ਮੁੰਬਈ (ਬਿਊਰੋ)- ਹੰਸਲ ਮਹਿਤਾ ਫ਼ਿਲਮ ਉਦਯੋਗ ਦੇ ਬਿਹਤਰੀਨ ਨਿਰਦੇਸ਼ਕਾਂ 'ਚੋਂ ਇਕ ਹੈ। ਉਹ ਜਦੋਂ ਵੀ ਕੋਈ ਫ਼ਿਲਮ ਜਾਂ ਸੀਰੀਜ਼ ਲੈ ਕੇ ਆਉਂਦਾ ਹੈ ਤਾਂ ਉਸ ਦੀ ਹਰ ਪਾਸੇ ਚਰਚਾ ਹੁੰਦੀ ਹੈ। 2020 'ਚ ਜਦੋਂ ਉਸ ਦੀ 'ਸਕੈਮ 1992' ਰਿਲੀਜ਼ ਹੋਈ ਤਾਂ ਲੋਕ ਉਸ ਦੀ ਤਾਰੀਫ਼ ਕਰਦੇ ਥੱਕ ਨਹੀਂ ਰਹੇ ਸੀ। ਹੁਣ ਉਸ ਦੇ ਨਵੇਂ ਸ਼ੋਅ 'ਸਕੈਮ 2003' ਦੀ ਚਰਚਾ ਹੋ ਰਹੀ ਹੈ। ਸੱਚੀ ਘਟਨਾ 'ਤੇ ਬਣੀ ਇਹ ਵੈੱਬ ਸੀਰੀਜ਼ 'ਸੋਨੀ ਲਿਵ' 'ਤੇ ਰਿਲੀਜ਼ ਹੋਣ ਵਾਲੀ ਹੈ। ਇਹ ਕਹਾਣੀ ਅਬਦੁਲ ਕਲਾਮ ਤੇਲਗੀ ਦੀ ਹੈ। ਜਿਸ ਬਾਰੇ ਅਸੀਂ ਅੱਗੇ ਗੱਲ ਕਰਾਂਗੇ-
'ਸਕੈਮ 2003' ਦੀ ਕਹਾਣੀ
'ਸਕੈਮ 2003' ਦੇਸ਼ 'ਚ ਹੋਏ ਸਭ ਤੋਂ ਵੱਡੇ ਘੋਟਾਲਿਆਂ 'ਚੋਂ ਇਕ ਹੈ। ਇਹ ਘੋਟਾਲਾ ਇੰਨਾ ਵੱਡਾ ਸੀ ਕਿ ਇਸ ਨੇ ਪੂਰੇ ਦੇਸ਼ 'ਚ ਹੜਕੰਪ ਮਚਾ ਦਿੱਤਾ ਸੀ। ਸ਼ੋਅ 'ਚ ਇਸ ਨੂੰ 30,000 ਕਰੋੜ ਦਾ ਘੋਟਾਲਾ ਦੱਸਿਆ ਗਿਆ ਹੈ। ਅਸਲ ਜ਼ਿੰਦਗੀ 'ਚ ਹੋਏ ਇਸ ਸਕੈਮ 'ਚ ਕਈ ਸਰਕਾਰੀ ਅਤੇ ਪੁਲਸ ਅਧਿਕਾਰੀ ਸ਼ਾਮਲ ਸਨ। ਘੋਟਾਲੇ ਦਾ ਮੁੱਖ ਦੋਸ਼ੀ ਤੇਲਗੀ ਸੀ। ਦੇਸ਼ ਨਾਲ ਘੋਟਾਲਾ ਕਰਨ ਦੇ ਦੋਸ਼ 'ਚ ਉਸ ਨੂੰ 30 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
30,000 ਕਰੋੜ ਦਾ ਸਕੈਮ
30,000 ਕਰੋੜ ਦਾ ਸਟੈਂਪ ਪੇਪਰ ਘੋਟਾਲਾ ਕਰਨ ਵਾਲੇ ਤੇਲਗੀ ਦਾ ਪਰਿਵਾਰ ਕਰਨਾਟਕ ਦਾ ਰਹਿਣ ਵਾਲਾ ਸੀ। ਉਸ ਦਾ ਪਿਓ ਭਾਰਤੀ ਰੇਲਵੇ ਦਾ ਕਰਮਚਾਰੀ ਸੀ। ਬਚਪਨ 'ਚ ਹੀ ਉਸ ਦੇ ਪਿਓ ਦੀ ਮੌਤ ਹੋ ਗਈ ਸੀ। ਢਿੱਡ ਭਰਨ ਲਈ ਉਹ ਟਰੇਨ 'ਚ ਜਾ ਕੇ ਮੂੰਗਫਲੀ ਵੇਚਣ ਲੱਗਾ। ਮੂੰਗਫਲੀ ਵੇਚ ਕੇ ਉਸ ਨੇ ਆਪਣੀ ਸਕੂਲ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਵੀ ਪੂਰੀ ਕੀਤੀ।
ਉਸ ਨੂੰ ਸਾਊਦੀ ਜਾ ਕੇ ਕੰਮ ਕਰਨ ਦਾ ਮੌਕਾ ਮਿਲਿਆ। ਉਹ ਜਦ ਭਾਰਤ ਵਾਪਸ ਆਇਆ ਤਾਂ ਉਸ ਨੇ ਨਕਲੀ ਦਸਤਾਵੇਜ਼ ਅਤੇ ਪਾਸਪੋਰਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਟ੍ਰੈਵਲ ਕੰਪਨੀ ਖੋਲੀ ਅਤੇ ਲੋਕਾਂ ਦੇ ਨਕਲੀ ਕਾਗਜ਼ ਬਣਾ ਕੇ ਉਨ੍ਹਾਂ ਨੂੰ ਸਾਊਦੀ ਭੇਜਣ ਲੱਗਾ।
ਕਰੋੜਾਂ ਦੀ ਠੱਗੀ
ਹੌਲੀ-ਹੌਲੀ ਉਸ ਦਾ ਕੰਮ ਚੱਲ ਪਿਆ। ਉਸ ਨੇ ਨਕਲੀ ਸਟੈਂਪ ਨਾਲ ਬੈਂਕ, ਇੰਸ਼ੋਰੈਂਸ ਅਤੇ ਸਟਾਕ ਐਕਸਚੇਂਜ ਕੰਪਨੀਆਂ ਨੂੰ ਵੀ ਠੱਗਿਆ। ਪਰ 2003 'ਚ ਉਸ ਦੇ ਕਾਰਨਾਮਿਆਂ ਦਾ ਖੁਲਾਸਾ ਹੋਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 2017 'ਚ 56 ਸਾਲ ਦੀ ਉਮਰ 'ਚ ਜੇਲ੍ਹ 'ਚ ਹੀ ਉਸ ਦੀ ਮੌਤ ਹੋ ਗਈ।
'ਸਕੈਮ 2003' ਦੀ ਕਹਾਣੀ ਨੂੰ ਪੱਤਰਕਾਰ ਸੰਜੈ ਸਿੰਘ ਦੀ ਕਿਤਾਬ 'ਰਿਪੋਰਟਰ ਕੀ ਡਾਇਰੀ' ਤੋਂ ਲਈ ਗਈ ਹੈ। ਇਸ ਸ਼ੋਅ 'ਚ ਮਸ਼ਹੂਰ ਅਦਾਕਾਰ ਗਗਨ ਦੇਵ ਰਿਆੜ ਤੇਲਗੀ ਦਾ ਕਿਰਦਾਰ ਨਿਭਾਅ ਰਹੇ ਹਨ। 'ਸਕੈਮ 2003' 'ਸੋਨੀ ਲਿਵ' 'ਤੇ 1 ਸਤੰਬਰ ਨੂੰ ਰਿਲੀਜ਼ ਹੋਵੇਗੀ।
ਸ਼ਾਹਰੁਖ ਖ਼ਾਨ ਦੀ ‘ਜਵਾਨ’ ਨੂੰ ਮਿਲਿਆ ਪਿਆਰ, ਪ੍ਰਸ਼ੰਸਕਾਂ ਦਾ ਉਤਸ਼ਾਹ ਪੂਰੇ ਜੋਸ਼ ’ਚ
NEXT STORY