈ ਕਪਿਲ, ਕੀਕੂ, ਕ੍ਰਿਸ਼ਨਾ ਜਾਂ ਸੁਨੀਲ ਗਰੋਵਰ?
ਕਿਸੇ ਇਕ ਦਾ ਨਾਂ ਲੈਣਾ ਤਾਂ ਮੁਸ਼ਕਿਲ ਹੈ। ਚਾਰਾਂ ਨੂੰ ਇਕੱਠਿਆਂ ਰੱਖਣਾ ਜ਼ਰੂਰੀ ਹੈ ਕਿਉਂਕਿ ਹਰੇਕ ਦਾ ਆਪਣਾ ਕਮਾਲ ਹੈ। ਉਸ ਦਾ ਸਬੂਤ ਇਹ ਹੈ ਕਿ ਇੰਨੇ ਸਾਲਾਂ ਤੋਂ ਇਕ ਕਠੋਰ ਮੰਚ ’ਤੇ ਜੋ ਟਿਕੇ ਹਨ ਉਹ ਕਪਿਲ, ਕੀਕੂ, ਕ੍ਰਿਸ਼ਨਾ ਅਤੇ ਸੁਨੀਲ ਹਨ। ਕਿਸੇ ਦਿਨ ਸੁਨੀਲ ਅਜਿਹਾ ਐਕਟ ਕਰਦਾ ਹੈ ਕਿ ਹੱਸਦਿਆਂ-ਹੱਸਦਿਆਂ ਹੰਝੂ ਆ ਜਾਂਦੇ ਹਨ। ਕਿਸੇ ਦਿਨ ਕ੍ਰਿਸ਼ਨਾ ਛਾ ਜਾਂਦਾ ਹੈ ਤਾਂ ਕਦੇ ਕੀਕੂ ਆਪਣੇ ਜਾਦੂ ਨਾਲ ਸਭ ਨੂੰ ਹਸਾ ਦਿੰਦੇ ਹਨ। ਕਪਿਲ ਤਾਂ ਹਮੇਸ਼ਾ ਸ਼ਾਨਦਾਰ ਹੈ ਹੀ।
ਪ੍ਰ. ਤੁਸੀਂ ਮੰਨਦੇ ਹੋ ਕਿ ਕਾਮੇਡੀ ਕਰਨਾ ਸਭ ਤੋਂ ਮੁਸ਼ਕਿਲ ਕੰਮ ਹੈ?
101% ਮੰਨਦੀ ਹਾਂ। ਜੇ ਆਸਾਨ ਹੁੰਦਾ ਤਾਂ ਹਰ ਦੂਜਾ ਐਕਟਰ ਕਾਮੇਡੀ ਕਰ ਸਕਦਾ ਕਿਉਂਕਿ ਨਾਰਮਲ ਐਕਟਿੰਗ ਜਾਂ ਡਰਾਮਾ ਇਹ ਸਭ ਫਿਰ ਵੀ ਹੋ ਜਾਂਦੇ ਹਨ ਪਰ ਚੰਗੇ ਤੋਂ ਚੰਗਾ ਕਲਾਕਾਰ ਵੀ ਕਈ ਵਾਰ ਕਾਮੇਡੀ ਵਿਚ ਫੇਲ ਹੋ ਜਾਂਦਾ ਹੈ। ਇਹ ਉੱਪਰ ਵਾਲੇ ਦਾ ਵਰਦਾਨ ਹੁੰਦਾ ਹੈ ਕਿ ਤੁਸੀਂ ਕਾਮੇਡੀ ਸਮਝਦੇ ਹੋ ਅਤੇ ਤੁਹਾਨੂੰ ਸੈਂਸ ਆਫ ਹਿਊਮਰ ਚੰਗਾ ਮਿਲਿਆ ਹੈ। ਇਸ ਲਈ ਕਈ ਵਾਰ ਸਾਨੂੰ ਕੁਮੈਂਟ ਆਉਂਦੇ ਹਨ ਕਿ ਜੋ ਤੁਸੀਂ ਕਰਦੇ ਹੋ, ਉਹ ਭਗਵਾਨ ਦਾ ਕੰਮ ਹੈ ਕਿਉਂਕਿ ਮੁਸ਼ਕਿਲ ਕੰਮ ਹੀ ਲੋਕਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆਉਣਾ ਤੇ ਮਨ ਨੂੰ ਹਲਕਾ ਕਰਨਾ ਹੈ।
ਪ੍ਰ. ਕਪਿਲ ਅਕਸਰ ਮਜ਼ਾਕ ਕਰਦਾ ਹੈ ਕਿ ਤੁਸੀਂ ਸਿੱਧੂ ਜੀ ਦੀ ਕੁਰਸੀ ਖੋਹ ਲਈ। ਹੁਣ ਜਦੋਂ ਤੁਸੀਂ ਦੋਵੇਂ ਇਕੱਠੇ ਬੈਠਦੇ ਹੋ, ਕੈਮਿਸਟਰੀ ਕਿਵੇਂ ਦੀ ਹੈ?
ਬਹੁਤ ਚੰਗੀ। ਲੋਕ ਇਸ ਗੱਲ ਨੂੰ ਲੈ ਕੇ ਜ਼ਿਆਦਾ ਹੀ ਸੀਰੀਅਸ ਹੋ ਗਏ ਸੀ ਕਿ ਮੈਂ ਕੁਰਸੀ ਖੋਹ ਲਈ ਪਰ ਅਜਿਹਾ ਕੁਝ ਨਹੀਂ ਹੈ। ਉਹ ਇਕ ਮਾੜਾ ਸਮਾਂ ਸੀ ਪਰ ਉਸ ਕਾਰਨ ਮੈਨੂੰ ਮੌਕਾ ਮਿਲਿਆ ਤੇ ਫਿਰ ਲੋਕ ਮੈਨੂੰ ਪਸੰਦ ਕਰਨ ਲੱਗੇ। ਹੁਣ ਜਦੋਂ ਸਿੱਧੂ ਜੀ ਵੀ ਵਾਪਸ ਆ ਗਏ ਹਨ ਤਾਂ ਸਾਡਾ ਤਾਲਮੇਲ ਹੋਰ ਵੀ ਬਿਹਤਰ ਹੋ ਗਿਆ ਹੈ।
ਕੀਕੂ ਸ਼ਾਰਦਾ
ਪ੍ਰ. ਤੁਸੀਂ ਖ਼ੁਦ ਕਿਸ ਦੀ ਕਾਮੇਡੀ ਦੇ ਦੀਵਾਨੇ ਹੋ?
ਪਹਿਲਾਂ ਤਾਂ ਮੇਰੇ ਆਪਣੇ ਬੱਚੇ ਜਦੋਂ ਛੋਟੇ ਸਨ ਤਾਂ ਉਹ ਮੈਨੂੰ ਬਹੁਤ ਹਸਾਉਂਦੇ ਸਨ। ਉਨ੍ਹਾਂ ਦੀਆਂ ਊਟਪਟਾਂਗ ਗੱਲਾਂ ਅਤੇ ਅਜੀਬ ਸਵਾਲ ਮੈਨੂੰ ਬਹੁਤ ਐਂਟਰਟੇਨ ਕਰਦੇ ਸਨ। ਹੁਣ ਉਹ ਵੱਡੇ ਹੋ ਗਏ ਹਨ ਤਾਂ ਉਨ੍ਹਾਂ ਦੀ ਦੁਨੀਆ ਅਲੱਗ ਹੋ ਗਈ ਹੈ ਪਰ ਮੈਂ ਕਾਫੀ ਕੰਟੈਂਟ ਕੰਜ਼ਿਊਮ ਕਰਦਾ ਹਾਂ, ਖ਼ਾਸ ਕਰ ਕੇ ਨੈੱਟਫਲਿਕਸ ’ਤੇ। ਮੈਨੂੰ ਐਡਮ ਸੈਂਡਲਰ ਬਹੁਤ ਪਸੰਦ ਹੈ ਕਿਉਂਕਿ ਉਹ ਸਿਚੂਏਸ਼ਨਲ ਕਾਮੇਡੀ ਕਰਦੇ ਹਨ ਬਿਨਾਂ ਜ਼ਿਆਦਾ ਮਿਹਨਤ ਦਿਖਾਏ। ਉਨ੍ਹਾਂ ਦੇ ਚਿਹਰੇ ਨਾਲ ਹੀ ਹਾਸਾ ਆ ਜਾਂਦਾ ਹੈ। ਬੇਨ ਸਿਟਲਰ, ਏਡੀ ਮਰਫ੍ਰੀ, ਜਿਮ ਕੈਰੀ ਵਰਗੇ ਕਲਾਕਾਰਾਂ ਦਾ ਵੀ ਮੈਂ ਬਹੁਤ ਵੱਡਾ ਫੈਨ ਹਾਂ। ਖ਼ਾਸ ਤੌਰ ’ਤੇ ਜਿਮ ਕੈਰੀ, ਉਹ ਇਕ ਇੰਟੈਲੀਜੈਂਟ ਇਨਸਾਨ ਹਨ, ਜੋ ਹਾਰਡਕੋਰ ਕਾਮੇਡੀ ਕਰਦੇ ਹਨ ਅਤੇ ਉਨ੍ਹਾਂ ਦੇ ਵਿਚਾਰ ਵੀ ਉਨੇ ਹੀ ਡੂੰਘੇ ਹੁੰਦੇ ਹਨ।
ਪ੍ਰ. ਟੈਲੀਵਿਜ਼ਨ ਤੋਂ ਨੈੱਟਫਲਿਕਸ ਵਰਗੇ ਗਲੋਬਲ ਪਲੇਟਫਾਰਮ ’ਤੇ ਆਉਣਾ ਤੁਹਾਡੇ ਲਈ ਕਿਵੇਂ ਦਾ ਅਨੁਭਵ ਰਿਹਾ?
ਅਸੀਂ ਦੇਸ਼ ’ਚੋਂ ਨਿਕਲ ਕੇ 190 ਦੇਸ਼ਾਂ ਵਿਚ ਪਹੁੰਚ ਗਏ। ਇਸ ਤੋਂ ਵੱਡਾ ਗ੍ਰੋਥ ਹੋਰ ਕੀ ਹੋ ਸਕਦਾ ਹੈ। ਹੁਣ ਤਾਂ ਲੋਕ ਸਾਨੂੰ ਯੂ.ਕੇ, ਯੂ.ਐੱਸ. ਜਾਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਦੇਖ ਕੇ ਸੰਪਰਕ ਕਰਦੇ ਹਨ। ਨੈੱਟਫਲਿਕਸ ’ਤੇ ਕੰਟੈਂਟ ਕਈ ਭਾਸ਼ਾਵਾਂ ’ਚ ਅਨੁਵਾਦ ਵੀ ਹੁੰਦਾ ਹੈ, ਜਿਸ ਨਾਲ ਗ਼ੈਰ-ਹਿੰਦੀ ਭਾਸ਼ੀ ਲੋਕ ਵੀ ਸਾਨੂੰ ਦੇਖ ਸਕਦੇ ਹਨ। ਇਕ ਵਾਰ ਮੈਂ ਮੋਂਟੇਨੇਗਰੋ ਗਿਆ ਸੀ ਤੇ ਉੱਥੇ ਵੀ ਲੋਕ ਪਛਾਣ ਗਏ। ਉੱਥੋਂ ਦੇ ਹੋਟਲ ’ਚ ਨੇਪਾਲੀ ਸਟਾਫ ਸੀ ਤੇ ਉਨ੍ਹਾਂ ਨੇ ਦੱਸਿਆ ਕਿ ਨੇਪਾਲ ਵਿਚ ਵੀ ਸਾਡੀ ਬਹੁਤ ਫੈਨ ਫਾਲੋਇੰਗ ਹੈ।
ਨੈੱਟਫਲਿਕਸ ’ਤੇ ਹੋਣਾ ਸੱਚਮੁੱਚ ਇਕ ਗਲੋਬਲ ਫੀਲਿੰਗ ਦਿੰਦਾ ਹੈ
ਪ੍ਰ. ਨੈੱਟਫਲਿਕਸ ’ਤੇ ਕੰਮ ਵਿਚ ਕੀ ਕੁਝ ਅਲੱਗ ਹੈ? ਕਿੰਨੀ ਜ਼ਿੰਮੇਵਾਰੀ ਵਧੀ?
ਨੈੱਟਫਲਿਕਸ ’ਤੇ ਆਉਣ ਤੋਂ ਬਾਅਦ ਅਸੀਂ ਖ਼ੁਦ ਇਹ ਜ਼ਿੰਮੇਵਾਰੀ ਲਈ ਕਿ ਹਰ ਵਾਰ ਕੁਝ ਨਵਾਂ ਤੇ ਅਨੋਖਾ ਕਰੀਏ। ਅਸੀਂ ਪੁਰਾਣੇ ਕਿਰਦਾਰਾਂ ਨੂੰ ਦੁਹਰਾਇਆ ਨਹੀਂ ਸਗੋਂ ਨਵੇਂ ਕਰੈਕਟਰ ਬਣਾਏ। ਕਦੇ ਅਸੀਂ ਵਿਦੇਸ਼ੀ ਲੀਡਰਾਂ ਦੀ ਨਕਲ ਕਰਦੇ ਹਾਂ, ਕਦੇ ਹਵਾਈ ਅੱਡੇ ਦੀਆਂ ਲੜਕੀਆਂ ਦਾ ਰੋਲ ਨਿਭਾਉਂਦੇ ਹਾਂ, ਕਦੇ ਟਾਈਗਰ ਸ਼ਰਾਫ ਬਣ ਜਾਂਦੇ ਹਾ, ਕਦੇ ਅਲਾਦੀਨ-ਜੈਸਮੀਨ। ਨੈੱਟਫਲਿਕਸ ਦੇ ਦਰਸ਼ਕ ਗਲੋਬਲੀ ਹਨ ਤਾਂ ਅਸੀਂ ਵੀ ਓਨੀ ਹੀ ਮਿਹਨਤ ਅਤੇ ਕ੍ਰਿਏਟਿਵਿਟੀ ਨਾਲ ਕੰਮ ਕਰਦੇ ਹਾਂ। 2 ਸਾਲਾਂ ’ਚ ਜੋ ਵੀ ਕਿਰਦਾਰ ਅਸੀਂ ਕੀਤੇ ਹਨ, ਉਹ ਸਭ ਬਿਲਕੁਲ ਫਰੈਸ਼ ਸਨ।
ਪ੍ਰ. ਸ਼ੋਅ ਦਾ ਕੰਟੈਂਟ ਇੰਨਾ ਫਰੈਸ਼ ਕਿਵੇਂ ਰਹਿੰਦਾ ਹੈ? ਆਈਡੀਆ ਕਿੱਥੋਂ ਆਉਂਦੇ ਹਨ?
ਇਸ ਦਾ ਪੂਰਾ ਕ੍ਰੈਡਿਟ ਸਾਡੀ ਰਾਈਟਿੰਗ ਟੀਮ ਨੂੰ ਜਾਂਦਾ ਹੈ। ਉਹ ਹਰ ਦਿਨ ਕੁਝ ਨਵਾਂ ਸੋਚਦੇ ਹਨ। ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਜੋਕ ਪਹਿਲਾਂ ਵਰਗਾ ਹੈ ਤਾਂ ਉਸ ਨੂੰ ਹਟਾ ਦਿੰਦੇ ਹਨ। ਕਪਿਲ ਸ਼ਰਮਾ ਅਤੇ ਨੈੱਟਫਲਿਕਸ ਵਲੋਂ ਵੀ ਆਈਡੀਆ ਆਉਂਦੇ ਹਨ। ਅਸੀਂ ਲੋਕ ਖ਼ੁਦ ਵੀ ਜੋਕਸ ਦੂਜਿਆਂ ਤੋਂ ਸੁਣਦੇ ਹਾਂ ਇਥੋਂ ਤੱਕ ਕਿ ਅਕਾਊਂਟਸ ਡਿਪਾਰਟਮੈਂਟ ’ਚ ਬੈਠੇ ਲੋਕਾਂ ਨੂੰ ਵੀ ਜੇ ਕੁਝ ਦੁਹਰਾਅ ਲੱਗੇ ਤਾਂ ਉਸ ਨੂੰ ਡ੍ਰਾਪ ਕਰ ਦਿੰਦੇ ਹਨ। ਇਹ ਇਕ ਸਮੂਹਿਕ ਕੋਸ਼ਿਸ਼ ਹੈ। ਲੇਖਕਾਂ, ਅਦਾਕਾਰਾਂ, ਟੀਮ ਤੇ ਨੈੱਟਫਲਿਕਸ ਸਭ ਦਾ ਯੋਗਦਾਨ ਹੁੰਦਾ ਹੈ।
ਪ੍ਰ. ਕਦੋਂ ਲੱਗਿਆ ਕਿ ਤੁਸੀਂ ਕਾਮੇਡੀ ਲਈ ਬਣੇ ਹੋ ਤੇ ਇਸ ਨੂੰ ਕਰੀਅਰ ਬਣਾਉਣਾ ਚਾਹੀਦਾ ਹੈ?
ਮੈਨੂੰ ਕਦੇ ਅਜਿਹਾ ਨਹੀਂ ਲੱਗਿਆ ਕਿ ਮੈਂ ਕਾਮੇਡੀ ਲਈ ਬਣਿਆ ਹਾਂ। ਮੈਂ ਇਕ ਬਿਜਨੈੱਸ ਫੈਮਿਲੀ ਤੋਂ ਆਉਂਦਾ ਹਾਂ। ਕਾਲਜ ਵਿਚ ਮੈਨੂੰ ਐਕਟਿੰਗ ਦਾ ਬਹੁਤ ਸ਼ੌਕ ਸੀ ਤੇ ਮੈਂ ਸਟੇਜ ’ਤੇ ਫਿਲਮੀ ਸੀਨ ਪਰਫਾਰਮ ਕਰਦਾ ਸੀ ਪਰ ਉਸ ਸਮੇਂ ਇਹ ਨਹੀਂ ਲੱਗਦਾ ਸੀ ਕਿ ਐਕਟਿੰਗ ਤੋਂ ਪੈਸੇ ਕਮਾਏ ਜਾ ਸਕਦੇ ਹਨ। ਕਾਮੇਡੀ ਤਾਂ ਮੈਂ ਕਾਲਜ ਵਿਚ ਕਦੇ ਕੀਤੀ ਹੀ ਨਹੀਂ ਸੀ, ਮੈਂ ਸੀਰੀਅਸ ਪਲੇਅ ਕਰਦਾ ਸੀ। ਪਹਿਲਾਂ ਟੀ. ਵੀ. ਸ਼ੋਅ ‘ਹਾਤਿਮ’ ਕੀਤਾ, ਫਿਰ ‘ਗ੍ਰੇਟ ਇੰਡੀਅਨ ਕਾਮੇਡੀ ਸ਼ੋਅ’ ਵਿਚ ਕੰਮ ਕੀਤਾ, ਜਿੱਥੇ ਵਿਨੇ ਪਾਠਕ, ਰਣਵੀਰ ਸ਼ੌਰੀ ਵਰਗੇ ਕਲਾਕਾਰਾਂ ਤੋਂ ਸਿੱਖਣ ਨੂੰ ਮਿਲਿਆ। ਉੱਥੇ ਮੈਨੂੰ ਮਹਿਸੂਸ ਹੋਇਆ ਕਿ ਕਾਮੇਡੀ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਜਦੋਂ ਲੋਕਾਂ ਨੇ ਕਿਹਾ ਕਿ ਇਹ ਲੜਕਾ ਫਨੀ ਹੈ, ਉਦੋਂ ਲੱਗਿਆ ਕਿ ਸ਼ਾਇਦ ਇਹ ਮੇਰਾ ਰਸਤਾ ਹੋ ਸਕਦਾ ਹੈ ਅਤੇ ਫਿਰ ਹੌਲੀ-ਹੌਲੀ ਇਹ ਪ੍ਰੋਫੈਸ਼ਨ ਬਣ ਗਿਆ।
27 ਸਾਲਾ ਬੇਹੱਦ ਖ਼ੂਬਸੂਰਤ ਅਦਾਕਾਰਾ 'ਤੇ ਆਇਆ ਟਰੰਪ ਦਾ ਦਿਲ ! ਬੰਨ੍ਹ'ਤੇ ਤਾਰੀਫ਼ਾਂ ਦੇ ਪੁਲ
NEXT STORY