ਫਰੀਦਕੋਟ (ਜਸਬੀਰ ਕੌਰ)- ਪੰਜਾਬ ਐਂਡ ਸਿੰਧ ਬੈਂਕ ਵੱਲੋਂ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਫਰੀਦਕੋਟ ਜ਼ਿਲੇ ਦੇ ਪਿੰਡ ਚਹਿਲ ’ਚ ਚੱਲ ਰਹੇ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੈਂਟਰ ਫਰੀਦਕੋਟ ਅਤੇ ਇਸ ਦੇ ਆਸ-ਪਾਸ ਦੇ ਜ਼ਿਲਿਆਂ ਦੇ ਨਾਲ ਸਬੰਧਤ ਬੇਰੋਜ਼ਗਾਰ ਲਡ਼ਕਿਆਂ-ਲਡ਼ਕੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇੱਥੇ ਨਾ ਸਿਰਫ ਨੌਜਵਾਨਾਂ ਨੂੰ 61 ਤਰ੍ਹਾਂ ਦੇ ਵੱਖ-ਵੱਖ ਕੋਰਸ ਕਰਵਾਏ ਜਾਂਦੇ, ਸਗੋਂ ਸਫਲਤਾ ਨਾਲ ਕੋਰਸ ਕਰਨ ਵਾਲੇ ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਵਾਸਤੇ ਬੈਂਕਾਂ ਤੋਂ ਕਰਜ਼ੇ ਦੀ ਸਹੂਲਤ ਵੀ ਦਿਵਾਈ ਜਾਂਦੀ ਹੈ। ਜਾਣਕਾਰੀ ਅਨੁਸਾਰ ਉਕਤ ਬੈਂਕ ਨੇ ਸਵੈ-ਰੋਜ਼ਗਾਰ ਨੂੰ ਵਧਾਉਣ ਵਾਸਤੇ ਸਾਲ-2009 ਵਿਚ ਫਰੀਦਕੋਟ ਜ਼ਿਲੇ ਦੇ ਪਿੰਡ ਚਹਿਲ ਵਿਖੇ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਦੀ ਸਥਾਪਨਾ ਕੀਤੀ ਸੀ। ਸੈਂਟਰ ਦੀ ਸ਼ੁਰੂਆਤ ਮੌਕੇ ਇੱਥੇ ਸਿਰਫ 10 ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਸਨ। ਹੁਣ ਇਨ੍ਹਾਂ ਕੋਰਸਾਂ ਦੀ ਗਿਣਤੀ ਵੱਧ ਕੇ 61 ਹੋ ਗਈ ਹੈ। ਸੈਂਟਰ ਦੇ ਫ਼ੈਕਲਟੀ ਮੈਂਬਰ ਜੀਵਨਜੋਤ ਸਿੰਘ ਨੇ ਦੱਸਿਆ ਕਿ 18 ਤੋਂ 45 ਸਾਲ ਦੀ ਉਮਰ ਤੱਕ ਦੇ ਲਡ਼ਕਿਆਂ ਤੇ ਲਡ਼ਕੀਆਂ ਨੂੰ 7 ਦਿਨ ਤੋਂ ਲੈ ਕੇ 45 ਦਿਨਾਂ ਵਾਲੇ ਕੋਰਸ ਕਰਵਾਏ ਜਾਂਦੇ ਹਨ। ਇਨ੍ਹਾਂ ਕੋਰਸਾਂ ਦੀ ਸਿਖਲਾਈ ਤੋਂ ਬਾਅਦ ਨੌਜਵਾਨ ਆਪਣਾ ਕੰਮ ਸ਼ੁਰੂ ਕਰਦੇ ਹਨ। ਸੈਂਟਰ ਦੇ ਹੈੱਡ ਅਤੇ ਡਾਇਰੈਕਟਰ ਅਮਨ ਅਨੰਦ ਦੇ ਦੱਸਿਆ ਕਿ ਲੋਡ਼ਵੰਦ ਨੌਜਵਾਨਾਂ ਦੀ ਸਹਾਇਤਾ ਕਰਦਿਆਂ ਉਨ੍ਹਾਂ ਨੂੰ ਬਹੁਤ ਘੱਟ ਵਿਅਜ ’ਤੇ ਬੈਂਕਾਂ ਤੋਂ ਲੋਨ ਦਿਵਾ ਕੇ ਕੰਮ ਸ਼ੁਰੂ ਕਰਵਾਇਆ ਜਾਂਦਾ ਹੈ। ਸਾਲ 2009 ਤੋਂ ਲੈ ਕੇ ਹੁਣ ਤੱਕ ਸਿਖਲਾਈ ਦੇ 166 ਬੈਚ ਪੂਰੇ ਹੋ ਚੁੱਕੇ ਹਨ। ਇਨ੍ਹਾਂ ਬੈਚਾਂ ’ਚ 4491 ਨੌਜਵਾਨਾਂ ਨੇ ਸਿਖਲਾਈ ਪ੍ਰਾਪਤ ਕੀਤੀ ਹੈ। ਇਸ ਸੈਂਟਰ ’ਚ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਵਿਦਿਆਰਥੀਆਂ ਨੂੰ ਰਿਹਾਇਸ਼, ਬਰੇਕ ਫ਼ਾਸਟ, ਲੰਚ, ਬੱਸ ਦੀ ਸਹੂਲਤ ਵੀ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।
ਬਾਕਸਿੰਗ ਮੁਕਾਬਲਿਆਂ ’ਚ ਖਿਡਾਰੀਆਂ ਨੇ ਜਿੱਤੇ ਚਾਂਦੀ ਤੇ ਕਾਂਸੇ ਦੇ ਤਮਗੇ
NEXT STORY