ਮੁੰਬਈ- ਮੁੰਬਈ ’ਚ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਦੀ ਅਪਕਮਿੰਗ ਫ਼ਿਲਮ ‘ਰਾਜਾ ਸ਼ਿਵਾਜੀ’ ਦਾ ਟ੍ਰੇਲਰ ਸ਼ਾਨਦਾਰ ਸਮਾਗਮ ਦੌਰਾਨ ਲਾਂਚ ਕੀਤਾ ਗਿਆ। ਇਸ ਦੌਰਾਨ ਫ਼ਿਲਮ ’ਚ ਅਹਿਮ ਕਿਰਦਾਰ ਨਿਭਾਉਣ ਵਾਲੇ ਸੰਜੇ ਦੱਤ, ਵਿਦਿਆ ਬਾਲਨ, ਅਭਿਸ਼ੇਕ ਬੱਚਨ, ਮਹੇਸ਼ ਮਾਂਜਰੇਕਰ ਅਤੇ ਭਾਗਿਆਸ਼੍ਰੀ ਸਣੇ ਪੂਰੀ ਟੀਮ ਮੌਜੂਦ ਸੀ।
ਟ੍ਰੇਲਰ ਲਾਂਚ ਦੌਰਾਨ ਮਾਹੌਲ ਉਸ ਸਮੇਂ ਗ਼ਮਗੀਨ ਹੋ ਗਿਆ, ਜਦੋਂ ਰਿਤੇਸ਼ ਆਪਣੀ ਗੱਲ ਕਹਿੰਦੇ ਹੋਏ ਇਮੋਸ਼ਨਲ ਹੋ ਗਏ। ਉੱਥੇ ਹੀ, ਪਤਨੀ ਜੇਨੇਲੀਆ ਦੀਆਂ ਅੱਖਾਂ ’ਚ ਵੀ ਹੰਝੂ ਆ ਗਏ। ਫ਼ਿਲਮ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਆਪਣਾ ਅਨੁਭਵ ਸ਼ੇਅਰ ਕਰਦੇ ਹੋਏ ਰਿਤੇਸ਼ ਦੇਸ਼ਮੁਖ ਨੇ ਬਚਪਨ ਦੀ ਇਕ ਯਾਦ ਨੂੰ ਤਾਜ਼ਾ ਕੀਤਾ। ਰਿਤੇਸ਼ ਨੇ ਕਿਹਾ, “ਜਦੋਂ ਮੈਂ ਸਕੂਲ ’ਚ ਸੀ, ਉਦੋਂ ਐਨੁਅਲ ਫੰਕਸ਼ਨ ’ਚ ਦੋਸਤ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਰੋਲ ਕੀਤਾ ਸੀ ਅਤੇ ਮੈਂ ਉਨ੍ਹਾਂ ਦਾ ਮਾਵਲਾ (ਸਿਪਾਹੀ) ਬਣਿਆ ਸੀ। ਉਸ ਸਮੇਂ ਮੈਂ ਬੜੇ ਮਾਣ ਨਾਲ ਉਨ੍ਹਾਂ ਨੂੰ ਮੁਜਰਾ (ਸਲਾਮ) ਕੀਤਾ ਸੀ। ਅਤੇ ਅੱਜ ਇਸ ਮੰਚ ’ਤੇ ਵੀ ਮੈਂ ਉਹੀ ਮਾਵਲਾ ਹਾਂ, ਜੋ ਮਹਾਰਾਜ ਨੂੰ ਆਪਣਾ ਸਨਮਾਨ ਅਤੇ ਮੁਜਰਾ ਅਰਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।”
ਇੰਨਾ ਕਹਿੰਦੇ ਹੀ ਰਿਤੇਸ਼ ਦੀਆਂ ਅੱਖਾਂ ’ਚ ਹੰਝੂ ਆ ਗਏ ਅਤੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਅੱਗੇ ਕਿਹਾ, ‘‘ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਮਹਾਰਾਜ ਸਾਡੇ ਲਈ ਕੀ ਹਨ? ਅਸੀਂ ਇਸੇ ਮਿੱਟੀ ’ਚ ਸਾਹ ਲੈਂਦੇ ਹਾਂ, ਅਸੀਂ ਸ਼ਿਵਾਜੀ ਮਹਾਰਾਜ ਨੂੰ ਜੀਵਿਆ ਹੈ। ਬਚਪਨ ’ਚ ਅਸੀਂ ਮਿੱਟੀ ਦੇ ਕਿਲ੍ਹੇ ਬਣਾਉਂਦੇ ਸੀ, ਉਨ੍ਹਾਂ ’ਤੇ ਭਗਵਾ ਝੰਡਾ ਅਤੇ ਤੋਪਾਂ ਲਾਉਂਦੇ ਸੀ। ਹਮੇਸ਼ਾ ਇਹੀ ਲੱਗਾ ਕਿ ਅਸੀਂ ਉਨ੍ਹਾਂ ਦੇ ਸਿਪਾਹੀ ਹਾਂ। ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਂ ਖ਼ੁਦ ਉਨ੍ਹਾਂ ਦਾ ਕਿਰਦਾਰ ਨਿਭਾਵਾਂਗਾ।’’ ਰਿਤੇਸ਼ ਦੇਸ਼ਮੁਖ ਨੂੰ ਸਟੇਜ ’ਤੇ ਰੋਂਦੇ ਦੇਖ ਪਤਨੀ ਅਤੇ ਅਦਾਕਾਰਾ ਜੇਨੇਲੀਆ ਡਿਸੂਜ਼ਾ ਦੀਆਂ ਅੱਖਾਂ ’ਚ ਵੀ ਹੰਝੂ ਆ ਗਏ। ਦੋਵਾਂ ਦੀ ਇਮੋਸ਼ਨਲ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ‘ਰਾਜਾ ਸ਼ਿਵਾਜੀ’ ਦਾ ਡਾਇਰੈਕਸ਼ਨ ਰਿਤੇਸ਼ ਦੇਸ਼ਮੁਖ ਨੇ ਕੀਤਾ ਹੈ ਅਤੇ ਖ਼ੁਦ ਉਹ ਫ਼ਿਲਮ ’ਚ ਲੀਡ ਰੋਲ ਨਿਭਾ ਰਹੇ ਹਨ।
ਫ਼ਿਲਮ ‘ਕਾਰਾ’ ਦਾ ਟ੍ਰੇਲਰ ਰਿਲੀਜ਼, ਦਮਦਾਰ ਅੰਦਾਜ਼ ’ਚ ਨਜ਼ਰ ਆਏ ਧਨੁਸ਼
NEXT STORY