ਮੁੰਬਈ - ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਦੇ ਸੁਰੱਖਿਆ ਕਾਫਲੇ ਨਾਲ ਸੋਮਵਾਰ ਰਾਤ ਨੂੰ ਇਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਮੁੰਬਈ ਦੇ ਜੁਹੂ ਇਲਾਕੇ ਵਿਚ ਉਸ ਸਮੇਂ ਵਾਪਰਿਆ ਜਦੋਂ ਅਕਸ਼ੈ ਕੁਮਾਰ ਆਪਣੀ ਪਤਨੀ ਟਵਿੰਕਲ ਖੰਨਾ ਨਾਲ ਵਿਦੇਸ਼ ਤੋਂ ਛੁੱਟੀਆਂ ਮਨਾ ਕੇ ਘਰ ਪਰਤ ਰਹੇ ਸਨ।
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਰਾਤ ਲਗਭਗ 8 ਤੋਂ 8:30 ਵਜੇ ਦੇ ਦਰਮਿਆਨ ਹੋਇਆ। ਖ਼ਬਰਾਂ ਅਨੁਸਾਰ, ਅਕਸ਼ੈ ਕੁਮਾਰ ਦੇ ਕਾਫਲੇ ਵਿਚ ਸ਼ਾਮਲ ਇਕ ਇਨੋਵਾ ਕਾਰ ਦੇ ਪਿੱਛੇ ਇਕ ਮਰਸੀਡੀਜ਼ ਆ ਰਹੀ ਸੀ। ਜਦੋਂ ਮਰਸੀਡੀਜ਼ ਨੇ ਇਨੋਵਾ ਨੂੰ ਟੱਕਰ ਮਾਰੀ ਤਾਂ ਇਨੋਵਾ ਉੱਡਦੀ ਹੋਈ ਅੱਗੇ ਜਾ ਰਹੇ ਇਕ ਆਟੋ-ਰਿਕਸ਼ਾ ਉਤੇ ਜਾ ਚੜ੍ਹੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ-ਰਿਕਸ਼ਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਪੀੜਤ ਪਰਿਵਾਰ ਦਾ ਦਰਦ
ਜ਼ਖਮੀ ਆਟੋ ਚਾਲਕ ਦੇ ਭਰਾ ਮੁਹੰਮਦ ਸਮੀਰ ਨੇ ਦੱਸਿਆ ਕਿ ਹਾਦਸੇ ਦੌਰਾਨ ਉਸ ਦਾ ਭਰਾ ਅਤੇ ਇਕ ਸਵਾਰੀ ਆਟੋ ਦੇ ਹੇਠਾਂ ਦਬ ਗਏ ਸਨ। ਸਮੀਰ ਮੁਤਾਬਕ ਉਸਦੇ ਭਰਾ ਦੀ ਹਾਲਤ ਬਹੁਤ ਗੰਭੀਰ ਹੈ ਤੇ ਹਸਪਤਾਲ 'ਚ ਇਲਾਜ ਜਾਰੀ ਹੈ। ਪੀੜਤ ਪਰਿਵਾਰ ਨੇ ਅਕਸ਼ੈ ਕੁਮਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਭਰਾ ਦਾ ਸਹੀ ਇਲਾਜ ਕਰਵਾਇਆ ਜਾਵੇ ਅਤੇ ਰਿਕਸ਼ੇ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਪੁਲਸ ਦੀ ਕਾਰਵਾਈ
ਜੁਹੂ ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਰਸੀਡੀਜ਼ ਕਾਰ ਦੇ ਚਾਲਕ ਖ਼ਿਲਾਫ਼ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਸੀ.ਸੀ.ਟੀ.ਵੀ. ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਜਾਂਚ ਕਰ ਰਹੀ ਹੈ।
ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਸੁਰੱਖਿਅਤ
ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿਚ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੱਸ ਦੇਈਏ ਕਿ ਇਹ ਜੋੜਾ ਆਪਣੀ ਵਿਆਹ ਦੀ 25ਵੀਂ ਵਰ੍ਹੇਗੰਢ ਮਨਾ ਕੇ ਮੁੰਬਈ ਪਰਤਿਆ ਸੀ। ਇਸ ਮੰਦਭਾਗੀ ਘਟਨਾ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਪ੍ਰਸ਼ੰਸਕ ਜ਼ਖਮੀਆਂ ਦੀ ਸਲਾਮਤੀ ਲਈ ਦੁਆਵਾਂ ਕਰ ਰਹੇ ਹਨ।
‘ਬਾਰਡਰ 2’ ਦੀ ਰਿਲੀਜ਼ ਤੋਂ ਪਹਿਲਾਂ ਅਹਾਨ ਸ਼ੈੱਟੀ ਨੇ ਆਪਣੇ ਫਿਲਮੀਂ ਸਫ਼ਰ ਨੂੰ ਕੀਤਾ ਯਾਦ
NEXT STORY