ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਅਦਾਕਾਰੀ ਜਾਂ ਫ਼ਿਲਮਾਂ ਨਾਲੋਂ ਵੱਧ ਵਿਵਾਦਪੂਰਨ ਮੁੱਦਿਆਂ 'ਤੇ ਬਿਆਨਬਾਜ਼ੀ ਕਾਰਨ ਚਰਚਾ 'ਚ ਬਣੀ ਹੋਈ ਹੈ। ਕੰਗਨਾ ਰਣੌਤ ਨੇ ਹਾਲ ਹੀ 'ਚ ਇੱਕ ਟਵੀਟ ਕੀਤਾ ਸੀ, ਜਿਸ 'ਚ ਉਸ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਕੁਝ ਗੱਲਾਂ ਕੀਤੀਆਂ ਸਨ। ਇਹੀ ਟਵੀਟ ਹੁਣ ਕੰਗਨਾ ਰਣੌਤ ਲਈ ਮੁਸੀਬਤ ਬਣ ਗਿਆ ਹੈ ਕਿਉਂਕਿ ਉਸ ਖਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ।
ਕੋਲਕਾਤਾ ਪੁਲਸ ਨੇ ਕੰਗਨਾ ਰਨੌਤ ਖਿਲਾਫ਼ ਪੱਛਮੀ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਸ਼ਿਕਾਇਤ ਦਰਜ ਕੀਤੀ ਹੈ। ਐਡਵੋਕੇਟ ਸੁਮਿਤ ਚੌਧਰੀ ਨੇ ਈਮੇਲ ਰਾਹੀਂ ਕੋਲਕਾਤਾ ਦੇ ਪੁਲਸ ਕਮਿਸ਼ਨਰ ਸੌਮਨ ਮਿੱਤਰਾ ਨੂੰ ਇਕ ਸ਼ਿਕਾਇਤ ਭੇਜੀ ਹੈ। ਆਪਣੀ ਈਮੇਲ 'ਚ ਉਨ੍ਹਾਂ ਕੰਗਨਾ ਰਣੌਤ ਦੇ ਟਵੀਟ ਦੇ ਤਿੰਨ ਲਿੰਕ ਵੀ ਭੇਜੇ ਹਨ। ਇਨ੍ਹਾਂ 'ਚ ਦੋਸ਼ ਲਾਇਆ ਹੈ ਕਿ ਉਸ ਨੇ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਅਪਮਾਨਿਤ ਕੀਤਾ ਹੈ।
ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੇ ਇਕ ਟਵੀਟ 'ਚ ਲਿਖਿਆ ਸੀ, 'ਬੰਗਲਾਦੇਸ਼ੀ ਅਤੇ ਰੋਹਿੰਗਿਆ ਪੱਛਮੀ ਬੰਗਾਲ 'ਚ ਵੱਡੀ ਗਿਣਤੀ 'ਚ ਹਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਉੱਥੇ ਹਿੰਦੂ ਬਹੁਗਿਣਤੀ 'ਚ ਨਹੀਂ ਹਨ ਅਤੇ ਅੰਕੜਿਆਂ ਅਨੁਸਾਰ ਬੰਗਾਲੀ ਮੁਸਲਮਾਨ ਬਹੁਤ ਗਰੀਬ ਅਤੇ ਵਾਂਝੇ ਹਨ। ਚੰਗਾ ਹੈ ਕਿ ਦੂਜਾ ਕਸ਼ਮੀਰ ਬਣਨ ਜਾ ਰਿਹਾ ਹੈ।' ਐਡਵੋਕੇਟ ਸੁਮਿਤ ਚੌਧਰੀ ਨੇ ਕੰਗਨਾ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ, 'ਜੇ ਸਖਤ ਕਦਮ ਨਹੀਂ ਚੁੱਕੇ ਜਾਂਦੇ, ਉਸ ਦੀਆਂ ਟਿੱਪਣੀਆਂ ਸਮਾਜ 'ਚ ਹਿੰਸਾ ਦੀ ਸ਼ੁਰੂਆਤ ਕਰ ਸਕਦੀਆਂ ਹਨ।' ਪੁਲਸ ਨੇ ਆਈ. ਪੀ. ਸੀ. ਦੀ ਧਾਰਾ 153ਏ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਲੋਕ ਟਵਿਟਰ 'ਤੇ ਕੰਗਨਾ ਦੇ ਇਨ੍ਹਾਂ ਟਵੀਟਾਂ ਦਾ ਵਿਰੋਧ ਕਰ ਰਹੇ ਹਨ, ਜਦੋਂਕਿ ਕੁਝ ਲੋਕ ਇਸ ਨੂੰ ਠੀਕ ਦੱਸ ਰਹੇ ਹਨ।
ਨਿੱਕੀ ਤੰਬੋਲੀ ਤੋਂ ਬਾਅਦ ਅਦਾਕਾਰਾ ਪੀਆ ਬਾਜਪੇਈ ਦੇ ਭਰਾ ਦਾ ਵੀ ਹੋਇਆ ਕੋਰੋਨਾ ਕਾਰਨ ਦਿਹਾਂਤ
NEXT STORY