ਐਂਟਰਟੇਨਮੈਂਟ ਡੈਸਕ- ਤਾਮਿਲਨਾਡੂ ਦੇ ਮਸ਼ਹੂਰ ਟੀਵੀ ਅਦਾਕਾਰ ਟੀ. ਰਵੀਚੰਦਰਨ ਹਾਲ ਹੀ ਵਿੱਚ ਵਿਵਾਦਾਂ ਵਿੱਚ ਘਿਰ ਗਏ ਸਨ ਜਦੋਂ ਉਨ੍ਹਾਂ ਨੇ ਇੱਕ ਯੂਟਿਊਬ ਇੰਟਰਵਿਊ ਵਿੱਚ ਦਿੱਗਜ ਅਦਾਕਾਰ ਅਤੇ ਮੱਕਲ ਨਿਧੀ ਮਯਯਮ (ਐਮਐਨਐਮ) ਦੇ ਮੁਖੀ ਕਮਲ ਹਾਸਨ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਰਵੀਚੰਦਰਨ ਨੇ ਕਥਿਤ ਤੌਰ 'ਤੇ ਕਮਲ ਹਾਸਨ ਦਾ ਗਲਾ ਵੱਢਣ ਦੀ ਧਮਕੀ ਦਿੱਤੀ ਸੀ, ਜਿਸ ਨਾਲ ਮਾਮਲਾ ਗਰਮਾ ਗਿਆ ਅਤੇ ਕੇਂਦਰੀ ਅਪਰਾਧ ਸ਼ਾਖਾ (ਸੀਸੀਬੀ) ਨੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀ। ਹੁਣ ਰਵੀਚੰਦਰਨ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਖੁਦ ਮਦਰਾਸ ਹਾਈ ਕੋਰਟ ਦਾ ਰੁਖ ਕੀਤਾ ਹੈ ਅਤੇ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।
ਕੀ ਹੈ ਪੂਰਾ ਮਾਮਲਾ ?
ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕਮਲ ਹਾਸਨ ਨੇ ਅਦਾਕਾਰ ਸੂਰਿਆ ਦੇ ਅਗਰਮ ਫਾਊਂਡੇਸ਼ਨ ਦੀ 15ਵੀਂ ਵਰ੍ਹੇਗੰਢ 'ਤੇ ਇੱਕ ਸਮਾਗਮ ਵਿੱਚ ਸਿੱਖਿਆ ਦੀ ਮਹੱਤਤਾ 'ਤੇ ਬਿਆਨ ਦਿੱਤਾ। ਆਪਣੇ ਭਾਸ਼ਣ ਵਿੱਚ ਕਮਲ ਹਾਸਨ ਨੇ ਕਿਹਾ: "ਸਿੱਖਿਆ ਉਹ ਹਥਿਆਰ ਹੈ ਜਿਸ ਨਾਲ ਅਸੀਂ 'ਸਨਾਤਨ ਧਰਮ ਦੀਆਂ ਬੇੜੀਆਂ' ਤੋੜ ਸਕਦੇ ਹਾਂ।" ਇਸ ਦੌਰਾਨ, ਉਨ੍ਹਾਂ ਨੇ ਨੀਟ ਪ੍ਰੀਖਿਆ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਪ੍ਰਣਾਲੀ ਬਹੁਤ ਸਾਰੇ ਗਰੀਬ ਵਿਦਿਆਰਥੀਆਂ ਦੇ ਡਾਕਟਰ ਬਣਨ ਦੇ ਸੁਪਨਿਆਂ ਨੂੰ ਕੁਚਲ ਦਿੰਦੀ ਹੈ।
ਟੀ. ਰਵੀਚੰਦਰਨ ਦਾ ਭੜਕਾਊ ਬਿਆਨ
ਕਮਲ ਹਾਸਨ ਦੇ ਇਸ ਬਿਆਨ ਤੋਂ ਬਾਅਦ ਟੀ. ਰਵੀਚੰਦਰਨ ਨੇ ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਬਹੁਤ ਹੀ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਅਤੇ ਕਿਹਾ: "ਜੇਕਰ ਕਮਲ ਹਾਸਨ ਅਜਿਹੇ ਬਿਆਨ ਦਿੰਦੇ ਰਹੇ ਤਾਂ ਮੈਂ ਉਸਦਾ ਗਲਾ ਵੱਢ ਦਿਆਂਗਾ।" ਉਨ੍ਹਾਂ ਦੀ ਇਸ ਧਮਕੀ ਤੋਂ ਬਾਅਦ, ਐਮਐਨਐਮ ਪਾਰਟੀ ਦੇ ਉਪ-ਪ੍ਰਧਾਨ ਅਤੇ ਸਾਬਕਾ ਆਈਪੀਐਸ ਅਧਿਕਾਰੀ ਏਜੀ ਮੋਰੀਆ ਨੇ ਚੇਨਈ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ। ਇਹ ਮਾਮਲਾ ਤੁਰੰਤ ਸੀਸੀਬੀ ਨੂੰ ਸੌਂਪ ਦਿੱਤਾ ਗਿਆ ਅਤੇ ਅਦਾਕਾਰ ਰਵੀਚੰਦਰਨ ਵਿਰੁੱਧ ਐਫਆਈਆਰ ਦਰਜ ਕੀਤੀ ਗਈ।
ਰਵੀਚੰਦਰਨ ਨੇ ਅਦਾਲਤ ਵਿੱਚ ਦਿੱਤੀ ਸਫਾਈ
ਇਸ ਦੇ ਨਾਲ ਹੀ, ਹੁਣ ਟੀ. ਰਵੀਚੰਦਰਨ ਨੇ ਮਦਰਾਸ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ। ਉਸਨੇ ਆਪਣੀ ਪਟੀਸ਼ਨ ਵਿੱਚ ਕਿਹਾ: ਉਸਦਾ ਬਿਆਨ ਜਾਣਬੁੱਝ ਕੇ ਨਹੀਂ ਸੀ ਅਤੇ ਉਹ ਸਿਰਫ ਭਾਵਨਾਵਾਂ 'ਚ ਵਹਿ ਕੇ ਬੋਲ ਗਏ ਸਨ। ਉਸਦਾ ਕਮਲ ਹਾਸਨ ਨੂੰ ਧਮਕੀ ਦੇਣ ਦਾ ਕੋਈ ਇਰਾਦਾ ਨਹੀਂ ਸੀ। ਉਹ ਇੱਕ ਸਤਿਕਾਰਯੋਗ ਪਰਿਵਾਰ ਨਾਲ ਸਬੰਧ ਰੱਖਦੇ ਹਨ। ਅਦਾਲਤ ਜੋ ਵੀ ਸ਼ਰਤਾਂ ਲਗਾਏ, ਉਹ ਉਨ੍ਹਾਂ ਨੂੰ ਮੰਨਣ ਲਈ ਤਿਆਰ ਹਨ।
ਹਾਈ ਕੋਰਟ ਦੀ ਕਾਰਵਾਈ
18 ਅਗਸਤ ਨੂੰ ਜਸਟਿਸ ਜੀ. ਜੈਚੰਦਰਨ ਨੇ ਸਰਕਾਰੀ ਵਕੀਲ ਨੂੰ ਸੀਸੀਬੀ ਤੋਂ ਇਸ ਮਾਮਲੇ ਬਾਰੇ ਜ਼ਰੂਰੀ ਜਾਣਕਾਰੀ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 20 ਅਗਸਤ ਤੱਕ ਮੁਲਤਵੀ ਕਰ ਦਿੱਤੀ।
'ਮੇਰੇ ਪੈਸੇ ਨਹੀਂ ਦਿੱਤੇ... ਇਸ ਨਿਰਦੇਸ਼ਕ ਨੇ ਸੰਨੀ ਦਿਓਲ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ
NEXT STORY