ਮੁੰਬਈ (ਬਿਊਰੋ)– ਬਾਲੀਵੁੱਡ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫ਼ਿਲਮਕਾਰ ਕੁਮਾਰ ਸਾਹਨੀ ਦਾ ਦਿਹਾਂਤ ਹੋ ਗਿਆ ਹੈ। 83 ਸਾਲਾ ਕੁਮਾਰ ਉਮਰ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਸਨ।
ਕੁਮਾਰ ਸਾਹਨੀ ਦਾ ਦਿਹਾਂਤ
18 ਫਰਵਰੀ ਨੂੰ ਕੁਮਾਰ ਸਾਹਨੀ ਨੂੰ ਪੱਛਮੀ ਬੰਗਾਲ ਦੇ ਢਕੁਰੀਆ ਦੇ ਏ. ਐੱਮ. ਆਰ. ਆਈ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਦੀ ਹਾਲਤ ਪਿਛਲੇ ਕੁਝ ਦਿਨਾਂ ਤੋਂ ਵਿਗੜਨੀ ਸ਼ੁਰੂ ਹੋ ਗਈ ਸੀ। ਉਹ ਹੇਠਲੇ ਸਾਹ ਦੀ ਨਾਲੀ ਦੀ ਇੰਫੈਕਸ਼ਨ, ਹਾਈਪਰਟੈਂਸ਼ਨ ਤੇ ਸੇਪਸਿਸ ਤੋਂ ਪੀੜਤ ਸੀ। ਉਨ੍ਹਾਂ ਨੂੰ ਆਈ. ਸੀ. ਯੂ. ’ਚ ਰੱਖਿਆ ਗਿਆ ਸੀ। ਉਨ੍ਹਾਂ ਦੀ ਹਾਲਤ ਸੁਧਰਨ ਦੀ ਬਜਾਏ ਵਿਗੜਦੀ ਜਾ ਰਹੀ ਸੀ। ਫਿਰ ਸ਼ਨੀਵਾਰ ਰਾਤ ਕਰੀਬ 10.25 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ’, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ
ਕੌਣ ਸੀ ਕੁਮਾਰ ਸਾਹਨੀ?
ਮਸ਼ਹੂਰ ਨਿਰਦੇਸ਼ਕ ਰਿਤਿਕ ਘਟਕ ਦੇ ਚੇਲੇ ਕੁਮਾਰ ਸਾਹਨੀ ਦਾ ਜਨਮ 1940 ’ਚ ਹੋਇਆ ਸੀ। ਉਨ੍ਹਾਂ ਨੇ ਪੁਣੇ ਫ਼ਿਲਮ ਇੰਸਟੀਚਿਊਟ (ਐੱਫ. ਟੀ. ਆਈ. ਆਈ.) ਤੋਂ ਫ਼ਿਲਮ ਦੀ ਪੜ੍ਹਾਈ ਕੀਤੀ। ਉਨ੍ਹਾਂ ਨੂੰ ਮਸ਼ਹੂਰ ਫਰਾਂਸੀਸੀ ਨਿਰਦੇਸ਼ਕ ਰੌਬਰਟ ਬ੍ਰੇਸਨ ਦੇ ਅਧੀਨ ਇੰਟਰਨਸ਼ਿਪ ਕਰਨ ਦਾ ਮੌਕਾ ਮਿਲਿਆ। ਸਾਹਨੀ ਨੇ ਆਪਣੇ ਪੂਰੇ ਕਰੀਅਰ ਦੌਰਾਨ ਕਈ ਪ੍ਰਾਪਤੀਆਂ ਹਾਸਲ ਕੀਤੀਆਂ ਸਨ। ਉਨ੍ਹਾਂ ਨੂੰ 1972, 1990 ਤੇ 1991 ’ਚ ਸਰਵੋਤਮ ਫ਼ਿਲਮ ਲਈ ਫ਼ਿਲਮਫੇਅਰ ਕ੍ਰਿਟਿਕਸ ਐਵਾਰਡ ਮਿਲੇ। ਸਿਨੇਮਾ ਦੀ ਦੁਨੀਆ ’ਚ ਉਨ੍ਹਾਂ ਦੇ ਯੋਗਦਾਨ ਲਈ ਕੁਮਾਰ ਸਾਹਨੀ ਨੂੰ 1990 ’ਚ ਰੋਟਰਡਮ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ FIPRESCI ਐਵਾਰਡ ਤੇ 1998 ’ਚ ਪ੍ਰਿੰਸ ਕਲਾਜ਼ ਐਵਾਰਡ ਮਿਲਿਆ।
ਕੁਮਾਰ ਸਾਹਨੀ ਨੇ ‘ਮਾਇਆ ਦਰਪਣ’, ‘ਤਰੰਗ’, ‘ਕਸਬਾ’, ‘ਖਿਆਲ ਗਾਥਾ’, ‘ਚਾਰ ਅਧਿਆਏ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਉਨ੍ਹਾਂ ਨੇ ਕਈ ਲਘੂ ਫ਼ਿਲਮਾਂ ਵੀ ਬਣਾਈਆਂ ਸਨ। 2004 ਤੋਂ ਬਾਅਦ ਉਨ੍ਹਾਂ ਦਾ ਕੋਈ ਪ੍ਰਾਜੈਕਟ ਨਹੀਂ ਦੇਖਿਆ ਗਿਆ। ਉਨ੍ਹਾਂ ਨੇ ਫ਼ਿਲਮਾਂ ‘ਮਾਇਆ ਦਰਪਣ’, ‘ਤਰੰਗ’ ਤੇ ਡਾਕੂਮੈਂਟਰੀ ‘ਭਵਨਤਰਨਾ’ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ। ਸਾਹਨੀ ਦੀ ਪਹਿਲੀ ਫੀਚਰ ਫ਼ਿਲਮ ‘ਮਾਇਆ ਦਰਪਣ’ ਸੀ। ਕੁਮਾਰ ਸਾਹਨੀ ਨਾ ਸਿਰਫ਼ ਇਕ ਨਿਰਦੇਸ਼ਕ ਸਨ, ਸਗੋਂ ਇਕ ਸਿੱਖਿਅਕ ਤੇ ਲੇਖਕ ਵੀ ਸਨ। ਉਨ੍ਹਾਂ ਦੇ ਦਿਹਾਂਤ ਨਾਲ ਪ੍ਰਸ਼ੰਸਕ ਦੁਖੀ ਹਨ। ਉਨ੍ਹਾਂ ਦੇ ਜਾਣ ਨਾਲ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਫ਼ਿਲਮਸਾਜ਼ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਕਰਕੇ ਹਮੇਸ਼ਾ ਯਾਦ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੁੰਬਈ ’ਚ ਫਿਲਮ ਸਿਟੀ ਨੇੜੇ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
NEXT STORY