ਚੰਡੀਗੜ : ਆਪਣੀਆਂ ਹੌਟ ਤੇ ਸੈਕਸੀ ਅਦਾਵਾਂ ਨਾਲ ਬਾਲੀਵੁੱਡ 'ਚ ਖਾਸ ਮੁਕਾਮ ਬਣਾਉਣ ਵਾਲੀ ਸੰਨੀ ਲਿਓਨ ਦੀ ਅਗਲੀ ਫ਼ਿਲਮ 'ਵਨ ਨਾਈਟ ਸਟੈਂਡ' ਮਈ 'ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਚ ਅਭਿਨੇਤਰੀ ਸੰਨੀ ਲਿਓਨ ਤੇ ਅਭਿਨੇਤਾ ਤਨੁਜ ਵੀਰਵਾਨੀ ਵਿਚਕਾਰ ਕਈ ਬੋਲਡ ਸੀਨ ਹਨ, ਜਿਨ੍ਹਾਂ ਕਾਰਨ ਫਿਲਮ ਰਿਲੀਜ਼ ਤੋਂ ਪਹਿਲਾਂ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਸੰਨੀ ਲਿਓਨ, ਫਿਲਮ ਦੇ ਡਾਇਰੈਕਟਰ ਜੈਸਮੀਨ ਡਿਸੂਜ਼ਾ ਤੇ ਅਨੁਜ ਵੀਰਵਾਨੀ ਸ਼ੁੱਕਰਵਾਰ ਨੂੰ 'ਜਗ ਬਾਣੀ' ਦੇ ਚੰਡੀਗੜ੍ਹ ਦਫ਼ਤਰ ਪਹੁੰਚੇ। ਇਸ ਦੌਰਾਨ ਇਨ੍ਹਾਂ ਨੇ ਇਸ ਬੋਲਡ ਟਾਈਟਲ ਤੋਂ ਲੈ ਕੇ ਫ਼ਿਲਮ ਦੀ ਸਟੋਰੀਲਾਈਨ 'ਤੇ ਗੱਲ ਕੀਤੀ। ਡਾਇਰੈਕਟਰ ਜੈਸਮੀਨ ਡਿਸੂਜ਼ਾ ਦਾ ਮੰਨਣਾ ਹੈ ਕਿ ਫ਼ਿਲਮ ਦਾ ਵਿਸ਼ਾ ਭਾਵੇਂ ਬੋਲਡ ਹੈ ਪਰ ਇਸ ਵਿਚ ਪੁਰਸ਼ ਪ੍ਰਧਾਨ ਸਮਾਜ 'ਚ ਔਰਤਾਂ ਦੇ ਅਧਿਕਾਰਾਂ 'ਤੇ ਗੱਲ ਕੀਤੀ ਗਈ ਹੈ। ਪੇਸ਼ ਹੈ ਫ਼ਿਲਮ ਦੀ ਸਟਾਰ ਕਾਸਟ ਤੇ ਡਾਇਰੈਕਟਰ ਨਾਲ ਗੱਲਬਾਤ ਦੇ ਅਹਿਮ ਅੰਸ਼ :
► ਸੰਨੀ ਦਾ ਨਾਂ ਸੁਣ ਕੇ ਹੋਈ ਖੁਸ਼ੀ : ਤਨੁਜ
► ਫ਼ਿਲਮ ਨੂੰ ਲੈ ਕੇ ਅਨੁਭਵ ਬਾਰੇ ਦੱਸੋ?
ਇਸ ਫ਼ਿਲਮ 'ਚ ਮੇਰੀ ਚੋਣ ਆਡੀਸ਼ਨ ਰਾਹੀਂ ਹੋਈ ਸੀ। ਡਾਇਰੈਕਟਰ ਨੇ ਮੈਨੂੰ ਫ਼ਿਲਮ ਦੀ ਪੂਰੀ ਕਹਾਣੀ ਨੂੰ ਲੈ ਕੇ ਲੋਕੇਸ਼ਨ ਤੇ ਬਾਕੀ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਪਰ ਆਖਿਰ ਤਕ ਮੈਨੂੰ ਮੇਰੀ ਕੋ-ਸਟਾਰ ਬਾਰੇ ਕੋਈ ਜਾਣਕਾਰੀ ਨਹੀਂ ਸੀ। ਆਖਿਰ ਮੈਂ ਖੁਦ ਹੀ ਡਾਇਰੈਕਟਰ ਤੋਂ ਪੁੱਛਿਆ ਕਿ ਮੇਰੀ ਕੋ-ਸਟਾਰ ਕੌਣ ਹੈ ਤਾਂ ਉਨ੍ਹਾਂ ਦੱਸਿਆ ਕਿ ਉਹ ਕੋਈ ਹੋਰ ਨਹੀਂ ਸਗੋਂ ਸੰਨੀ ਲਿਓਨ ਹੈ। ਇਹ ਸੁਣ ਕੇ ਮੈਨੂੰ ਖੁਸ਼ੀ ਦੇ ਨਾਲ-ਨਾਲ ਹੈਰਾਨੀ ਵੀ ਹੋਈ।
► ਫ਼ਿਲਮ ਦੇ ਕਿਰਦਾਰ ਨਾਲ ਖੁਦ ਨੂੰ ਕਿੰਨਾ ਜੁੜਿਆ ਮਹਿਸੂਸ ਕਰਦੇ ਹੋ?
ਕਿਰਦਾਰ ਦਾ ਜਨੂੰਨ ਤੇ ਜਜ਼ਬਾ ਕਿਤੇ ਨਾ ਕਿਤੇ ਨਿੱਜੀ ਜ਼ਿੰਦਗੀ 'ਚ ਰਿਲੇਟ ਕਰਦਾ ਹੈ। ਬਾਕੀ ਜਿਥੋਂ ਤਕ ਰਿਸ਼ਤੇ 'ਚ ਧੋਖਾ ਦੇਣ ਦੀ ਗੱਲ ਹੈ ਤਾਂ ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਪਰ ਕਈ ਵਾਰ ਅਸੀਂ ਰਿਸ਼ਤਿਆਂ ਨੂੰ ਲੈ ਕੇ ਇੰਨੇ ਸੰਵੇਦਨਸ਼ੀਲ ਹੋ ਜਾਂਦੇ ਹਾਂ ਕਿ ਪਤਾ ਹੀ ਨਹੀਂ ਚੱਲਦਾ ਕਿ ਕੀ ਠੀਕ ਹੈ ਕੀ ਗਲਤ।
► ਭਵਿੱਖ 'ਚ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹੋਗੇ?
ਮੈਂ ਭਵਿੱਖ 'ਚ ਪਾਜ਼ੀਟਿਵ ਕਿਰਦਾਰ ਨਾ ਨਿਭਾ ਕੇ ਨੈਗੇਟਿਵ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ ਜੋ ਐਕਸ਼ਨ ਨਾਲ ਭਰਪੂਰ ਹੋਵੇ ਤੇ ਉਸ ਕਿਰਦਾਰ 'ਚ ਦਮ ਹੋਵੇ। ਕਹਿ ਸਕਦੇ ਹਾਂ ਕਿ ਮੈਨੂੰ ਗ੍ਰੇ ਸ਼ੇਡ ਕਾਫ਼ੀ ਪਸੰਦ ਹੈ ਤੇ ਭਵਿੱਖ 'ਚ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣਾ ਚਾਹਾਂਗਾ।
► ਕੀ ਤੁਸੀਂ ਆਪਣੀ ਮਾਂ (ਰੱਤੀ ਅਗਨੀਹੋਤਰੀ) ਤੋਂ ਐਕਟਿੰਗ ਦੇ ਗੁਰ ਸਿੱਖੇ?
ਜਿਵੇਂ ਕਿ ਸਾਰੇ ਜਾਣਦੇ ਹਨ ਮੇਰੀ ਮਾਂ ਆਪਣੇ ਸਮੇਂ ਦੀ ਸਫ਼ਲ ਅਭਿਨੇਤਰੀ ਰਹਿ ਚੁੱਕੀ ਹੈ ਤੇ ਹੁਣ ਵੀ ਫ਼ਿਲਮਾਂ ਤੇ ਸੀਰੀਅਲਾਂ 'ਚ ਸਰਗਰਮ ਹਨ। ਉਨ੍ਹਾਂ ਨੂੰ ਲਗਭਗ 35 ਫ਼ਿਲਮਾਂ ਦਾ ਅਨੁਭਵ ਹੈ ਤੇ ਮੈਂ ਅਜੇ ਇਸ ਇੰਡਸਟਰੀ 'ਚ ਨਵਾਂ ਹਾਂ। ਇਸ 'ਚ ਤਾਂ ਮਾਂ ਤੋਂ ਐਕਟਿੰਗ ਦੇ ਗੁਰ ਲੈਣਾ ਤਾਂ ਬਣਦਾ ਹੀ ਹੈ। ਇਸ ਫ਼ਿਲਮ ਦੇ ਕਿਰਦਾਰ ਨੂੰ ਲੈ ਕੇ ਮਾਂ ਨੇ ਵੀ ਸਮਝਾਇਆ ਕਿ ਰੋਲ ਦੀ ਮੰਗ ਅਨੁਸਾਰ ਐਕਟਿੰਗ ਕਰਨੀ ਪੈਂਦੀ ਹੈ।
► ਫ਼ਿਲਮ 'ਵਨ ਨਾਈਟ ਸਟੈਂਡ' ਬਾਰੇ ਤੁਹਾਡੀ ਨਿੱਜੀ ਸਲਾਹ ਕੀ ਹੈ?
ਦੇਖੋ, 'ਵਨ ਨਾਈਟ ਸਟੈਂਡ' ਕਾਫ਼ੀ ਬੋਲਡ ਸ਼ਬਦ ਹੈ। ਇਹ ਸਾਡੇ ਭਾਰਤੀ ਸਮਾਜ 'ਚ ਵੀ ਪ੍ਰਚਲਿਤ ਹੈ ਪਰ ਮੁਸ਼ਕਿਲ ਇਹ ਹੈ ਕਿ ਅਸੀਂ ਇਸ ਬਾਰੇ ਗੱਲ ਨਹੀਂ ਕਰਦੇ ਤੇ ਨਾ ਕਰਨਾ ਚਾਹੁੰਦੇ ਹਾਂ। ਜਿਵੇਂ ਕਿ ਫ਼ਿਲਮ ਦੇ ਵਿਸ਼ੇ ਤੋਂ ਹੀ ਪਤਾ ਚਲਦਾ ਹੈ ਕਿ ਇਹ ਬੋਲਡ ਵਿਸ਼ੇ 'ਤੇ ਆਧਾਰਿਤ ਹੈ ਤਾਂ ਇਸ 'ਚ ਦੋ ਫੁੱਲਾਂ ਨੂੰ ਟਕਰਾਉਂਦੇ ਹੋਏ ਤਾਂ ਨਹੀਂ ਦਿਖਾਇਆ ਜਾ ਸਕਦਾ।
► ਆਮਿਰ ਦੀ ਕਾਲ ਦੀ ਉਡੀਕ: ਲਿਓਨ
► ਆਮਿਰ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਹਨ। ਇਸ 'ਤੇ ਤੁਹਾਡਾ ਕੀ ਕਹਿਣਾ ਹੈ?
ਮੈਂ ਤਾਂ ਆਮਿਰ ਦੀ ਕਾਲ ਦਾ ਬੇਤਾਬੀ ਨਾਲ ਇੰਤਜ਼ਾਰ ਕਰ ਰਹੀ ਹਾਂ। ਸ਼ਾਇਦ ਹੀ ਕੋਈ ਹੋਵੇਗਾ, ਜੋ ਆਮਿਰ ਨਾਲ ਕੰਮ ਨਾ ਕਰਨਾ ਚਾਹੇ। ਜੇ ਮੈਨੂੰ ਇਹ ਮੌਕਾ ਮਿਲਦਾ ਹੈ ਤਾਂ ਹਰਗਿਜ਼ ਨਹੀਂ ਗੁਆਵਾਂਗੀ। ਉਸ ਨੇ ਦੱਸਿਆ ਕਿ ਸ਼ਾਹਰੁਖ ਖਾਨ ਨਾਲ ਫ਼ਿਲਮ 'ਚ ਕੰਮ ਕਰਨਾ ਕਾਫ਼ੀ ਚੰਗਾ ਸੀ। ਉਨ੍ਹਾਂ ਤੋਂ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ। ਇਹ ਮੇਰੇ ਲਈ ਵੱਡਾ ਮੌਕਾ ਸੀ।
► ਫਿਲਮ ਦੀ ਸ਼ੂਟਿੰਗ ਦੌਰਾਨ ਯਾਦਗਾਰ ਪਲ ਕਿਹੜਾ ਹੈ?
ਥਾਈਲੈਂਡ 'ਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਬੀਚ 'ਤੇ ਜੋੜੇ ਦਾ ਇਕ ਸੀਨ ਸੀ। ਇਸ ਦੌਰਾਨ ਅਚਾਨਕ ਪਾਣੀ ਦੀ ਤੇਜ਼ ਲਹਿਰ ਆਈ ਤੇ ਮੈਂ ਤੇ ਤਨੁਜ ਡਿਗ ਗਏ। ਕੈਮਰਾ ਵੀ ਗਿੱਲਾ ਹੋ ਗਿਆ। ਇਸ ਸੀਨ ਨੂੰ ਫ਼ਿਲਮ 'ਚ ਵਿਸ਼ੇਸ਼ ਰੂਪ ਨਾਲ ਸ਼ਾਮਿਲ ਕੀਤਾ ਗਿਆ ਹੈ।
► ਤੁਸੀਂ ਇਕ ਪੰਜਾਬੀ ਹੋ, ਕੀ ਤੁਸੀਂ ਪੰਜਾਬੀ ਫ਼ਿਲਮਾਂ 'ਚ ਕੰਮ ਕਰੋਗੇ?
ਹਾਂ, ਮੈਂ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਲਈ ਕਾਫ਼ੀ ਉਤਸੁਕ ਹਾਂ। ਮੇਰੇ ਕੋਲ ਕੁਝ ਸਕ੍ਰਿਪਟਸ ਆਈਆਂ ਵੀ ਸਨ ਪਰ ਪਸੰਦ ਨਹੀਂ ਆਈਆਂ। ਮੈਂ ਸਕ੍ਰਿਪਟਸ ਖਾਸ ਢੰਗ ਨਾਲ ਪੜ੍ਹਦੀ ਹਾਂ ਤੇ ਸਟੋਰੀ ਦਮਦਾਰ ਲੱਗੇ ਤਾਂ ਹੀ ਕੰਮ ਕਰਦੀ ਹਾਂ। ਫਿਲਹਾਲ ਮੇਰੀ ਇਕ ਹੋਰ ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋਵੇਗੀ, ਜਿਸ ਦੇ ਇਸ ਸਾਲ ਦੇ ਅੰਤ ਤਕ ਰਿਲੀਜ਼ ਹੋਣ ਦੀ ਸੰਭਾਵਨਾ ਹੈ।
► ਫ਼ਿਲਮ ਦੇ ਵਿਸ਼ੇ ਬਾਰੇ ਦੱਸੋ?
ਫ਼ਿਲਮ 'ਚ ਬੋਲਡ ਸੀਨ ਹਨ ਪਰ ਉਹ ਜ਼ਬਰਦਸਤੀ ਦੇ ਪਾਏ ਹੋਏ ਨਹੀਂ ਹਨ। ਕਹਾਣੀ ਦੀ ਮੰਗ ਅਨੁਸਾਰ ਹੀ ਉਨ੍ਹਾਂ 'ਚ ਬੋਲਡਨੈੱਸ ਦਿਖਾਈ ਗਈ ਹੈ। ਇਹ ਅਜਿਹੇ ਰਿਸ਼ਤੇ ਦੀ ਕਹਾਣੀ ਹੈ, ਜਿਸ 'ਚ ਦੋ ਲੋਕ ਮਿਲਦੇ ਹਨ, ਇਕ ਰਾਤ ਇਕੱਠੇ ਬਿਤਾਉਂਦੇ ਹਨ ਤੇ ਫਿਰ ਆਪਣੇ-ਆਪਣੇ ਰਾਹ ਚਲੇ ਜਾਂਦੇ ਹਨ ਪਰ ਕਹਾਣੀ ਇਥੇ ਖਤਮ ਨਹੀਂ ਹੁੰਦੀ।
► ਤੁਹਾਡਾ ਕੋਈ ਡ੍ਰੀਮ ਰੋਲ?
ਮੈਂ ਸੁਪਰਮੈਨ ਟਾਈਪ ਦਾ ਰੋਲ ਕਰਨਾ ਚਾਹੁੰਦੀ ਹਾਂ। ਹੱਸਦੇ ਹੋਏ ਇਸ ਰੋਲ ਨੂੰ ਕਰਦੇ ਹੋਏ ਲੋਕਾਂ ਨੂੰ ਮੁਸੀਬਤ ਤੋਂ ਬਚਾਉਣਾ ਚਾਹੁੰਦੀ ਹਾਂ ਤੇ ਉਨ੍ਹਾਂ ਲਈ ਫਰਿਸ਼ਤਾ ਬਣ ਕੇ ਫ਼ਿਲਮ 'ਚ ਦਿਸਣਾ ਚਾਹੁੰਦੀ ਹਾਂ।
ਯੋ-ਯੋ ਹਨੀ ਸਿੰਘ ਨੇ ਇਨ੍ਹਾਂ ਨਾਮਵਰ ਸ਼ਖਸੀਅਤਾਂ ਨੂੰ ਦੱਸਿਆ ਆਪਣਾ ਰੋਲ ਮਾਡਲ, SINGERS ਨੂੰ ਕਿਹਾ 'ਸਵੀਟ ਡਿਸ਼'
NEXT STORY