ਐਂਟਰਟੇਨਮੈਂਟ ਡੈਸਕ– ਅਨੇਕਾਂ ਹਿੱਟ ਗੀਤਾਂ ਦੇ ਗਾਇਕ ਅਤੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ 26 ਜੁਲਾਈ ਨੂੰ ਪ੍ਰਮਾਤਮਾ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ। ਸਵਰਗੀ ਛਿੰਦਾ ਦੇ ਸਪੁੱਤਰ ਮਨਿੰਦਰ ਛਿੰਦਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ 29 ਜੁਲਾਈ ਦਿਨ ਸ਼ਨੀਵਾਰ ਨੂੰ ਘਰ 'ਚ ਸਭ ਰਸਮਾਂ ਪੂਰੀਆਂ ਕਰਨ ਉਪਰੰਤ ਮਾਡਲ ਟਾਊਨ ਐਕਸ਼ਟੈਂਨਸ਼ਨ ਸਥਿਤ ਸ਼ਮਸ਼ਾਨ ਘਾਟ ਵਿਖੇ ਦੁਪਿਹਰ 1 ਵਜੇ ਦੇ ਕਰੀਬ ਹੋਵੇਗਾ। ਸੁਰਿੰਦਰ ਛਿੰਦਾ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ ਚੱਲ ਰਿਹਾ ਸੀ। ਸੁਰਿੰਦਰ ਛਿੰਦਾ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਸਨ।
ਮਰਹੂਮ ਗਾਇਕ ਦਾ ਛੋਟਾ ਪੁੱਤਰ ਸਿਮਰਨ ਛਿੰਦਾ ਪੰਜਾਬ ਪਹੁੰਚ ਗਿਆ ਹੈ। ਇਥੋਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਸਿਮਰਨ ਛਿੰਦਾ ਨੂੰ ਵੱਡੇ ਭਰਾ ਮਨਿੰਦਰ ਛਿੰਦਾ ਦੇ ਗਲ ਲੱਗ ਰੋਂਦੇ ਦੇਖਿਆ ਜਾ ਸਕਦਾ ਹੈ। ਸੁਰਿੰਦਰ ਛਿੰਦਾ ਨੂੰ ਪਿਆਰ ਕਰਨ ਵਾਲੇ ਹੋਰ ਲੋਕ ਵੀ ਇਥੇ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰ ਛਿੰਦਾ ਦੀ ਅਮਰੀਕਾ ਰਹਿੰਦੀ ਧੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ 80-90 ਦੇ ਦਹਾਕੇ 'ਚ ਸੁਰਿੰਦਰ ਛਿੰਦਾ ਨੇ ਆਪਣੀ ਮਿਹਨਤ ਸਦਕਾ ਉਹ ਮੁਕਾਮ ਹਾਸਲ ਕੀਤਾ, ਜਿਸ ਨੂੰ ਪਾਉਣ ਲਈ ਉਨ੍ਹਾਂ ਨੂੰ ਇਕ ਲੰਬਾ ਸੰਘਰਸ਼ ਕਰਨਾ ਪਿਆ। ਸੁਰਿੰਦਰ ਛਿੰਦਾ ਨੇ ਆਪਣੀ ਮਿਹਨਤ ਸਦਕਾ 'ਪੰਜਾਬੀ ਸੰਗੀਤ ਜਗਤ' ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ। ਮਸ਼ਹੂਰ ਗਾਇਕ ਸੁਰਿੰਦਰ ਪਾਲ ਧੰਮੀ, ਜਿਨ੍ਹਾਂ ਨੂੰ ਅਸੀਂ ਸੁਰਿੰਦਰ ਛਿੰਦਾ ਵਜੋਂ ਜਾਣਦੇ ਹਾਂ। ਉਨ੍ਹਾਂ ਦਾ ਜਨਮ 20 ਮਈ 1953 ਨੂੰ ਪਿੰਡ ਚੋਟੀ ਈਯਾਲੀ, ਜ਼ਿਲ੍ਹਾ ਲੁਧਿਆਣਾ, ਪੰਜਾਬ 'ਚ ਹੋਇਆ ਸੀ। ਸੁਰਿੰਦਰ ਛਿੰਦਾ ਦਾ ਜਨਮ ਸੁਰਿੰਦਰ ਪਾਲ ਧਾਮ ਦਾ ਜਨਮ ਇੱਕ ਰਾਮਗੜ੍ਹੀਆ ਪਰਿਵਾਰ 'ਚ ਹੋਇਆ ਸੀ।
ਦੱਸਣਯੋਗ ਹੈ ਕਿ ਪੰਜਾਬੀ ਸੰਗੀਤ ਜਗਤ 'ਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ 'ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸਾਲ 1981 'ਚ 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦਾ ਇਹ ਗੀਤ ਉਸ ਸਮੇਂ ਕਾਫੀ ਹਿੱਟ ਰਿਹਾ ਸੀ। ਇਸ ਤੋਂ ਬਾਅਦ ਉਨਾਂ ਨੇ 'ਢੋਲਾ ਵੇ ਢੋਲਾ ਹਾਏ ਢੋਲਾ', 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ' ਤੇ 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ। 1972-73 'ਚ ਸੁਰਿੰਦਰ ਛਿੰਦਾ ਉਸਤਾਦ ਜਸਵੰਤ ਭੰਵਰਾ ਦੇ ਲੜ ਲੱਗ ਗਏ ਅਤੇ ਸੰਗੀਤਕ ਤਾਲੀਮ ਦਾ ਦੌਰ ਸ਼ੁਰੂ ਹੋਇਆ। ਸੁਰਿੰਦਰ ਛਿੰਦਾ ਨੇ ਬਹੁਤ ਸੰਘਰਸ਼ ਕੀਤਾ। ਪ੍ਰਸਿੱਧ ਕੰਪਨੀ ਐੱਚ. ਐੱਮ. ਵੀ. ਨੇ ਉਨ੍ਹਾਂ ਦਾ ਪਹਿਲਾ ਰਿਕਾਰਡ, 'ਘੱਗਰਾ ਸੂਫ ਦਾ' ਤਿਆਰ ਕੀਤਾ ਅਤੇ ਫਿਰ ਹੌਲੀ-ਹੌਲੀ ਉਸ ਤੋਂ ਬਾਅਦ ਚਰਚਾ ਦਾ ਦੌਰ ਸ਼ੁਰੂ ਹੋਇਆ।
ਸੋਨੂੰ ਸੂਦ ਨੇ ਪੰਜਾਬ ਵੱਲ ਵਧਾਇਆ ਮਦਦ ਦਾ ਹੱਥ, ਲਿਖਿਆ– ‘ਉਸ ਧਰਤੀ ਨੇ ਮੈਨੂੰ ਬਹੁਤ ਕੁਝ ਦਿੱਤਾ...’
NEXT STORY