ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸਾਲ 2020 ’ਚ ਤਾਲਾਬੰਦੀ ਦੌਰਾਨ ਬਹੁਤ ਸਾਰੇ ਲੋੜਵੰਦਾਂ ਦੀ ਮਦਦ ਕੀਤੀ। ਉਦੋਂ ਤੋਂ ਅਦਾਕਾਰ ਦੀ ਫੈਨ ਫਾਲੋਇੰਗ ਵੱਧ ਗਈ ਹੈ। ਸੋਨੂੰ ਸੂਦ ਲੋਕਾਂ ਲਈ ਫ਼ਰਿਸ਼ਤਾ ਬਣ ਗਏ, ਜਿਸ ਤੋਂ ਬਾਅਦ ਹਰ ਕੋਈ ਸੋਨੂੰ ਸੂਦ ਨੂੰ ਰੱਬ ਵਾਂਗ ਪੂਜਣ ਲੱਗਾ। ਹਾਲਾਂਕਿ ਇਸ ਦੌਰਾਨ ਸੋਨੂੰ ਸੂਦ ਦੇ ਇਸ ਨੇਕ ਕਾਰਜ ਨੂੰ ਉਨ੍ਹਾਂ ਦਾ ਪਬਲੀਸਿਟੀ ਸਟੰਟ ਵੀ ਕਿਹਾ ਗਿਆ। ਕਈ ਲੋਕਾਂ ਨੇ ਕਿਹਾ ਕਿ ਸੋਨੂੰ ਸੂਦ ਰਾਜਨੀਤੀ ’ਚ ਆਉਣਾ ਚਾਹੁੰਦੇ ਹਨ, ਇਸ ਲਈ ਉਹ ਇਹ ਸਭ ਕਰ ਰਹੇ ਹਨ। ਹਾਲ ਹੀ ’ਚ ਸੋਨੂੰ ਸੂਦ ਨੇ ਇਨ੍ਹਾਂ ਗੱਲਾਂ ਨੂੰ ਸਾਫ਼ ਕੀਤਾ ਹੈ।
ਦਰਅਸਲ ਕਈ ਵਾਰ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ’ਚ ਦੱਸਿਆ ਜਾਂਦਾ ਹੈ ਕਿ ਸੋਨੂੰ ਸੂਦ ਚੋਣ ਲੜ ਰਹੇ ਹਨ ਪਰ ਸੋਨੂੰ ਸੂਦ ਨੇ ਕਈ ਵਾਰ ਇਨ੍ਹਾਂ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੱਤੀ ਹੈ। ਹੁਣ ਸੋਸ਼ਲ ਮੀਡੀਆ ’ਤੇ ਇਕ ਵਾਰ ਮੁੜ ਤੋਂ ਇਹ ਸਵਾਲ ਖੜ੍ਹਾ ਹੋ ਗਿਆ ਹੈ। ਇਕ ਯੂਜ਼ਰ ਨੇ ਦੱਸਿਆ ਕਿ ਸੋਨੂੰ ਸੂਦ 2022 ’ਚ ਮਹਾਰਾਸ਼ਟਰ ਕਾਂਗਰਸ ਤੋਂ ਮੇਅਰ ਦੀ ਚੋਣ ਲੜ ਰਹੇ ਹਨ ਪਰ ਸੋਨੂੰ ਸੂਦ ਨੇ ਹੁਣ ਇਸ ਸਵਾਲ ਦਾ ਜਵਾਬ ਦੇ ਦਿੱਤਾ ਹੈ।
ਇਕ ਸੋਸ਼ਲ ਮੀਡੀਆ ਯੂਜ਼ਰ ਨੇ ਸੋਨੂੰ ਸੂਦ ਨੂੰ ਟੈਗ ਕਰਦਿਆਂ ਟਵੀਟ ਕੀਤਾ, ਜਿਸ ’ਚ ਲਿਖਿਆ ਗਿਆ ਸੀ, ‘ਮਹਾਰਾਸ਼ਟਰ ਕਾਂਗਰਸ ਸੋਨੂੰ ਸੂਦ ਨੂੰ ਮਈ 2022 ਦੀਆਂ ਚੋਣਾਂ ਲਈ ਆਪਣਾ ਉਮੀਦਵਾਰ ਬਣਾਉਣ ਬਾਰੇ ਸੋਚ ਰਹੀ ਹੈ।’ ਸੋਨੂੰ ਸੂਦ ਨੇ ਬਿਨਾਂ ਦੇਰੀ ਕੀਤੇ ਇਸ ਸਵਾਲ ਦਾ ਜਵਾਬ ਦਿੱਤਾ। ਇਸ ਟਵੀਟ ਨੂੰ ਰੀ-ਟਵੀਟ ਕਰਦਿਆਂ ਸੋਨੂੰ ਸੂਦ ਨੇ ਲਿਖਿਆ, ‘ਇਹ ਸੱਚ ਨਹੀਂ ਹੈ। ਮੈਂ ਇਕ ਆਮ ਆਦਮੀ ਦੇ ਰੂਪ ’ਚ ਰਹਿ ਕੇ ਖੁਸ਼ ਹਾਂ।’
ਦੱਸ ਦੇਈਏ ਕਿ ਹਾਲ ਹੀ ’ਚ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਸੋਨੂੰ ਸੂਦ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਿਸ ਦੇ ਜਵਾਬ ’ਚ ਸੋਨੂੰ ਸੂਦ ਨੇ ਮਜ਼ਾਕੀਆ ਅੰਦਾਜ਼ ’ਚ ਕਿਹਾ ਸੀ, ‘ਸਿਰਫ਼ 1 ਕਰੋੜ? ਥੋੜ੍ਹਾ ਹੋਰ ਮੰਗਿਆ ਹੁੰਦਾ।’ ਇਸ ਤਰੀਕੇ ਨਾਲ ਹਰ ਰੋਜ਼ ਸੋਨੂੰ ਸੂਦ ਨੂੰ ਕੋਈ ਨਾ ਕੋਈ ਮੰਗ ਆਉਂਦੀ ਰਹਿੰਦੀ ਹੈ ਪਰ ਅਦਾਕਾਰ ਇਹ ਵੀ ਜਾਣਦੇ ਹਨ ਕਿ ਇਸ ਨੂੰ ਕਿਵੇਂ ਸੰਭਾਲਣਾ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕੋਰੋਨਾ ਦੀ ਚਪੇਟ 'ਚ ਆਏ ਰੂਮੀ ਜਾਫਰੀ, ਕਿਹਾ- 'ਸ਼ੁਕਰ ਹੈ, ਧੀ ਦੇ ਵਿਆਹ ਦੇ ਸਮੇਂ ਨਹੀਂ ਹੋਇਆ'
NEXT STORY